For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਪਿੰਡਾਂ ਦੀਆਂ ਸੱਥਾਂ ’ਚ ਚੋਣ ਪਿੜ ਬੱਝਣ ਲੱਗੇ

08:43 AM May 14, 2024 IST
ਲੋਕ ਸਭਾ ਚੋਣਾਂ  ਪਿੰਡਾਂ ਦੀਆਂ ਸੱਥਾਂ ’ਚ ਚੋਣ ਪਿੜ ਬੱਝਣ ਲੱਗੇ
ਲੋਕ ਸਭਾ ਚੋਣ ਬਾਰੇ ਚਰਚਾ ਕਰਦੇ ਹੋਏ ਪਿੰਡ ਮੁਬਾਰਕਪੁਰ ਚੂੰਘਾਂ ਦੇ ਪਤਵੰਤੇ।
Advertisement

ਹੁਸ਼ਿਆਰ ਸਿੰਘ ਰਾਣੂ
ਮਾਲੇਰਕੋਟਲਾ, 13 ਮਈ
ਲੋਕ ਸਭਾ ਹਲਕਾ ਸੰਗਰੂਰ ਦੀ ਚੋਣ ਨੂੰ ਲੈ ਕੇ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ਵਿੱਚ ਜੁਟੇ ਹੋਏ ਹਨ। ਇਸ ਹਲਕੇ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਦੇ ਪਿੰਡਾਂ ਦੀਆਂ ਸੱਥਾਂ, ਚੌਕ, ਚੌਰਾਹਿਆਂ ’ਚ ਇਸ ਚੋਣ ਨੂੰ ਲੈ ਕੇ ਚੋਣ ਪਿੜ ਬੱਝਣ ਲੱਗ ਗਿਆ ਹੈ ਜਿਸ ਵਿੱਚ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਪਿਛੋਕੜ ਤੇ ਪਿਛਲੀ ਕਾਰਗੁਜ਼ਾਰੀ ਬਾਰੇ ਚਰਚਾ ਹੁੰਦੀ ਹੈ। ਚੋਣ ਪ੍ਰਕਿਰਿਆ ਹਾਈਟੈੱਕ ਹੋਣ ਨਾਲ ਹੁਣ ਪਿੰਡਾਂ ਦੇ ਆਮ ਲੋਕ ਵੀ ਚੋਣ ਚਰਚਾ ’ਚ ਦਿਲਚਸਪੀ ਲੈਣ ਲੱਗ ਪਏ ਹਨ। ਚੋਣ ਕਮਿਸ਼ਨ ਦੀ ਸਖ਼ਤੀ ਕਾਰਨ ਅਜੇ ਤੱਕ ਪਹਿਲਾਂ ਵਾਂਗ ਨਾ ਤਾਂ ਪਿੰਡਾਂ ’ਚ ਹਰ ਪਾਸੇ ਬੈਨਰ ਅਤੇ ਨਾ ਹੀ ਹਰ ਘਰ ਦੇ ਬਾਹਰ ਝੰਡੇ ਦਿਖਾਈ ਦਿੰਦੇ ਹਨ। ਕੁਝ ਥਾਵਾਂ ’ਤੇ ਵੋਟਰ ਚੋਣ ਚਰਚਾ ’ਚ ਖੁੱਲ੍ਹ ਕੇ ਬੋਲ ਰਹੇ ਹਨ ਅਤੇ ਕਈ ਥਾਵਾਂ ’ਤੇ ਉਹ ਗੱਲਾਂ ਲੁਕਾ ਕੇ ਰੱਖ ਰਹੇ ਹਨ।
ਉਂਜ ਪਿੰਡਾਂ ’ਚ ਚੋਣ ਚਰਚਾ ਦਾ ਆਖ਼ਰ ਨੂੰ ਤੋੜਾ ਇਸ ਗੱਲ ’ਤੇ ਹੀ ਝੜਦਾ ਹੈ ਕਿ ਜਿੱਤੇ ਭਾਵੇਂ ਕੋਈ ਵੀ ਉਮੀਦਵਾਰ ਜਾਂ ਪਾਰਟੀ ਪਰ ਇਲਾਕੇ ਦੇ ਵਿਕਾਸ ਅਤੇ ਸਿੱਖਿਆ, ਸਿਹਤ, ਰੁਜ਼ਗਾਰ, ਖੇਤੀ, ਉਦਯੋਗ, ਮ‌ਹਿੰਗਾਈ ਬਿਜਲੀ, ਪਾਣੀ , ਅਮਨ- ਕਾਨੂੰਨ ਵਰਗੇ ਮੁੱਦੇ ਹੱਲ ਹੋਣੇ ਚਾਹੀਦੇ ਹਨ। ਪਿੰਡ ਮੁਬਾਰਕਪੁਰ ਚੁੰਘਾਂ ਦੀ ਸੱਥ ’ਚ ਬੈਠੇ ਗੁਰਮੁਖ ਸਿੰਘ ਨੇ ਕਿਹਾ ਕਿ ਹੁਣ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਵੋਟਰਾਂ ਦੀ ਵੀ ਪਹਿਲਾਂ ਵਾਂਗ ਕਿਸੇ ਇੱਕ ਪਾਰਟੀ ਪ੍ਰਤੀ ਵਫ਼ਾਦਾਰੀ ਪੱਕੀ ਨਹੀਂ ਰਹੀ, ਕਹਿ ਨਹੀਂ ਸਕਦੇ ਕਿ ਕਦੋਂ, ਕੌਣ, ਕਿਸ ਪਾਰਟੀ ਦਾ ਹਮਾਇਤੀ ਬਣ ਜਾਵੇ। ਹਰਜੀਤ ਸਿੰਘ ਪੰਧੇਰ ਨੇ ਕਿਹਾ ਕਿ ਐਲਾਨਾਂ ਦਾ ਲਾਭ ਪਹਿਲੇ ਸਾਲ ਤੋਂ ਹੀ ਮਿਲਣਾ ਚਾਹੀਦਾ ਹੈ। ਸੁਖਵਿੰਦਰ ਸਿੰਘ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਦੇਖਦੇ ਆ ਰਹੇ ਹਨ ਕਿ ਕਿਸਾਨ ਹਰ ਸਾਲ ਕਿਸੇ ਨਾ ਕਿਸੇ ਸਮੱਸਿਆ ਨਾਲ ਘਿਰ ਜਾਂਦੇ ਹਨ। ਸਾਰਾ ਦਿਨ ਖੇਤ ਵਿੱਚ ਮਿਹਨਤ ਕਰਨ ਦੇ ਬਾਵਜੂਦ ਉਹ ਆਪਣੀ ਮਿਹਨਤ ਦੇ ਬਰਾਬਰ ਮੁਨਾਫ਼ਾ ਨਹੀਂ ਲੈ ਪਾ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲੇ ਹੱਲ ਹੋਣੇ ਚਾਹੀਦੇ ਹਨ ਤਾਂ ਜੋ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲ ਸਕੇ।
ਟਹਿਲ ਸਿੰਘ ਸਿੰਘ ਦਾ ਮੰਨਣਾ ਸੀ ਕਿ ਲੋਕ ਨੁਮਾਇੰਦਿਆਂ ਦੀ ਅਣਗਹਿਲੀ ਕਾਰਨ ਜ਼ਿਲ੍ਹੇ ਵਿੱਚ ਉਦਯੋਗਿਕ ਇਕਾਈਆਂ ਦੀ ਸਥਾਪਨਾ ਨਹੀਂ ਹੋ ਸਕੀ ਹੈ। ਨਿਰਭੈ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਿਕਾਸ ਦੀਆਂ ਅਪਾਰ ਸੰਭਾਵਨਾਵਾਂ ਹਨ। ਇਸ ਲਈ ਅਜਿਹਾ ਉਮੀਦਵਾਰ ਜਿੱਤਣਾ ਚਾਹੀਦਾ ਹੈ, ਜੋ ਖੇਤਰ ਦੀਆਂ ਸਮੱਸਿਆਵਾਂ ਅਤੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਸੰਸਦ ’ਚ ਉਠਾਵੇ।
ਅਮਰੀਕ ਸਿੰਘ ਨੇ ਕਿਹਾ ਕਿ ਉਮੀਦਵਾਰ ਨੂੰ ਨਿਰਪੱਖ ਹੋਣਾ ਚਾਹੀਦਾ ਹੈ। ਉਹ ਜਾਤ, ਧਰਮ ਆਦਿ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਬਰਾਬਰ ਦੀ ਨਜ਼ਰ ਨਾਲ ਦੇਖੇ ਅਤੇ ਹਲਕੇ ਦੇ ਵਿਕਾਸ ਕਾਰਜਾਂ ਲਈ ਯਤਨਸ਼ੀਲ ਰਹੇ।

Advertisement

Advertisement
Author Image

Advertisement
Advertisement
×