ਲੋਕ ਸਭਾ ਚੋਣਾਂ: ਹੇਮਾ ਮਾਲਿਨੀ ਨੇ ਮਥੁਰਾ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ
ਮਥੁਰਾ/ਤਿਰੂਵਨੰਤਪੁਰਮ, 4 ਅਪਰੈਲ
ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਅੱਜ ਮਥੁਰਾ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ। ਹੇਮਾ ਮਾਲਿਨੀ 2014 ਤੇ 2019 ਵਿੱਚ ਮਥੁਰਾ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਨਾਮਜ਼ਦਗੀ ਦਾਖ਼ਲ ਕਰਨ ਸਮੇਂ ਹੇਮਾ ਮਾਲਿਨੀ ਦੇ ਨਾਲ ਰਾਜ ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਹੇਮਾ ਮਾਲਿਨੀ ਨੇ ਕਿਹਾ, ‘‘ਮੈਂ ਲੋਕਾਂ ਨੂੰ ਦੱਸਾਂਗੀ ਕਿ ਮੈਂ ਅੱਗੇ ਹੋਰ ਵਿਕਾਸ ਕਰਨ ਲਈ ਤੀਜੀ ਵਾਰ ਇੱਥੇ ਆਈ ਹਾਂ ਅਤੇ ਬਾਕੀ ਰਹਿੰਦੇ ਸਾਰੇ ਕੰਮ ਪੂਰੇ ਕਰਾਂਗੀ। ਸਾਰਿਆਂ ਦੀ ਮਦਦ ਨਾਲ ਇੱਥੇ ਵਿਕਾਸ ਕਾਰਜ ਹੋਣਗੇ।’’ ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਦੀ ਟਿੱਪਣੀ ਬਾਰੇ ਪੁੱਛੇ ਜਾਣ ’ਤੇ ਹੇਮਾ ਮਾਲਿਨੀ ਨੇ ਕਿਹਾ ਕਿ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕੁਝ ਹਾਸਲ ਕੀਤਾ ਹੋਵੇ।’’ ਇਸੇ ਦੌਰਾਨ ਕੇਰਲ ਦੇ ਤਿਰੂਵਨੰਤਪੁਰਮ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਅਤੇ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਨੇ ਅੱਜ ਲੋਕ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕੀਤੀਆਂ। ਚੰਦਰਸ਼ੇਖਰ ਜੋ ਕਿ ਤਿਰੂਵਨੰਤਪੁਰਮ ਤੋਂ ਭਗਵਾਂ ਪਾਰਟੀ ਵੱਲੋਂ ਚੋਣ ਲੜ ਰਹੇ ਹਨ, ਨੇ ਜ਼ਿਲ੍ਹਾ ਕੁਲੈਕਟਰ ਕੋਲ ਆਪਣੀ ਨਾਮਜ਼ਦਗੀ ਦਾਖਲ ਕੀਤੀ। ਚੰਦਰਸ਼ੇਖਰ ਦੀ ਲੜਾਈ ਸੀਨੀਅਰ ਕਾਂਗਰਸੀ ਆਗੂ ਸ਼ਸ਼ੀ ਥਰੂਰ ਖ਼ਿਲਾਫ਼ ਹੈ। ਇਸੇ ਤਰ੍ਹਾਂ ਕਾਂਗਰਸੀ ਆਗੂ ਵੇਣੂਗੋਪਾਲ ਨੇ ਅਲਾਪੁਜ਼ਾ ਦੇ ਰਿਟਰਨਿੰਗ ਅਫ਼ਸਰ ਕੋਲ ਨਾਮਜ਼ਦਗੀ ਦਾਖਲ ਕੀਤੀ। -ਪੀਟੀਆਈ