For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚੋਂ ਰਲਵਾਂ-ਮਿਲਵਾਂ ਹੁੰਗਾਰਾ

11:25 AM Jun 02, 2024 IST
ਲੋਕ ਸਭਾ ਚੋਣਾਂ  ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚੋਂ ਰਲਵਾਂ ਮਿਲਵਾਂ ਹੁੰਗਾਰਾ
ਪਿੰਡ ਖੁੰਡਾ ਵਿੱਚ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਵੋਟਰ। -ਫੋਟੋ: ਪਸਨਾਵਾਲ
Advertisement

ਨਿੱਜੀ ਪੱਤਰ ਪ੍ਰੇਰਕ
ਗੜ੍ਹਸ਼ੰਕਰ, 1 ਜੂਨ
ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ’ਚ ਪੈਂਦੇ ਗੜ੍ਹਸ਼ੰਕਰ ਵਿੱਚ ਪੋਲਿੰਗ ਬੂਥਾਂ ’ਤੇ ਅੱਜ ਵੋਟਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ। ਖ਼ਬਰ ਲਿਖੇ ਜਾਣ ਤੱਕ ਐੱਸਡੀਐੱਮ ਦਫ਼ਤਰ ਗੜ੍ਹਸ਼ੰਕਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜ ਵਜੇ ਤੱਕ 56% ਦੇ ਕਰੀਬ ਪੋਲਿੰਗ ਸੀ। ਪਿੰਡ ਇਬਰਾਹੀਮਪੁਰ ਤੇ ਕੁੱਝ ਹੋਰ ਪਿੰਡਾਂ ’ਚ ਸਾਰੀਆਂ ਪਾਰਟੀਆਂ ਵੱਲੋਂ ਸਾਂਝੇ ਬੂਥ ਲਾ ਕੇ ਠੰਡੇ ਪਾਣੀ ਦੀ ਛਬੀਲ ਲਾ ਕੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਗਿਆ। ਕੁੱਝ ਥਾਈਂ ਅਕਾਲੀ-ਭਾਜਪਾ ਸਮਰਥਕ ਇਕੱਠੇ ਬੂਥ ਲਾਈ ਬੈਠੇ ਸਨ।
ਕਾਦੀਆਂ (ਪੱਤਰ ਪ੍ਰੇਰਕ): ਗੁਰਦਾਸਪੁਰ ਸੀਟ ਲਈ ਕਾਦੀਆਂ ਸ਼ਹਿਰ ’ਚ 62 ਪ੍ਰਤੀਸ਼ਤ ਵੋਟਾਂ ਪਈਆਂ। ਸੁਪਰਵਾਈਜ਼ਰ ਕਾਦੀਆਂ ਸੈਕਟਰ ਦਿਨੇਸ਼ ਅਬਰੋਲ ਨੇ ਦੱਸਿਆ ਕਿ ਇਹ ਚੋਣਾਂ ਅਮਨ ਅਮਾਨ ਨਾਲ ਨੇਪੜੇ ਚੜ੍ਹੀਆਂ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 139 ਤੇ 399, 140-580, 141-548, 142-628, 143-443, 144-815, 145-551, 146-366, 147-407, 148-445, 149-717, 150-721 ਅਤੇ ਵਾਰਡ 151-726 ਵਿੱਚ ਵੋਟਾਂ ਪਈਆਂ। ਕਾਦੀਆਂ ਵਿੱਚ ਕੁੱਲ 7346 ਵੋਟਾਂ ਪਈਆਂ। ਰਾਜੇਸ਼ ਕੱਕੜ ਡੀਐੱਸਪੀ ਅਤੇ ਬਲਵਿੰਦਰ ਸਿੰਘ ਐੱਸਐੱਚਓ ਕਾਦੀਆਂ ਨੇ ਦੱਸਿਆ ਕਿ ਸ਼ਹਿਰ ਵਿੱਚ ਕਿਸੇ ਵੀ ਕਿਸਮ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।
ਜੰਡਿਆਲਾ ਗੁਰੂ (ਪੱਤਰ ਪ੍ਰੇਰਕ): ਜੰਡਿਆਲਾ ਗੁਰੂ ਵਿੱਚ ਚੋਣਾਂ ਲਈ ਵੋਟਾਂ ਸ਼ਾਂਤੀਪੂਰਨ ਢੰਗ ਨਾਲ ਸਿਰੇ ਚੜ੍ਹੀਆਂ। ਜੰਡਿਆਲਾ ਗੁਰੂ ਵਿੱਚ ਅੱਜ ਤਕਰੀਬਨ 55 ਫੀਸਦੀ ਪੋਲਿੰਗ ਹੋਈ। ਤੇਜ਼ ਗਰਮੀ ਕਾਰਨ ਵੋਟਾਂ ਪਾਉਣ ਦੀ ਰਫ਼ਤਾਰ ਕੁਝ ਮੱਧਮ ਰਹੀ ਪਰ ਇਸ ਦੇ ਬਾਵਜੂਦ ਜੰਡਿਆਲਾ ਗੁਰੂ ਵਿੱਚ 55 ਫੀਸਦੀ ਵੋਟਾਂ ਪਾਈਆਂ ਗਈਆਂ।
ਫਗਵਾੜਾ (ਪੱਤਰ ਪ੍ਰੇਰਕ): ਅੱਜ ਸਵੇਰ ਤੋਂ ਹੀ 7 ਵਜੇ ਪੋਲਿੰਗ ਫਗਵਾੜਾ ਬਲਾਕ ਦੇ ਬੂਥਾ ’ਤੇ ਸਮੇਂ ਸਿਰ ਸ਼ੁਰੂ ਹੋਈ। ਸ਼ਹਿਰ ’ਚ ਅੱਜ ਸਾਰੇ ਬੂਥਾਂ ’ਤੇ ਪ੍ਰਸ਼ਾਸਨ ਵੱਲੋਂ ਚੰਗੇ ਪ੍ਰਬੰਧ ਕੀਤੇ ਹੋਏ ਸਨ ਤੇ ਲੋਕਾਂ ਲਈ ਪਾਣੀ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਹੋਇਆ ਸੀ। ਅੱਜ ਸਵੇਰ ਤੋਂ ਹੀ ਐਸ.ਡੀ.ਐਮ ਜਸ਼ਨਜੀਤ ਸਿੰਘ ਨੇ ਖੁਦ ਬੂਥਾਂ ਦਾ ਦੌਰਾ ਕੀਤਾ ਤੇ ਵੋਟਿੰਗ ਦੇ ਕੰਮ ਦਾ ਜਾਇਜ਼ਾ ਤੇ ਸੁਰੱਖਿਆ ਪ੍ਰਬੰਧਾਂ ਦੀ ਚੈਕਿੰਗ ਕੀਤੀ। ਸ਼ਾਮ 5 ਵਜੇ ਤੱਕ 51 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ। ਦੂਸਰੇ ਪਾਸੇ ਐੱਸ.ਪੀ. ਰੁਪਿੰਦਰ ਕੌਰ ਭੱਟੀ ਨੇ ਖੁਦ ਬੂਥਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਹੁਸ਼ਿਆਰਪੁਰ ਸੀਟ ’ਤੇ ਵੋਟਿੰਗ ਦਾ ਕੰਮ ਨਿਰਵਿਘਨ ਸਮਾਪਤ ਹੋ ਗਿਆ। ਸ਼ਾਮ 6 ਵਜੇ ਵੋਟਿੰਗ ਦਾ ਸਮਾਂ ਖਤਮ ਹੋਣ ਦੇ ਬਾਅਦ ਵੀ ਲੋਕ ਕਈ ਬੂਥਾਂ ’ਤੇ ਖੜ੍ਹੇ ਸਨ ਜਿਨ੍ਹਾਂ ਦੀ ਵੋਟ ਪੋਲ ਹੋਣ ਤੋਂ ਬਾਅਦ ਹੀ ਵੋਟਿੰਗ ਪ੍ਰਕਿਰਿਆ ਖਤਮ ਹੋਈ। ਮਹਿਲਾਵਾਂ ਲਈ ਸੰਚਾਲਕ 7 ਪਿੰਕ ਬੂਥ ਬਣਾਏ ਗਏ ਸਨ। ਇਨ੍ਹਾਂ ਤੋਂ ਇਲਾਵਾ ਤੋਂ 70 ਮਾਡਲ ਤੇ 10 ਗ੍ਰੀਨ ਬੂਥ ਬਣਾਏ ਗਏ ਸਨ। ਜ਼ਿਲ੍ਹਾ ਚੋਣ ਅਧਿਕਾਰੀ ਕੋਮਲ ਮਿੱਤਲ ਨੇ ਦੱਸਿਆ ਕਿ 7 ਵਿਧਾਨ ਸਭਾ ਹਲਕਿਆਂ ਦੀਆਂ ਸੀਲ ਬੰਦ ਮਸ਼ੀਨਾਂ ਨੂੰ ਰਿਆਤ ਬਾਹਰਾ ਕਾਲਜ ਤੇ 2 ਵਿਧਾਨ ਸਭਾ ਹਲਕਿਆਂ ਦੀਆਂ ਮਸ਼ੀਨਾਂ ਨੂੰ ਆਈਟੀਆਈ ਵਿੱਚ ਰੱਖਿਆ ਗਿਆ ਹੈ।
ਨਵਾਂ ਸ਼ਹਿਰ (ਪੱਤਰ ਪ੍ਰੇਰਕ): ਇੱਥੇ ਨਵਾਂ ਸ਼ਹਿਰ, ਬੰਗਾ ਅਤੇ ਬਲਾਚੌਰ ਵਿੱਚ ਵੋਟਾਂ ਪਾਰਦਰਸ਼ੀ, ਨਿਰਪੱਖ ਅਤੇ ਸ਼ਾਂਤਮਈ ਢੰਗ ਨਾਲ ਪਈਆਂ ਜਿਸ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਲੋਕ ਸਭਾ ਹਲਕਾ 06-ਅਨੰਦਪੁਰ ਸਾਹਿਬ ਵਿੱਚ ਸ਼ਾਮ 5 ਵਜੇ ਤੱਕ 54.99 ਫੀਸਦੀ ਵੋਟਿੰਗ ਹੋਈ ਹੈ। ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ 4 ਜੂਨ ਨੂੰ ਦੁਆਬਾ ਕਾਲਜ ਛੋਕਰਾ ਵਿਖੇ ਹੋਵੇਗੀ।
ਗੁਰਾਇਆ (ਨਿੱਜੀ ਪੱਤਰ ਪ੍ਰੇਰਕ): ਗੁਰਾਇਆ ਅਤੇ ਆਸ-ਪਾਸ ਦੇ ਇਲਾਕੇ ਵਿੱਚ ਮਤਦਾਨ ਸ਼ਾਂਤੀਪੂਰਵਕ ਹੋਇਆ। ਪ੍ਰਸ਼ਾਸਨ ਵੱਲੋਂ ਚੋਣਾਂ ਲਈ ਵਿਆਪਕ ਪ੍ਰਬੰਧ ਕੀਤੇ ਹੋਏ ਸਨ। ਸ਼ਹਿਰ ਅਤੇ ਇਲਾਕੇ ਵਿੱਚ 57 ਫ਼ੀਸਦੀ ਵੋਟਾਂ ਪੈਣ ਦੀ ਖ਼ਬਰ ਹੈ। ਪ੍ਰਸ਼ਾਸਨ ਵੱਲੋਂ ਮਿੱਠੇ ਸ਼ਰਬਤ ਦੀ ਛਬੀਲ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਦੀਨਾਨਗਰ (ਪੱਤਰ ਪ੍ਰੇਰਕ): ਦੀਨਾਨਗਰ ਹਲਕੇ ਅੰਦਰ ਕੁੱਲ 62 ਫ਼ੀਸਦੀ ਦੇ ਕਰੀਬ ਵੋਟ ਪੋਲਿੰਗ ਹੋਣ ਦੀ ਸੂਚਨਾ ਹੈ। ਇੱਥੇ ਚੋਣਾਂ ਅਮਨ ਅਮਾਨ ਨਾਲ ਸਿਰੇ ਚੜ੍ਹੀਆਂ ਅਤੇ ਕਿਤੇ ਵੀ ਕੋਈ ਅਣਸੁਖ਼ਾਵੀਂ ਘਟਨਾ ਵਾਪਰ ਦੀ ਖ਼ਬਰ ਨਹੀਂ ਆਈ। ਲੋਕਾਂ ਨੂੰ ਗਰਮੀ ਤੋਂ ਰਾਹਤ ਦੇਣ ਲਈ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਅਤੇ ਸ਼ਾਂਤੀ ਦੇਵੀ ਕਾਲਜ ਸਮੇਤ ਕੁਝ ਹੋਰ ਥਾਵਾਂ ’ਤੇ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਦਾ ਪ੍ਰਬੰਧ ਦੇਖਣ ਨੂੰ ਮਿਲਿਆ। ਇੱਥੇ ਅੰਗਹੀਣ ਅਭਿਨਵ ਮਹਾਜਨ ਤੇ ਮਦਨ ਗੋਪਾਲ ਨੇ ਪਰਿਵਾਰ ਦੀ ਮਦਦ ਨਾਲ ਆਪਣੀ ਵੋਟ ਪਾਈ। ਪਿੰਡ ਅਵਾਂਖਾ ਅਤੇ ਸਰਕਾਰੀ ਕੰਨਿਆਂ ਸਕੂਲ ਦੇ ਇੱਕ ਇੱਕ ਬੂਥ ’ਤੇ ਤਕਨੀਕੀ ਖ਼ਰਾਬੀ ਕਾਰਨ ਈਵੀਐੱਮਜ਼ ਬੰਦ ਹੋ ਗਈਆਂ।

Advertisement

ਛਬੀਲਾਂ ਲਈ ਆਂਗਣਵਾੜੀ ਵਰਕਰਾਂ ਨੂੰ ਖੰਡ ਤੇ ਬਰਫ਼ ਦਾ ਪ੍ਰਬੰਧ ਖ਼ੁਦ ਕਰਨਾ ਪਿਆ

ਧਾਰੀਵਾਲ (ਪੱਤਰ ਪ੍ਰੇਰਕ): ਲੋਕ ਸਭਾ ਚੋਣਾਂ ਦਾ ਕੰਮ ਸ਼ਹਿਰ ਧਾਰੀਵਾਲ ਅਤੇ ਇਲਾਕੇ ਦੇ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧਾਂ ਹੇਠ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹ ਗਿਆ। ਧਾਰੀਵਾਲ ਇਲਾਕੇ ਵਿੱਚ ਕੁੱਲ ਮਿਲਾ ਕੇ ਕਰੀਬ 64 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ। ਛੋਟੇ ਪਿੰਡਾਂ ਵਿੱਚ ਵੋਟਾਂ ਪਾਉਣ ਦਾ ਕੰਮ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਨਿਬੜ ਗਿਆ, ਜਦਕਿ ਵੱਡੇ ਪਿੰਡਾਂ ਵਿੱਚ ਸ਼ਾਮ ਛੇ ਵਜੇ ਤੱਕ ਵੀ ਬੂਥਾਂ ’ਤੇ ਖੜ੍ਹੇ ਲੋਕ ਕਤਾਰਾਂ ਵਿੱਚ ਖੜ੍ਹੇ ਆਪਣੀ ਵੋਟ ਪਾਉਣ ਵਾਰੀ ਦੀ ਉਡੀਕ ਕਰ ਰਹੇ ਸਨ। ਆਂਗਣਵਾੜੀ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਬੂਥਾਂ ਉਪਰ ਸਾਰਾ ਦਿਨ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ। ਛਬੀਲ ਲਈ ਮਾਰਕਫੈੱਡ ਵੱਲੋਂ ਹਰੇਕ ਬੂਥ ਲਈ ਪੰਜ ਬੋਤਲਾਂ ਭੇਜੀਆਂ ਗਈਆਂ, ਪਰ ਖੰਡ ਅਤੇ ਬਰਫ ਦਾ ਪ੍ਰਬੰਧ ਛਬੀਲ ਲਈ ਆਂਗਣਵਾੜੀ ਵਰਕਰਾਂ ਨੂੰ ਆਪਣੇ ਤੌਰ ’ਤੇ ਕਰਨਾ ਪਿਆ।

Advertisement
Author Image

Advertisement
Advertisement
×