ਲੋਕ ਸਭਾ ਚੋਣਾਂ: ਹੁਸ਼ਿਆਰਪੁਰ ਸੰਸਦੀ ਹਲਕੇ ਨੇ ਦਿੱਤੇ ਵੱਡੇ ਸਿਆਸਤਦਾਨ
ਹਰਪ੍ਰੀਤ ਕੌਰ
ਹੁਸ਼ਿਆਰਪੁਰ, 8 ਅਪਰੈਲ
ਹੁਸ਼ਿਆਰਪੁਰ ਲੋਕ ਸਭਾ ਹਲਕੇ ਦੀ ਗਿਣਤੀ ਭਾਵੇਂ ਪੱਛੜੇ ਖੇਤਰਾਂ ਵਿੱਚ ਆਉਂਦੀ ਹੈ ਪਰ ਵੱਡੇ-ਵੱਡੇ ਸਿਆਸਤਦਾਨਾਂ ਦਾ ਸਬੰਧ ਇਸ ਖੇਤਰ ਨਾਲ ਰਿਹਾ ਹੈ। ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ 1980 ਵਿਚ ਇੱਥੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਸਾਬਕਾ ਕੇਂਦਰੀ ਮੰਤਰੀ ਦਰਬਾਰਾ ਸਿੰਘ ਨੂੰ ਵੀ ਹੁਸ਼ਿਆਰਪੁਰ ਦੇ ਲੋਕਾਂ ਨੂੰ ਚੁਣ ਕੇ 1971 ਵਿਚ ਸੰਸਦ ਵਿੱਚ ਭੇਜਿਆ ਸੀ। ਬਹੁਜਨ ਸਮਾਜ ਪਾਰਟੀ ਦੇ ਬਾਨੀ ਕਾਂਸ਼ੀ ਰਾਮ 1996 ਵਿੱਚ ਇਸ ਹਲਕੇ ਤੋਂ ਚੋਣ ਜਿੱਤ ਕੇ ਸੰਸਦ ’ਚ ਗਏ। ਪਾਰਟੀ ਦੀ ਮੌਜੂਦਾ ਮੁਖੀ ਤੇ ਯੂਪੀ ਦੀ ਸਾਬਕਾ ਮੁੱਖ ਮੰਤਰੀ ਕੁਮਾਰੀ ਮਾਇਆਵਤੀ ਨੇ ਵੀ 1992 ਵਿਚ ਇੱਥੋਂ ਚੋਣ ਲੜੀ, ਹਾਲਾਂਕਿ, ਉਨ੍ਹਾਂ ਨੂੰ ਸਫਲਤਾ ਨਹੀਂ ਮਿਲੀ।
ਉਪਰੋਕਤ ਨੇਤਾਵਾਂ ਤੋਂ ਇਲਾਵਾ ਉੱਘੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦਾ ਵੀ ਹੁਸ਼ਿਆਰਪੁਰ ਨਾਲ ਗੂੜ੍ਹਾ ਰਿਸ਼ਤਾ ਰਿਹਾ ਹੈ। ਉਨ੍ਹਾਂ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਹੀ ਇੱਕ ਤਰ੍ਹਾਂ ਨਾਲ ਹੁਸ਼ਿਆਰਪੁਰ ਤੋਂ ਕੀਤੀ। ਮਾਰਚ 1932 ਵਿਚ ਸ਼ਹੀਦ ਭਗਤ ਸਿੰਘ ਦੀ ਬਰਸੀ ’ਤੇ ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ’ਤੇ ਲੱਗੇ ਬਰਤਾਨੀਆ ਦੇ ਝੰਡੇ ਨੂੰ ਲਾਹ ਕੇ ਕਾਂਗਰਸ ਦਾ ਝੰਡਾ ਲਹਿਰਾਇਆ ਜਿਸ ਕਰਕੇ ਉਨ੍ਹਾਂ ਨੂੰ ਜੇਲ੍ਹ ਵੀ ਕੱਟਣੀ ਪਈ। ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਸਥਾਨਕ ਸਰਕਾਰੀ ਕਾਲਜ ਜੋ ਪਹਿਲਾਂ ਪੰਜਾਬ ਯੂਨੀਵਰਸਿਟੀ ਹੁੰਦਾ ਸੀ, ਤੋਂ ਪੋਸਟ ਗ੍ਰੈਜੂਏਸ਼ਨ ਕੀਤੀ ਤੇ ਕੁੱਝ ਸਮਾਂ ਇੱਥੇ ਅਧਿਆਪਨ ਵੀ ਕੀਤਾ।
ਲਗਪਗ 34 ਫ਼ੀਸਦੀ ਐੱਸਸੀ ਵੋਟਰ ਹੋਣ ਕਰਕੇ ਇਹ ਹਲਕਾ ਦਲਿਤ ਸਿਆਸਤ ਦਾ ਧੁਰਾ ਬਣ ਚੁੱਕਿਆ ਹੈ। ਸਾਲ 2009 ਵਿੱਚ ਇਸ ਨੂੰ ਰਾਖਵਾਂ ਹਲਕਾ ਐਲਾਨਿਆ ਗਿਆ ਸੀ। ਇਸ ਵਿਚ ਆਉਂਦੇ 9 ਵਿਧਾਨ ਸਭਾ ਹਲਕਿਆਂ ਵਿੱਚੋਂ ਚਾਰ ਹਲਕੇ-ਚੱਬੇਵਾਲ, ਸ਼ਾਮਚੁਰਾਸੀ, ਫਗਵਾੜਾ ਅਤੇ ਸ੍ਰੀ ਹਰੋਗਬਿੰਦਪੁਰ ਰਾਖਵੇਂ ਹਨ। 1977 ਨੂੰ ਛੱਡ ਕੇ ਕਾਂਗਰਸ ਨੇ 1951 ਤੋਂ 1996 ਤੱਕ ਹੋਈਆਂ ਸਾਰੀਆਂ ਚੋਣਾਂ ਜਿੱਤੀਆਂ ਹਨ। ਇਸ ਪਿੱਛੋਂ ਕਾਂਗਰਸ ਅਤੇ ਭਾਜਪਾ ਵਾਰੀ-ਵਾਰੀ ਇਹ ਸੀਟ ਜਿੱਤਦੀਆਂ ਰਹੀਆਂ ਹਨ। ਪਿਛਲੀ ਚੋਣ ਇੱਥੋਂ ਭਾਜਪਾ ਦੇ ਉਮੀਦਵਾਰ ਸੋਮ ਪ੍ਰਕਾਸ਼ ਨੇ ਜਿੱਤੀ ਜੋ ਇਸ ਵੇਲੇ ਕੇਂਦਰੀ ਉਦਯੋਗ ਰਾਜ ਮੰਤਰੀ ਹਨ। ਇਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਤੋਂ ਚੁਣੇ ਸੰਸਦ ਮੈਂਬਰਾਂ ਨੂੰ ਕੇਂਦਰੀ ਮੰਤਰੀ ਮੰਡਲ ਵਿਚ ਨੁਮਾਇੰਦਗੀ ਮਿਲਦੀ ਰਹੀ ਹੈ। ਸੰਤੋਸ਼ ਚੌਧਰੀ ਸਿਹਤ ਮੰਤਰਾਲੇ ਵਿੱਚ ਰਾਜ ਮੰਤਰੀ ਰਹੇ ਅਤੇ ਵਿਜੈ ਸਾਂਪਲਾ ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲੇ ਵਿਚ ਕੇਂਦਰੀ ਰਾਜ ਮੰਤਰੀ ਰਹੇ।
ਹਲਕੇ ਨੇ ਬਾਹਰਲੇ ਉਮੀਦਵਾਰਾਂ ਦੀ ‘ਚਮਕਾਈ’ ਸਿਆਸਤ
ਹਲਕੇ ਦੇ ਵੋਟਰਾਂ ਦੀ ਇਹ ਖਾਸੀਅਤ ਰਹੀ ਹੈ ਕਿ ਉਹ ਬਾਹਰਲੇ ਉਮੀਦਵਾਰਾਂ ਨੂੰ ਜਿਤਾ ਕੇ ਪਾਰਲੀਮੈਂਟ ਵਿਚ ਭੇਜਦੇ ਰਹੇ ਹਨ, ਚਾਹੇ ਜਿੱਤਣ ਮਗਰੋਂ ਉਨ੍ਹਾਂ ਹਲਕੇ ਵੱਲ ਮੂੰਹ ਨਾ ਕੀਤਾ ਹੋਵੇ। ਇਸ ਵਾਰ ਵੀ ਚਰਚਾ ਹੈ ਕਿ ਭਾਜਪਾ ਕਿਸੇ ਬਾਹਰੀ ਉਮੀਦਵਾਰ ਨੂੰ ਇੱਥੋਂ ਖੜ੍ਹਾ ਕਰਨ ਬਾਰੇ ਵਿਚਾਰ ਕਰ ਰਹੀ ਹੈ ਜਦੋਂਕਿ ਵਿਜੈ ਸਾਂਪਲਾ ਤੇ ਸੋਮ ਪ੍ਰਕਾਸ਼ ਦੋਵੇਂ ਹੀ ਇੱਥੇ ਦੁਬਾਰਾ ਚੋਣ ਲੜਨ ਦੇ ਚਾਹਵਾਨ ਹਨ। ਇਸੇ ਤਰ੍ਹਾਂ ਕਾਂਗਰਸ ਵੱਲੋਂ ਵੀ ਕੋਈ ਬਾਹਰੀ ਉਮੀਦਵਾਰ ਲਿਆਂਦਾ ਜਾ ਸਕਦਾ ਹੈ ਕਿਉਂਕਿ ਡਾ. ਰਾਜ ਕੁਮਾਰ, ਜਿਨ੍ਹਾਂ ਨੂੰ ਇੱਥੋਂ ਟਿਕਟ ਦੇਣ ਬਾਰੇ ਕਾਂਗਰਸ ਸੋਚ ਰਹੀ ਸੀ, ਆਮ ਆਦਮੀ ਪਾਰਟੀ ਵਿੱਚ ਚਲੇ ਗਏ ਅਤੇ ਇਸ ਦੇ ਉਮੀਦਵਾਰ ਵੀ ਬਣ ਗਏ। ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕੋਈ ਮਜ਼ਬੂਤ ਸਥਾਨਕ ਐੱਸਸੀ ਉਮੀਦਵਾਰ ਨਹੀਂ ਲੱਭ ਰਿਹਾ। ਭਾਜਪਾ ਨਾਲ ਗੱਠਜੋੜ ਨਾ ਹੋਣ ਕਾਰਨ ਇਸ ਵਾਰ ਅਕਾਲੀ ਦਲ ਨੂੰ ਆਪਣਾ ਉਮੀਦਵਾਰ ਖੜ੍ਹਾ ਕਰਨਾ ਪਵੇਗਾ ਪਰ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਤੋਂ ਇਲਾਵਾ ਕੋਈ ਹੋਰ ਉਮੀਦਵਾਰ ਪਾਰਟੀ ਨੂੰ ਨਜ਼ਰ ਨਹੀਂ ਆ ਰਿਹਾ। ਠੰਡਲ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਚੱਬੇਵਾਲ ਹਲਕੇ ਤੋਂ ਹਾਰਦੇ ਆ ਰਹੇ ਹਨ। ਬਹੁਜਨ ਸਮਾਜ ਪਾਰਟੀ ਨੇ ਇੱਕ ਬਿਜ਼ਨਸਮੈਨ ਰਾਕੇਸ਼ ਸੁਮਨ ਨੂੰ ਉਮੀਦਵਾਰ ਐਲਾਨਿਆ ਹੈ। ਉਨ੍ਹਾਂ ਦੇ ਦਾਦਾ ਤੇ ਭਰਾ ਕਰਮ ਚੰਦ ਨੇ ਹੁਸ਼ਿਆਰਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਜਿੱਤੀ ਸੀ।