ਲੋਕ ਸਭਾ ਚੋਣਾਂ: ਗੁਰਮੀਤ ਖੁੱਡੀਆਂ ਨੇ ਭਖਾਈ ਚੋਣ ਮੁਹਿੰਮ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਾਰਚ
ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਹਲਕੇ ਤੋਂ ਹਰਾਉਣ ਤੋਂ ਬਾਅਦ ਹੁਣ ਬਠਿੰਡਾ ਲੋਕ ਸਭਾ ਹਲਕੇ ’ਚ ਹਰਸਿਮਰਤ ਕੌਰ ਬਾਦਲ ਨੂੰ ਹਰਾਵਾਂਗੇ। ਉਨ੍ਹਾਂ ਕਿਹਾ ਕਿ ਉਹ ਬਾਦਲਾਂ ਨੂੰ ਮਾਤ ਦੇਣ ਵਾਸਤੇ ਲੋਕਾਂ ਵਿੱਚ ਝੋਲੀ ਅੱਡ ਕੇ ਵੋਟਾਂ ਮੰਗਣ ਲਈ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਬਠਿੰਡਾ ਹਲਕੇ ਦੇ ਲੋਕ ਉਨ੍ਹਾਂ ਦੀ ਝੋਲੀ ਖੈਰ ਪਾਉਣਗੇ। ਉਹ ਅੱਜ ਮਾਨਸਾ ਤੋਂ ਇਲਾਵਾ ਬੁਢਲਾਡਾ ਅਤੇ ਝੁਨੀਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕਰਨ ਲਈ ਪੁੱਜੇ ਹੋਏ ਸਨ। ਸ੍ਰੀ ਖੁੱਡੀਆਂ ਨੇ ਕਿਹਾ ਕਿ ਪਾਰਟੀ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਤੋਂ ਉਮੀਦਵਾਰ ਦੀ ਜ਼ਿੰਮੇਵਾਰੀ ਸੌਂਪੇ ਜਾਣ ਨੂੰ ਖਿੜੇ ਮੱਥੇ ਸਵੀਕਾਰ ਕਰਕੇ ਹੁਣ ਉਹ ਲੋਕਾਂ ਵਿੱਚ ਵੋਟਾਂ ਮੰਗਣ ਲਈ ਜਾ ਰਹੇ ਹਨ ਅਤੇ ਲੋਕਾਂ ਦੀ ਕਚਹਿਰੀ ਵਿੱਚ ਕੀਤੇ ਹੋਏ ਵਾਅਦਿਆਂ ਨੂੰ ਉਹ ਹਰ ਹੀਲੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇਮਾਨਦਾਰੀ ਦੀ ਰਾਜਸੀ ਸੇਵਾ ਉਨ੍ਹਾਂ ਨੇ ਆਪਣੇ ਘਰ ’ਚੋਂ ਸਿੱਖੀ ਹੈ ਅਤੇ ਇਸ ਸੇਵਾ ਨੂੰ ਉਹ ਬਠਿੰਡਾ ਲੋਕ ਸਭਾ ਦੇ ਲੋਕਾਂ ਨੂੰ ਸਮਰਪਿਤ ਕਰਨਗੇ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਧੋਖੇਬਾਜ਼ਾਂ ਨੂੰ ਲੋਕ ਵਿਧਾਨ ਸਭਾ ਵਾਂਗ ਹੀ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਲਈ ਜਿਹੜੀਆਂ ਪਾਰਟੀਆਂ ਨੇ ਖੇਤੀ ਕਾਨੂੰਨਾਂ ਸਮੇਂ ਸੱਤਾ ਦੀ ਲਾਲਸਾ ਲਈ ਭਾਜਪਾ ਦਾ ਸਾਥ ਦਿੱਤਾ, ਉਨ੍ਹਾਂ ਪਾਰਟੀਆਂ ਨੂੰ ਹੁਣ ਪੰਜਾਬ ਦੇ ਲੋਕਾਂ ਵੱਲੋਂ ਸੰਸਦੀ ਚੋਣਾਂ ਵਿੱਚ ਮਾਤ ਦੇਣ ਦਾ ਸਭ ਤੋਂ ਵੱਡਾ ਸਮਾਂ ਆ ਗਿਆ ਹੈ। ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਨੇ ਪਾਰਟੀ ਵਰਕਰਾਂ ਨੂੰ ਸੱਦਾ ਦਿੱਤਾ ਕਿ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਵਿੱਚ ਕੁੱਦ ਕੇ ਵੱਡੇ ਘਰਾਂ ਦੇ ਪੁੱਤਾਂ-ਧੀਆਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਵੇ। ਵਿਧਾਇਕ ਐਡਵੋਕੇਟ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਮੰਚ ਤੋਂ ਭਰੋਸਾ ਦਿੱਤਾ ਕਿ ਮਾਨਸਾ ਜ਼ਿਲ੍ਹੇ ’ਚੋਂ ਵੱਡੇ ਪੱਧਰ ’ਤੇ ਗੁਰਮੀਤ ਸਿੰਘ ਖੁੱਡੀਆਂ ਦਾ ਮਾਣ ਵਧਾਇਆ ਜਾਵੇਗਾ। ਇਸ ਮੌਕੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਗੁਰਪ੍ਰੀਤ ਸਿੰਘ ਭੁੱਚਰ, ਪਰਮਜੀਤ ਕੌਰ, ਗੁਰਦਰਸ਼ਨ ਸਿੰਘ ਪਟਵਾਰੀ, ਰਣਜੀਤ ਸਿੰਘ ਫਰੀਦਕੇ, ਜਗਮੇਲ ਸਿੰਘ ਨੰਗਲ ਨੇ ਵੀ ਸੰਬੋਧਨ ਕੀਤਾ।
ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ ਰਹੇ ਗੈਰ-ਹਾਜ਼ਰ
ਗੁਰਮੀਤ ਸਿੰਘ ਖੁੱਡੀਆਂ ਦੀ ਮਾਨਸਾ ’ਚ ਪਾਰਟੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਦੌਰਾਨ ਮਾਨਸਾ ਦੇ ਵਿਧਾਇਕ ਡਾ. ਵਿਜੈ ਸਿੰਗਲਾ ਦੀ ਗੈਰ-ਹਾਜ਼ਰੀ ਪਾਰਟੀ ਵਰਕਰਾਂ ਨੂੰ ਰੜਕਦੀ ਰਹੀ। ਉਨ੍ਹਾਂ ਦੇ ਨਾ ਆਉਣ ਕਾਰਨ ਪੰਡਾਲ ਵਿੱਚ ਘੁਸਰ-ਮੁਸਰ ਹੁੰਦੀ ਰਹੀ। ਵਰਕਰ ਰੈਲੀ ਦੀ ਸਮਾਪਤੀ ਤੋਂ ਬਾਅਦ ਅਨੇਕਾਂ ਪਿੰਡਾਂ ’ਚੋਂ ਆਏ ਆਗੂ ਡਾ. ਵਿਜੈ ਸਿੰਗਲਾ ਨੂੰ ਮਿਲਕੇ ਗਏ। ਡਾ. ਵਿਜੈ ਸਿੰਗਲਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਗੁਰਮੀਤ ਸਿੰਘ ਖੁੱਡੀਆਂ ਦੀ ਚੋਣ ਮੁਹਿੰਮ ਵਿੱਚ ਉਹ ਤਨ-ਮਨ-ਧੰਨ ਨਾਲ ਕੰਮ ਕਰਨਗੇ ਪਰ ਪਾਰਟੀ ਵਰਕਰਾਂ ਦੇ ਕੰਮ-ਕਾਜ ਨਾ ਹੋਣ ਕਾਰਨ ਉਹ ਅੱਜ ਦੀ ਮਿਲਣੀ ਵਿੱਚ ਜਾਣ ਤੋਂ ਸੰਕੋਚ ਕਰ ਗਏ। ਡਾ. ਸਿੰਗਲਾ ਪੰਜਾਬ ਭਰ ’ਚੋਂ ਸਭ ਤੋਂ ਜ਼ਿਆਦਾ ਵੋਟਾਂ ਹਾਸਲ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਸਿਹਤ ਮੰਤਰੀ ਵਜੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਹਟਾਅ ਦਿੱਤਾ ਗਿਆ ਸੀ।