For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਹਰਸਿਮਰਤ ਕੌਰ ਜਿੱਤੀ, ਸ਼੍ਰੋਮਣੀ ਅਕਾਲੀ ਦਲ ਹਾਰਿਆ

10:01 AM Jun 05, 2024 IST
ਲੋਕ ਸਭਾ ਚੋਣਾਂ  ਹਰਸਿਮਰਤ ਕੌਰ ਜਿੱਤੀ  ਸ਼੍ਰੋਮਣੀ ਅਕਾਲੀ ਦਲ ਹਾਰਿਆ
ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਦੇ ਹੋਏ ਹਰਸਿਮਰਤ ਕੌਰ ਬਾਦਲ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੂਨ
ਮਾਲਵਾ ਖੇਤਰ ਵਿੱਚ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਪਹਿਲਾਂ ਦੇ ਮੁਕਾਬਲੇ ਵੱਡੇ ਅੰਤਰ ਨਾਲ ਜਿੱਤ ਹਾਸਲ ਹੋਈ ਹੈ ਪਰ ਇਸਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਰਾਜ ਵਿੱਚ ਵੱਡੀ ਪੱਧਰ ’ਤੇ ਚੋਣ ਹਾਰ ਗਿਆ ਹੈ। ਪੰਜਾਬ ਵਿੱਚ ਖੇਤਰੀ ਪਾਰਟੀ ਦੇ ਨਾਂ ਹੇਠ ਚੋਣ ਲੜਨ ਵਾਲੀ ਇਸ ਪਾਰਟੀ ਦੇ ਬਹੁਤ ਉਮੀਦਵਾਰ ਆਪਣੀ ਜ਼ਮਾਨਤ ਵੀ ਬਚਾਅ ਨਹੀਂ ਸਕੇ।
ਪਾਰਟੀ ਦੇ ਕਈ ਪਹਿਲੀ ਕਤਾਰ ਦੇ ਨੇਤਾਵਾਂ ਦੀ ਹੋਈ ਵੱਡੀ ਹਾਰ ਤੋਂ ਖੁਦ ਅਕਾਲੀ ਹਲਕੇ ਹੱਕੇ-ਬੱਕੇ ਰਹਿ ਗਏ ਹਨ ਅਤੇ ਪਾਰਟੀ ਵਿੱਚ ਇਸ ਹਾਰ ਨੂੰ ਲੈ ਕੇ ਅਗਲੇ ਦਿਨਾਂ ਵਿੱਚ ਸਮੀਕਰਣ ਬਣਨ ਦੀ ਸੰਭਾਵਨਾ ਪੈਦਾ ਹੋ ਗਈ ਹੈ। ਹਰਸਿਮਰਤ ਕੌਰ ਬਾਦਲ, ਜੋ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਹੈ ਅਤੇ ਬਿਕਰਮ ਸਿੰਘ ਮਜੀਠੀਆ ਦੀ ਸਕੀ ਭੈਣ ਹੈ, ਨੂੰ ਜਿੱਤ ਪਾਰਟੀ ਤੋਂ ਉਪਰ ਉਠਕੇ ਲੋਕਾਂ ਵੱਲੋਂ ਪਾਈ ਵੋਟ ਕਾਰਨ ਵੀ ਹੋਈ ਹੈ, ਜਿਸ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਖੁਦ ਸਵੀਕਾਰਿਆ ਹੈ ਪਰ ਮਾਲਵਾ ਖੇਤਰ ਵਿੱਚ ਹੋਈ ਇਸ ਹਾਰ ਨੇ ਅਕਾਲੀ ਦਲ ਨੂੰ ਹਿਲਾ ਕੇ ਰੱਖ ਦਿੱਤਾ ਹੈ। ੰਗਰੂਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂਦਾ ਨੂੰ ਪਾਰਟੀ ਵੱਲੋਂ ਟਿਕਟ ਦੇਣ ਸਾਰ ਹੀ ਇੱਕ ਵੱਡੀ ਬਗਾਵਤ ਦਾ ਸਾਹਮਣਾ ਕਰਨਾ ਪੈ ਗਿਆ ਸੀ ਜਿਸ ਕਰਕੇ ਅੱਜ ਨਿਕਲੇ ਨਤੀਜਿਆਂ ਤੋਂ ਬਾਅਦ ਪਾਰਟੀ ਦੇ ਉਮੀਦਵਾਰ ਨੂੰ ਵੱਡੀ ਹਾਰ ਦਾ ਸਾਹਮਣਾ ਕਰਦਿਆਂ ਉਨ੍ਹਾਂ ਜ਼ਮਾਨਤ ਜ਼ਬਤ ਹੋ ਗਈ ਹੈ। ਇਸੇ ਤਰ੍ਹਾਂ ਫਰੀਦਕੋਟ ਹਲਕੇ ਤੋਂ ਰਾਜਵਿੰਦਰ ਸਿੰਘ ਧਰਮਕੋਟ ਨੂੰ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਤੋਂ ਵੱਡੇ ਅੰਦਰ ਹਾਰਨਾ ਪਿਆ ਹੈ।ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਨਰਦੇਵ ਸਿੰਘ ਬੋਬੀ ਮਾਨ ਵੀ ਬੁਰੀ ਤਰ੍ਹਾਂ ਲਟਕ ਗਏ ਹਨ, ਜੋ ਸ਼ੇਰ ਸਿੰਘ ਘੁਬਾਇਆ ਤੋਂ ਵੱਡੇ ਅੰਤਰ ਨਾਲ ਚੋਣ ਹਾਰ ਗਏ ਹਨ। ਸ੍ਰੀ ਘੁਬਾਇਆ ਪਹਿਲਾਂ ਅਕਾਲੀ ਦਲ ਦੇ ਆਗੂ ਹੁੰਦੇ ਸਨ ਪਰ ਸੁਖਬੀਰ ਬਾਦਲ ਨਾਲ ਮੱਤਭੇਦ ਕਾਰਨ ਉਹ ਕਾਂਗਰਸ ਵਿੱਚ ਸ਼ਾਮਲ ਹੋ ਗਏ ਸਨ। ਇਸੇ ਤਰ੍ਹਾਂ ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਐਨਕੇ ਸ਼ਰਮਾ ਭਾਜਪਾ ਤੋਂ ਵੀ ਪਛੜ ਗਏ ਹਨ ਅਤੇ ਉਥੇ ਕਾਂਗਰਸ ਦੇ ਡਾ. ਧਰਮਵੀਰ ਗਾਂਧੀ ਨੇ ਵੱਡੇ ਅੰਤਰ ਨਾਲ ਉਨ੍ਹਾਂ ਨੂੰ ਹਰਾਇਆ ਹੈ। ਪਾਰਟੀ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ (ਸ੍ਰੀ ਅਨੰਦਪੁਰ ਸਾਹਿਬ), ਅਨਿਲ ਜੋਸ਼ੀ (ਅੰਮ੍ਰਿਤਸਰ), ਰਣਜੀਤ ਸਿੰਘ ਢਿੱਲੋਂ (ਲੁਧਿਆਣਾ), ਸੋਹਣ ਸਿੰਘ ਠੰਡਲ (ਹੁਸ਼ਿਆਰਪੁਰ),ਮਹਿੰਦਰ ਸਿੰਘ ਕੇ.ਪੀ (ਜਲੰਧਰ), ਬਿਕਰਮਜੀਤ ਸਿੰਘ (ਫਤਿਹਗੜ੍ਹ ਸਾਹਿਬ),ਡਾ.ਦਲਜੀਤ ਸਿੰਘ ਚੀਮਾ (ਗੁਰਦਾਸਪੁਰ) ਦੀਆਂ ਜ਼ਮਾਨਤਾਂ ਜਬਤ ਹੋ ਗਈਆਂ ਹਨ। ਇੱਕ ਸੀਨੀਅਰ ਅਕਾਲੀ ਆਗੂ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਪੰਜਾਬ ਦੀਆਂ 13 ਸੀਟਾਂ ’ਤੇ ਬਠਿੰਡਾ ਨੂੰ ਛੱਡਕੇ ਬਾਕੀ ਸਭ ਉਪਰ ਭਾਰਤੀ ਜਨਤਾ ਪਾਰਟੀ ਵੱਲੋਂ ਸ੍ਰੋਮਣੀ ਅਕਾਲੀ ਦਲ ਨਾਲੋਂ ਵੱਡੇ ਅੰਤਰ ਵਿੱਚ ਵੋਟਾਂ ਹਾਸਲ ਕਰਨੀਆਂ, ਇਸ ਤੋਂ ਵੱਡੀ ਪਾਰਟੀ ਦੀ ਕੋਈ ਹਾਰ ਨਹੀਂ ਹੋ ਸਕਦੀ ਹੈ।

Advertisement

ਹਰਸਿਮਰਤ ਨੇ ਤਖ਼ਤ ਦਮਦਮਾ ਸਾਹਿਬ ਮੱਥਾ ਟੇਕਿਆ

ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਜਿੱਤਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਆਪਣੀਆਂ ਧੀਆਂ ਹਰਕੀਰਤ ਕੌਰ, ਗੁਰਲੀਨ ਕੌਰ ਅਤੇ ਬੇਟੇ ਆਨੰਦਬੀਰ ਸਿੰਘ ਸਮੇਤ ਤਖ਼ਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ। ਹਰਸਿਮਰਤ ਕੌਰ ਬਾਦਲ ਦੇ ਇੱਥੇ ਪਹੁੰਚਣ ’ਤੇ ਵੱਡੀ ਗਿਣਤੀ ਇਕੱਠੇ ਹੋਏ ਅਕਾਲੀ ਆਗੂਆਂ ਤੇ ਵਰਕਰਾਂ ਨੇ ਉਨ੍ਹਾਂ ਦਾ ਨਿੱਘਾ ਕਰਦਿਆਂ ਜਿੱਤ ਦੀਆਂ ਵਧਾਈਆਂ ਦਿੱਤੀਆਂ। ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਣ ਬਾਅਦ ਉਨ੍ਹਾਂ ਇਤਿਹਾਸਕ ਗੁਰਦੁਆਰਾ ਲਿਖਣਸਰ ਸਾਹਿਬ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਅਤੇ ਪਾਰਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਤਖ਼ਤ ਸਾਹਿਬ ਦੇ ਪ੍ਰਬੰਧਕਾਂ ਨੇ ਬੀਬੀ ਬਾਦਲ ਅਤੇ ਉਨ੍ਹਾਂ ਦੇ ਤਿੰਨਾਂ ਬੱਚਿਆਂ ਨੂੰ ਸਿਰਪਾਓ ਅਤੇ ਕੰਬਲੀ ਭੇਟ ਕੀਤੇ ਗਏ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਡੇ ’ਤੇ ਕਿੱਕਲੀ ਪਾਉਣ ਵਾਲਿਆਂ ਨੂੰ ਹਲਕਾ ਬਠਿੰਡਾ ਦੇ ਵੋਟਰਾਂ ਨੇ ਕਰਾਰਾ ਜਵਾਬ ਦਿੱਤਾ ਹੈ।

Advertisement
Author Image

joginder kumar

View all posts

Advertisement
Advertisement
×