For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਤਿਵਾੜੀ ਪਿੰਡਾਂ ਤੇ ਟੰਡਨ ਸੈਕਟਰਾਂ ਵਿੱਚੋਂ ਮੋਹਰੀ

08:41 AM Jun 06, 2024 IST
ਲੋਕ ਸਭਾ ਚੋਣਾਂ  ਤਿਵਾੜੀ ਪਿੰਡਾਂ ਤੇ ਟੰਡਨ ਸੈਕਟਰਾਂ ਵਿੱਚੋਂ ਮੋਹਰੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜੂਨ
ਲੋਕ ਸਭਾ ਹਲਕਾ ਚੰਡੀਗੜ੍ਹ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ 2504 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਹਨ। ‘ਇੰਡੀਆ’ ਗਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਚੰਡੀਗੜ੍ਹ ਦੇ ਪਿੰਡਾਂ ਤੇ ਕਲੋਨੀਆਂ ਵਿੱਚ ਦਬਦਬਾ ਬਨਾਉਣ ਵਿੱਚ ਕਾਮਯਾਬ ਰਹੇ ਹਨ, ਜਦੋਂ ਕਿ ਤਿਵਾੜੀ ਨੂੰ ਸੈਕਟਰਾਂ ਵਿੱਚ ਬਹੁਤੀਆਂ ਵੋਟਾਂ ਨਹੀਂ ਪਈਆਂ। ਦੂਜੇ ਪਾਸੇ ਪਿਛਲੇ ਲੰਬੇ ਸਮੇਂ ਤੋਂ ਚੰਡੀਗੜ੍ਹ ਦੀ ਸੇਵਾ ਵਿੱਚ ਲੱਗੇ ਭਾਜਪਾ ਉਮੀਦਵਾਰ ਸੰਜੇ ਟੰਡਨ ਸਿਰਫ਼ ਸੈਕਟਰਾਂ ਵਿੱਚ ਹੀ ਮੋਹਰੀ ਰਹਿ ਸਕੇ ਹਨ, ਜਦੋਂ ਕਿ ਉਹ ਕਲੋਨੀਆਂ ਤੇ ਪਿੰਡਾਂ ਵਿੱਚ ਪਿੱਛੇ ਰਹੇ ਹਨ। ਸੈਕਟਰ-7, 19, 23, 24, 26 ਤੇ ਸੈਕਟਰ-12 (ਪੀਜੀਆਈ ਤੇ ਪੰਜਾਬ ਇੰਜਨੀਅਰਿੰਗ ਕਾਲਜ) ਅਤੇ ਸੈਕਟਰ-14 (ਪੰਜਾਬ ਯੂਨੀਵਰਸਿਟੀ) ਵਿੱਚ ਰਹਿੰਦੇ ਵੱਡੀ ਗਿਣਤੀ ਵਿੱਚ ਸਰਕਾਰੀ ਮੁਲਾਜ਼ਮਾਂ ਨੇ ਵੀ ਤਿਵਾੜੀ ਨੂੰ ਵੋਟਾਂ ਪਾਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਹਲਕਾ ਚੰਡੀਗੜ੍ਹ ਦੀਆਂ 1 ਜੂਨ ਨੂੰ ਪਈਆਂ ਵੋਟਾਂ ਵਿੱਚ ਸ਼ਹਿਰ ਦੇ ਕੁੱਲ 614 ਬੂਥਾਂ ਵਿੱਚੋਂ 340 ਬੂਥਾਂ ’ਤੇ ਅੱਗੇ ਰਹਿਣ ਦੇ ਬਾਵਜੂਦ ਭਾਜਪਾ ਉਮੀਦਵਾਰ ਸੰਜੇ ਟੰਡਨ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਦੋਂ ਕਿ ਮਨੀਸ਼ ਤਿਵਾੜੀ ਰਹਿੰਦੇ ਬੂਥਾਂ ਵਿੱਚ ਅੱਗੇ ਰਹਿਣ ਨਾਲ ਵੀ 2504 ਵੋਟਾਂ ਦੇ ਫਰਕ ਨਾਲ ਜਿੱਤ ਗਏ। ਚੋਣ ਕਮਿਸ਼ਨ ਤੋਂ ਮਿਲੇ ਅੰਕੜਿਆਂ ਅਨੁਸਾਰ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਪਿੰਡ ਮਲੋਆ, ਬਡਹੇੜੀ, ਡੱਡੂਮਾਜਰਾ, ਸਾਰੰਗਪੁਰ, ਖੁੱਡਾ ਲਾਹੌਰਾ, ਖੁੱਡਾ ਅਲੀਸ਼ੇਰ ਅਤੇ ਖੁੱਡਾ ਜੱਸੂ ਵਿੱਚ ਚੰਗੀਆਂ ਵੋਟਾਂ ਨਾਲ ਅੱਗੇ ਰਹੇ ਹਨ। ਦੂਜੇ ਪਾਸੇ ਭਾਜਪਾ ਉਮੀਦਵਾਰ ਸੰਜੇ ਟੰਡਨ ਪਿੰਡ ਧਨਾਸ, ਕਿਸ਼ਨਗੜ੍ਹ, ਹੱਲੋਮਾਜਰਾ, ਬੁੜ੍ਹੇਲ, ਬਹਿਲਾਣਾ, ਕਜ਼ੇਹੜੀ, ਦੜੂਆ, ਰਾਏਪੁਰ ਖੁਰਦ ਦੇ ਇਲਾਕੇ ਵਿੱਚ ਅੱਗੇ ਰਹੇ ਹਨ।
ਤਿਵਾੜੀ ਨੂੰ ਸੈਕਟਰ-25 ਦੀ ਕਲੋਨੀ, ਰਾਮਦਰਬਾਰ, ਡੱਡੂਮਾਜਰਾ ਕਲੋਨੀ, ਮਲੋਆ ਕਲੋਨੀ ਅਤੇ ਬਾਪੂ ਧਾਮ ਕਲੋਨੀ ਵਿੱਚ ਵੀ ਚੰਗੀ ਲੀਡ ਮਿਲੀ ਹੈ। ਉੱਧਰ ਤਿਵਾੜੀ ਨੇ ਸੈਕਟਰ-4, 8, 9, 10, 11, 28, 46, 52, 53 ਤੇ 54 ਸਣੇ ਹੋਰਨਾਂ ਕਈ ਸੈਕਟਰਾਂ ਵਿੱਚ ਚੰਗੀਆਂ ਵੋਟਾਂ ਮਿਲੀਆਂ ਹਨ। ਦੂਜੇ ਪਾਸੇ ਸੰਜੇ ਟੰਡਨ ਨੂੰ ਹਾਊਸਿੰਗ ਕੰਪਲੈਕਸ ਧਨਾਸ, ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਅਤੇ ਇੰਡਸਟਰੀਅਲ ਏਰੀਆ ਵਿੱਚ ਭਾਰੀ ਬਹੁਮਤ ਮਿਲਿਆ ਹੈ। ਇਸੇ ਤਰ੍ਹਾਂ ਟੰਡਨ ਨੂੰ ਸੈਕਟਰ-15, 18, 19, 21, 22, 31, 32, 37, 40, 41, 42, 43, 44, 45, 47, 48, 49, 50 ਅਤੇ 63 ਵਿੱਚੋਂ ਭਾਰੀ ਬਹੁਮਤ ਮਿਲਿਆ ਹੈ। ਹਾਲਾਂਕਿ ਮੌਲੀ ਜੱਗਰਾਂ ਵਿੱਚ ਦੋਵਾਂ ਨੂੰ ਬਰਾਬਰ ਵੋਟਾਂ ਪਈਆਂ ਹਨ।
ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਕੁੱਲ 6.53 ਲੱਖ ਵੋਟਰਾਂ ਵਿੱਚੋਂ 4.48 ਲੱਖ ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਸੀ।
ਇਸ ਵਿੱਚੋਂ ਮਨੀਸ਼ ਤਿਵਾੜੀ ਨੂੰ 2,16,657 ਵੋਟਾਂ ਅਤੇ ਸੰਜੇ ਟੰਡਨ ਨੂੰ 2,14,153 ਵੋਟਾਂ ਪਈਆਂ ਸਨ। ਹਾਲਾਂਕਿ 2912 ਜਣਿਆਂ ਨੇ ਨੋਟਾ ਦੀ ਵਰਤੋਂ ਕੀਤੀ ਹੈ। ਚੰਡੀਗੜ੍ਹ ਵਿੱਚ ਕੁੱਲ 835 ਪੋਸਟਲ ਬੈਲੇਟ ਵਿੱਚੋਂ 307 ਮਨੀਸ਼ ਤਿਵਾੜੀ ਨੂੰ ਅਤੇ 383 ਸੰਜੇ ਟੰਡਨ ਨੂੰ ਪਈਆਂ ਹਨ।

Advertisement

Advertisement
Author Image

sukhwinder singh

View all posts

Advertisement
Advertisement
×