ਲੋਕ ਸਭਾ ਚੋਣਾਂ: ਲੁਧਿਆਣਾ ਪੁਲੀਸ ਨੇ ਸ਼ਹਿਰ ’ਚ ਫਲੈਗ ਮਾਰਚ ਕੀਤਾ
ਗਗਨਦੀਪ ਅਰੋੜਾ
ਲੁਧਿਆਣਾ, 1 ਅਪਰੈਲ
ਲੋਕ ਸਭਾ ਚੋਣਾਂ ਲਈ ਲੋਕਾਂ ਦੇ ਮਨਾਂ ਵਿੱਚ ਸੁਰੱਖਿਆ ਭਾਵਨਾ ਭਰਨ ਦੇ ਲਈ ਅੱਜ ਲੁਧਿਆਣਾ ਵਿੱਚ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਆਪਣੀ ਪੂਰੀ ਪੁਲੀਸ ਫੋਰਸ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਉਤਰੇ। ਦੋ ਕਿਲੋਮੀਟਰ ਦੇ ਕਰੀਬ ਪੂਰੀ ਪੁਲੀਸ ਫੋਰਸ ਪੈਦਲ ਅਤੇ ਉਸ ਤੋਂ ਬਾਅਦ ਸਾਰਾ ਕਾਫ਼ਲਾ ਗੱਡੀਆਂ ’ਚ ਸਵਾਰ ਹੋ ਗਿਆ। ਇਸ ਤੋਂ ਬਾਅਦ ਵੱਖ-ਵੱਖ ਇਲਾਕਿਆਂ ’ਚੋਂ ਹੁੰਦੇ ਹੋਏ ਕਰੀਬ ਦੋ ਘੰਟੇ ਬਾਅਦ ਫਲੈਗ ਮਾਰਚ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਖ਼ਤਮ ਹੋਇਆ। ਫਲੈਗ ਮਾਰਚ ਦੀ ਅਗਵਾਈ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਖ਼ੁਦ ਕਰ ਰਹੇ ਸਨ। ਇਸ ਫਲੈਗ ਮਾਰਚ ’ਚ ਕਰੀਬ 300 ਤੋਂ 400 ਦੇ ਕਰੀਬ ਅਧਿਕਾਰੀ ਅਤੇ ਮੁਲਾਜ਼ਮ ਸ਼ਾਮਲ ਹੋਏ।
ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਪਹਿਲੀ ਜੂਨ ਨੂੰ ਸ਼ਹਿਰ ’ਚ ਵੋਟਾਂ ਪੈਣੀਆਂ ਹਨ ਜਿਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਚੋਣ ਜ਼ਾਬਤੇ ਕਾਰਨ ਸ਼ਹਿਰ ਦੀ ਸੁਰੱਖਿਆ ਵੀ ਪੂਰੀ ਤਰ੍ਹਾਂ ਚੁਸਤ ਹੈ। ਚੋਣਾਂ ਲਈ ਪੁਲੀਸ ਦੀ ਪੂਰੀ ਤਿਆਰੀ ਹੈ। ਸ਼ਹਿਰ ’ਚ ਅਮਨ ਸ਼ਾਂਤੀ ਕਾਇਮ ਰੱਖਣ ਲਈ ਅਤੇ ਕਾਨੂੰਨ ਵਿਵਸਥਾ ਸਹੀ ਢੰਗ ਨਾਲ ਰਹੇ, ਇਸ ਲਈ ਫਲੈਗ ਮਾਰਚ ਕੀਤੇ ਜਾ ਰਹੇ ਹਨ। ਇਸ ਨਾਲ ਸ਼ਹਿਰ ਦੇ ਲੋਕਾਂ ਨੂੰ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਨਿਡਰ ਹੋ ਕੇ ਚੋਣਾਂ ’ਚ ਹਿੱਸਾ ਲੈਣ ਅੇਤ ਮਾਹੌਲ ਖ਼ਰਾਬ ਕਰਨ ਵਾਲੇ ਦੂਰ ਰਹਿਣ। ਕਈ ਥਾਂਵਾਂ ’ਤੇ ਨਾਕੇਬੰਦੀ ਕੀਤੀ ਜਾ ਰਹੀ ਹੈ ਤੇ ਪੈਰਾ ਮਿਲਟਰੀ ਫੋਰਸ ਵੀ ਜ਼ਿਲ੍ਹਾ ਪੁਲੀਸ ਦੇ ਬਰਾਮਦ ਕੰਮ ਕਰਨ ’ਚ ਲੱਗੀ ਹੋਈ ਹੈ। ਕਿਸੇ ਨੂੰ ਵੀ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਫਲੈਗ ਮਾਰਚ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰੋਂ ਸ਼ੁਰੂ ਹੋਇਆ। ਇੱਥੇ ਪੁਲੀਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨਾਲ ਜੇਸੀਪੀ ਜਸਕਿਰਨਜੀਤ ਸਿੰਘ ਤੇਜਾ, ਏਡੀਸੀਪੀ ਰਮਨਦੀਪ ਸਿੰਘ ਭੁੱਲਰ, ਏਡੀਸੀਪੀ ਅਮਨਦੀਪ ਸਿੰਘ ਬਰਾੜ, ਏਡੀਸੀਪੀ ਅਭੀਮਨਿਊ ਰਾਣਾ ਤੇ ਹੋਰ ਪੁਲੀਸ ਅਧਿਕਾਰੀਆਂ ਦੇ ਨਾਲ ਨਾਲ ਸਾਰੇ ਥਾਣਿਆਂ ਅਤੇ ਸਾਰੀਆਂ ਚੌਕੀਆਂ ਦੇ ਪੁਲੀਸ ਕਰਮੀ ਹਾਜ਼ਰ ਸਨ।
ਪੁਲੀਸ ਕਮਿਸ਼ਨਰ ਦਫ਼ਤਰ ਤੋਂ ਪੈਦਲ ਹੀ ਸਾਰੇ ਅਧਿਕਾਰੀ ਅਤੇ ਕਰਮੀ ਚੱਲਦੇ ਗਏ। ਉਸ ਤੋਂ ਬਾਅਦ ਭਾਈ ਬਾਲਾ ਚੌਂਕ, ਘੂਮਾਰ ਮੰਡੀ, ਆਰਤੀ ਚੌਂਕ ਤੱਕ ਪੈਦਲ ਫਲੈਗ ਮਾਰਚ ਕਰਨ ਉਪਰੰਤ ਅਧਿਕਾਰੀ ਅਤੇ ਕਰਮੀ ਗੱਡੀਆਂ ’ਚ ਸਵਾਰ ਹੋ ਕੇ ਫਲੈਗ ਮਾਰਚ ਕਰਦੇ ਹੋਏ ਸੱਗੂ ਚੌਂਕ ਰਾਹੀਂ ਕਾਲਜ ਰੋਡ ਤੋਂ ਪਵੇਲੀਅਨ ਮਾਲ, ਉਥੋਂ ਫੁਆਰਾ ਚੌਂਕ, ਮਾਤਾ ਰਾਣੀ ਚੌਂਕ ਹੁੰਦੇ ਹੋਏ ਪੁਲੀਸ ਕਮਿਸ਼ਨਰ ਦਫ਼ਤਰ ਦੇ ਬਾਹਰ ਜਾ ਕੇ ਫਲੈਗ ਮਾਰਚ ਖਤਮ ਹੋਇਆ।
ਪੁਲੀਸ ਨੇ ਨਾਕਿਆਂ ’ਤੇ ਚੌਕਸੀ ਵਧਾਈ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਇੱਥੋਂ ਦੀ ਪੁਲੀਸ ਨੇ ਲੋਕ ਸਭਾ ਚੋਣਾਂ ਅਤੇ ਰਮਜ਼ਾਨ ਮਹੀਨੇ ਦੇ ਚੱਲਦਿਆਂ ਐੱਸਐੱਸਪੀ ਮਾਲੇਰਕੋਟਲਾ ਸਿਮਰਤ ਕੌਰ ਦੀ ਅਗਵਾਈ ਹੇਠ ਵੱਖ-ਵੱਖ ਥਾਈਂ ਨਾਕੇ ਲਗਾਉਣ ਅਤੇ ਦਿਨ ਰਾਤ ਦੀ ਗਸ਼ਤ ਤੇਜ਼ ਕਰਨ ਤੋਂ ਇਲ਼ਾਵਾ ਪੈਰਾ ਮਿਲਟਰੀ ਫੋਰਸ ਨੂੰ ਨਾਲ ਲੈ ਕੇ ਵਿਆਪਕ ਫਲੈਗ ਮਾਰਚ ਵੀ ਕੀਤਾ ਗਿਆ ਹੈ। ਪ੍ਰਾਈਵੇਟ ਤੇ ਜਨਤਕ ਸਥਾਨਾਂ ’ਤੇ ਵੱਡੀਆਂ ਇਫਤਾਰ ਪਾਰਟੀਆਂ ਅਤੇ ਧਾਰਮਿਕ ਸਮਾਗਮਾਂ ਦੇ ਮੱਦੇਨਜ਼ਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਵਾਧੂ ਚੌਕਸੀ ਦੀ ਲੋੜ ਹੋਰ ਵੀ ਵਧ ਗਈ ਸੀ। ਐੱਸਐੱਸਪੀ ਸਿਮਰਤ ਕੌਰ ਨੇ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਦੇ ਅਮਰਗੜ੍ਹ ਦੇ ਇਲਾਕੇ ਵਿੱਚ ਰਮਜ਼ਾਨ ਸਣੇ ਤਿਉਹਾਰਾਂ ਦੇ ਸੀਜ਼ਨ ਦੌਰਾਨ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖ਼ਾਤਮੇ ਲਈ ਪੁਲੀਸ ਨੇ ਵਾਧੂ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿ ਭਾਵੇਂ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਹੀ ਲੋੜੀਂਦੇ ਪ੍ਰਬੰਧ ਕੀਤੇ ਹੋਏ ਹਨ ਪਰ ਵੋਟਰਾਂ ਵਿੱਚ ਵਿਸ਼ਵਾਸ ਵਧਾਉਣ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਭਜਾਉਣ ਦੇ ਇਰਾਦੇ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਵਧਾ ਦਿੱਤਾ ਗਿਆ ਹੈ। ਸਪੈਸ਼ਲ ਨਾਕਿਆਂ ਲਈ ਅਤੇ ਗਸ਼ਤ ਨੂੰ ਵਧਾਉਣ ਲਈ ਇੱਕ ਵਿਸ਼ੇਸ਼ ਰੋਸਟਰ ਤਿਆਰ ਕੀਤਾ ਹੈ ਜਿਸ ਅਨੁਸਾਰ ਨਸ਼ਿਆਂ ਆਦਿ ਦੀ ਤਸਕਰੀ ਲਈ ਜਾਣੇ ਜਾਂਦੇ ਖੇਤਰਾਂ ਵਿੱਚ ਵਾਧੂ ਫੋਰਸ ਲਗਾਈ ਜਾਵੇਗੀ। ਡੀਐੱਸਪੀ ਗੁਰਦੇਵ ਸਿੰਘ ਨੇ ਦੱਸਿਆ ਕਿ ਡੀਐੱਸਪੀ ਰਣਜੀਤ ਸਿੰਘ ਬੈਂਸ ਤੇ ਡੀਐੱਸਪੀ ਕਰਮਜੀਤ ਸਿੰਘ ਤੋਂ ਇਲਾਵਾ ਐੱਸਐੱਚਓ ਸੁਖਪਾਲ ਕੌਰ ਤੇ ਸੁਰਿੰਦਰ ਭੱਲਾ ਦੀ ਅਗਵਾਈ ਕਰੀਬ ਡੇਢ ਸੌ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਪਿੰਡਾਂ ਵਿਚ ਵੀ ਫਲੈਗ ਮਾਰਚ ਕੀਤਾ।