ਲੋਕ ਸਭਾ ਚੋਣਾਂ: ਖੜਗੇ ਵੱਲੋਂ ਛੇ ਉੱਤਰ-ਪੂਰਬੀ ਸੂਬਿਆਂ ਦੇ ਆਗੂਆਂ ਨਾਲ ਮੁਲਾਕਾਤ
ਨਵੀਂ ਦਿੱਲੀ, 15 ਜੁਲਾਈ
ਆਉਦੀਆਂ 2024 ਦੀਆਂ ਲੋਕ ਸਭਾ ਚੋਣਾਂ ਦੀ ਰਣਨੀਤੀ ਬਣਾਉਣ ਲਈ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਵੱਲੋਂ ਅੱਜ ਛੇ ਉੱਤਰ-ਪੂਰਬੀ ਸੂਬਿਆਂ ਦੇ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਖੜਗੇ ਨੇ ਦੋਸ਼ ਲਾਇਆ ਕਿ ਸਰਕਾਰ ਦੀ ‘ਐਕਟ ਈਸਟ’ ਪਾਲਿਸੀ ‘ਐਕਟ ਲੀਸਟ’ (ਕੰਮ ਘੱਟ ਕਰਨਾ) ਪਾਲਿਸੀ ਬਣ ਕੇ ਰਹਿ ਗਈ ਹੈ। ਮੀਟਿੰਗ ਦੌਰਾਨ ਮੇਘਾਲਿਆ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਤ੍ਰਿਪੁਰਾ ਤੇ ਸਿੱਕਮ ਦੇ ਆਗੂਆਂ ਨੇ ਮਨੀਪੁਰ ਵਿੱਚ ਵਿਗੜੇ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ। ਜ਼ਿਕਰਯੋਗ ਹੈ ਕਿ ਮਨੀਪੁਰ ਵਿੱਚ ਮਈ ਤੋਂ ਕੁੱਕੀ ਤੇ ਮੈਤੇਈ ਭਾਈਚਾਰਿਆਂ ਵਿੱਚ ਹਿੰਸਕ ਝੜਪਾਂ ਹੋ ਰਹੀਆਂ ਹਨ। ਖੜਗੇ ਮਿਜ਼ੋਰਮ ਦੇ ਆਗੂਆਂ ਨੂੰ ਤਾਂ ਪਹਿਲਾਂ ਹੀ ਮਿਲ ਚੁੱਕੇ ਹਨ ਅਤੇ ਹੁਣ ਉਹ ਛੇਤੀ ਹੀ ਅਸਾਮ ਦੇ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਇੱਥੇ ਏਆਈਸੀਸੀ ਦੇ ਮੁੱਖ ਦਫ਼ਤਰ ਵਿੱਚ ਹੋਈ ਮੀਟਿੰਗ ਵਿੱਚ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਕੇਸੀ ਵੇਣੂਗੋਪਾਲ, ਏਆਈਸੀਸੀ ਦੇ ਸਿੱਕਮ, ਤ੍ਰਿਪੁਰਾ ਤੇ ਨਾਗਾਲੈਂਡ ਦੇ ਇੰਚਾਰਜ ਅਜੋਏ ਕੁਮਾਰ, ਏਆਈਸੀਸੀ ਦੇ ਮਨੀਪੁਰ ਇੰਚਾਰਜ ਇਬੋਬੀ ਸਿੰਘ ਤੇ ਸੂਬਾਈ ਇਕਾਈਆਂ ਦੇ ਪ੍ਰਧਾਨ ਸ਼ਾਮਲ ਹੋਏ। ਆਗੂਆਂ ਦੱਸਿਆ ਕਿ ਸਿਹਤ ਨਾਸਾਜ਼ ਹੋਣ ਕਾਰਨ ਰਾਹੁਲ ਗਾਂਧੀ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਖੜਗੇ ਨੇ ਟਵੀਟ ਰਾਹੀਂ ਦੋਸ਼ ਲਾਇਆ ਕਿ ਸਰਕਾਰ ਦੀ ‘ਐਕਟ ਈਸਟ’ ਪਾਲਿਸੀ ਉੱਤਰ-ਪੂਰਬੀ ਸੂਬਿਆਂ ਲਈ ‘ਐਕਟ ਲੀਸਟ’ ਪਾਲਿਸੀ ਬਣ ਗਈ ਹੈ। ਉਨ੍ਹਾਂ ਕਿਹਾ,‘ਭਾਰਤ, ਅੱਜ ਭਾਜਪਾ ਦੀਆਂ ਫੁੱਟ ਪਾਊ ਨੀਤੀਆਂ ਦਾ ਗਵਾਹ ਹੈ। ਭਾਈਚਾਰਿਆਂ ਨੂੰ ਇਕ ਦੂਜੇ ਵਿਰੁੱਧ ਖੜ੍ਹਾ ਕਰ ਦਿੱਤਾ ਗਿਆ ਹੈ। ਬੋਲਣ ਦੀ ਆਜ਼ਾਦੀ ’ਤੇ ਖਤਰਾ ਮੰਡਰਾ ਰਿਹਾ ਹੈ ਅਤੇ ਬੁਨਿਆਦੀ ਅਧਿਕਾਰਾਂ ’ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ।’ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਾਬਕਾ ਕਾਂਗਰਸ ਸਰਕਾਰ ਵੱਲੋਂ ਅਮਨ, ਬਰਾਬਰੀ ਤੇ ਪ੍ਰਗਤੀ ਦੀ ਰੱਖੀ ਮਜ਼ਬੂਤ ਨੀਂਹ ਨੂੰ ਨੀਤੀਗਤ ਢੰਗ ਨਾਲ ਢਹਿ-ਢੇਰੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ,‘ਕਾਂਗਰਸ ਵੱਲੋਂ ਉੱਤਰ-ਪੂਰਬ ਵਿੱਚ ਲਾਗੂ ਕੀਤੇ ਗਏ ਪ੍ਰਾਜੈਕਟਾਂ ਤੋਂ ਭਾਜਪਾ ਫਰਜ਼ੀ ਲਾਹਾ ਖੱਟ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਰ ਵਰਕਰ ਤੇ ਆਗੂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਾਰਿਆਂ ਨੂੰ ਇਕਜੁੱਟ ਕਰਨ। ਖੜਗੇ ਨੇ ਕਿਹਾ,‘ਉੱਤਰ-ਪੂਰਬ ਵਿੱਚ ਬੂਥ ਪੱਧਰ ’ਤੇ ਲੋਕਾਂ ਤੱਕ ਪਹੁੰਚ ਬਣਾਈ ਜਾਵੇ ਅਤੇ ਆਪਣੇ ਲੋਕਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਜਾਵੇ।’ ਉਨ੍ਹਾਂ ਪਾਰਟੀ ਵਰਕਰਾਂ ਤੇ ਆਗੂਆਂ ਨੂੰ 2024 ਦੀਆਂ ਚੋਣਾਂ ਲਈ ਕਮਰਕੱਸੇ ਕਰਨ ਦੀ ਅਪੀਲ ਕੀਤੀ। -ਪੀਟੀਆਈ