ਲੋਕ ਸਭਾ ਚੋਣਾਂ: ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ
ਨਵੀਂ ਦਿੱਲੀ, 26 ਦਸੰਬਰ
ਚੋਣ ਕਮਿਸ਼ਨ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਦੇ ਸ਼ੁਰੂ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ 64.64 ਕਰੋੜ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ ਜਿਨ੍ਹਾਂ ਵਿੱਚੋਂ ਮਹਿਲਾ ਵੋਟਰਾਂ ਦੀ ਗਿਣਤੀ ਪੁਰਸ਼ਾਂ ਨਾਲੋਂ ਵੱਧ ਰਹੀ। ਚੋਣ ਕਮਿਸ਼ਨ ਨੇ ਕਿਹਾ ਕਿ ਮਹਿਲਾ ਦੀ ਵੋਟ ਫੀਸਦ 65.78, ਜਦਕਿ ਪੁਰਸ਼ਾਂ ਦੀ ਵੋਟ ਫੀਸਦ 65.55 ਰਹੀ। ਚੋਣ ਕਮਿਸ਼ਨ ਨੇ ਕਿਹਾ ਕਿ ਇਸ ਵਾਰ ਚੋਣਾਂ ਲੜਨ ਵਾਲੀਆਂ ਮਹਿਲਾ ਉਮੀਦਵਾਰਾਂ ਦੀ ਗਿਣਤੀ 800 ਰਹੀ, ਜਦਕਿ 2019 ਦੀਆਂ ਚੋਣਾਂ ਵਿੱਚ ਇਹ ਗਿਣਤੀ 726 ਸੀ। ਚੋਣ ਕਮਿਸ਼ਨ ਨੇ ਕਿਹਾ, ‘‘ਖੁਦ ਨੋਟਿਸ ਲੈ ਕੇ ਕੀਤੀ ਗਈ ਇਸ ਪਹਿਲ ਦਾ ਮਕਸਦ ਲੋਕਾਂ ਦਾ ਵਿਸ਼ਵਾਸ ਵਧਾਉਣਾ ਹੈ, ਜੋ ਭਾਰਤੀ ਚੋਣ ਪ੍ਰਣਾਲੀ ਦੀ ਬੁਨਿਆਦ ਹੈ।’’ ਇਹ ਅੰਕੜੇ ਇਨ੍ਹਾਂ ਦੋਸ਼ਾਂ ਦੀ ਪਿੱਠਭੂਮੀ ਵਿੱਚ ਜਾਰੀ ਕੀਤੇ ਗਏ ਹਨ ਕਿ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਦੇ ਅੰਕੜਿਆਂ ਵਿੱਚ ਹੇਰਾਫੇਰੀ ਹੋਈ ਸੀ। ਸੰਸਦੀ ਚੋਣਾਂ ਦੌਰਾਨ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 111 ਔਰਤਾਂ ਚੋਣ ਮੈਦਾਨ ਵਿੱਚ ਸਨ। -ਪੀਟੀਆਈ
ਪੰਜ ਸਾਲਾਂ ਦੌਰਾਨ ਵੋਟਰਾਂ ਦੀ ਗਿਣਤੀ 7.43 ਫੀਸਦ ਵਧੀ
ਅੰਕੜਿਆਂ ਮੁਤਾਬਕ, ਇਸ ਵਾਰ ਕੁੱਲ 97.97 ਕਰੋੜ ਵੋਟਰ ਸਨ, ਜਦੋਂਕਿ ਸਾਲ 2019 ਵਿੱਚ ਇਹ ਗਿਣਤੀ 91.19 ਕਰੋੜ ਤੋਂ ਵੱਧ ਸੀ। ਇਨ੍ਹਾਂ ਪੰਜ ਸਾਲਾਂ ਦੌਰਾਨ ਵੋਟਰਾਂ ਦੀ ਗਿਣਤੀ 7.43 ਫੀਸਦ ਵਧੀ ਹੈ। ਚੋਣ ਕਮਿਸ਼ਨ ਮੁਤਾਬਕ ਸਾਲ 2024 ਵਿੱਚ 64.64 ਕਰੋੜ ਵੋਟਰਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ, ਜਦੋਂਕਿ 2019 ਵਿੱਚ 61.4 ਕਰੋੜ ਵੋਟਰਾਂ ਨੇ ਹੀ ਵੋਟ ਪਾਈ। ਅੰਕੜਿਆਂ ਅਨੁਸਾਰ 13,000 ਤੋਂ ਵੱਧ ਰਜਿਸਟਰਡ ਟਰਾਂਸਜੈਂਡਰ ਵੋਟਰਾਂ (27.09 ਫੀਸਦ) ਨੇ ਵੋਟ ਪਾਈ। ਲਗਪਗ 43 ਲੱਖ ਵੋਟਰਾਂ ਨੇ ਡਾਕ ਰਾਹੀਂ ਵੋਟ ਪਾਉਣ ਦਾ ਬਦਲ ਚੁਣਿਆ। ਅਸਾਮ ਦੇ ਸੰਸਦੀ ਹਲਕੇ ਧੁਬਰੀ ਵਿੱਚ ਸਭ ਤੋਂ ਵੱਧ 92.3 ਫੀਸਦ, ਜਦੋਂਕਿ ਜੰਮੂ ਕਸ਼ਮੀਰ ਦੇ ਸ੍ਰੀਨਗਰ ਵਿੱਚ ਸਭ ਤੋਂ ਘੱਟ 38.7 ਫੀਸਦ ਵੋਟਾਂ ਪਈਆਂ। -ਪੀਟੀਆਈ