ਲੋਕ ਸਭਾ ਚੋਣਾਂ 16 ਅਪਰੈਲ ਤੋਂ!
* ਤਰੀਕ ਸਿਰਫ਼ ‘ਹਵਾਲੇ’ ਅਤੇ ਚੋਣ ਪਲਾਨਰ ਵਿਚ ਚੋਣਾਂ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ: ਚੋਣ ਦਫ਼ਤਰ
ਨਵੀਂ ਦਿੱਲੀ, 23 ਜਨਵਰੀ
ਦਿੱਲੀ ਦੇ ਮੁੱਖ ਚੋੋਣ ਅਧਿਕਾਰੀ (ਸੀਈਓ) ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ (ਡੀਈਓ’ਜ਼) ਨੂੰ ਭੇਜੇ ਸਰਕੁਲਰ ਨੇ ਲੋਕ ਸਭਾ ਚੋਣਾਂ ਦੀ ਤਰੀਕ ਬਾਰੇ ਚੁੰਝ-ਚਰਚਾ ਛੇੜ ਦਿੱਤੀ ਹੈ। ਸਰਕੁਲਰ ਦੀ ਵਾਇਰਲ ਹੋਈ ਕਾਪੀ ਵਿੱਚ ਲੋਕ ਸਭਾ ਚੋਣਾਂ ਸ਼ੁਰੂ ਹੋਣ ਦੀ ਸੰਭਾਵੀ ਤਰੀਕ 16 ਅਪਰੈਲ 2024 ਦਰਸਾਈ ਗਈ ਹੈ। ਹਾਲਾਂਕਿ ਮੁੱਖ ਚੋੋਣ ਅਧਿਕਾਰੀ ਦਫ਼ਤਰ ਨੇ ਐਕਸ ਉੱਤੇ ਆਪਣੇ ਅਧਿਕਾਰਤ ਹੈਂਡਲ ਰਾਹੀਂ ਸਪਸ਼ਟ ਕੀਤਾ ਕਿ ਇਹ ਤਰੀਕ ਸਿਰਫ਼ ‘ਹਵਾਲੇ’ ਅਤੇ ਚੋਣ ਪਲਾਨਰ ਵਿਚ ਚੋਣਾਂ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ ਹੈ।
ਸੀਈਓ ਦਫ਼ਤਰ ਵੱਲੋਂ 11 ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਭੇਜੇ ਪੱਤਰ ਵਿੱਚ ਭਾਰਤੀ ਚੋਣ ਕਮਿਸ਼ਨ (ਈਸੀਆਈ) ਵੱਲੋਂ ਜਾਰੀ ਚੋਣ ਪਲਾਨਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਆਮ ਚੋਣਾਂ ਤੋਂ ਪਹਿਲਾਂ ਕਈ ਸਰਗਰਮੀਆਂ ਦੀ ਤਫ਼ਸੀਲ ਦੇ ਨਾਲ ਹਰੇਕ ਸਰਗਰਮੀ ਸ਼ੁਰੂ ਤੇ ਖ਼ਤਮ ਹੋਣ ਲਈ ਟਾਈਮਲਾਈਨ ਤੇ ਅਰਸੇ ਦਾ ਬਿਊਰਾ ਦਿੱਤਾ ਗਿਆ ਹੈ। ਸਰਕੁਲਰ ’ਚ ਲਿਖਿਐ, ‘‘ਆਗਾਮੀ ਲੋਕ ਸਭਾ ਚੋਣਾਂ ਲਈ ਕਮਿਸ਼ਨ ਨੇ ਹਵਾਲੇ ਤੇ ਚੋਣ ਪਲਾਨਰ ਲਈ ਸ਼ੁਰੂ ਤੇ ਖ਼ਤਮ ਹੋਣ ਦੀ ਤਰੀਕ ਦਾ ਹਿਸਾਬ ਲਾਉਣ ਲਈ 16/4/2024 ਦੀ ਸੰਭਾਵੀ ਤਰੀਕ ਦਿੱਤੀ ਹੈ।’’ ਦਿੱਲੀ ਸੀਈਓ ਦਫ਼ਤਰ ਨੇ ਅੱਜ ਜਾਰੀ ਇਕ ਬਿਆਨ ਵਿਚ ਸਪਸ਼ਟ ਕੀਤਾ ਕਿ 2024 ਲੋਕ ਸਭਾ ਚੋਣਾਂ ਦੇ ਮੱਦੇਨਜ਼ਰ, ‘‘ਚੋਣਾਂ ਨੂੰ ਲੈ ਕੇ ਵੱਡੀ ਗਿਣਤੀ ਸਰਗਰਮੀਆਂ ਵਿਉਂਤਣ ਤੇ ਇਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਹੈ।’’ ਬਿਆਨ ਵਿੱਚ ਕਿਹਾ ਗਿਆ, ‘‘ਈਸੀਆਈ ਪਲਾਨਰ ਵਿਚ ਅਜਿਹੀਆਂ ਸਾਰੀਆਂ ਅਹਿਮ ਸਰਗਰਮੀਆਂ ਸੂਚੀਬੱਧ ਹੁੰਦੀਆਂ ਹਨ ਤੇ ਇਕ ਕਲਪਿਤ ਚੋਣ ਤਰੀਕ ਦੇ ਹਵਾਲੇ ਨਾਲ ਸਰਗਰਮੀਆਂ ਸ਼ੁਰੂ ਤੇ ਖ਼ਤਮ/ਮੁਕੰਮਲ ਹੋਣ ਦੀ ਤਰੀਕ ਦੱਸੀ ਜਾਂਦੀ ਹੈ।’’ ਲਿਹਾਜ਼ਾ ਸਰਕੁਲਰ ਵਿੱਚ ਜਿਸ ਸੰਭਾਵੀ ਤਰੀਕ ਦਾ ਜ਼ਿਕਰ ਕੀਤਾ ਗਿਆ ਹੈ, ਉਹ ਚੋਣ ਅਧਿਕਾਰੀਆਂ ਲਈ ‘ਸਿਰਫ਼ ਹਵਾਲੇ ਦੇ ਮੰਤਵ’ ਵਾਸਤੇ ਹੈ ਤੇ ‘ਇਸ ਦਾ ਅਸਲ ਤਜਵੀਜ਼ਤ ਚੋਣ ਸ਼ਡਿਊਲ ’ਤੇ ਕੋਈ ਅਸਰ ਨਹੀਂ ਪਏਗਾ’ ਜਿਸ ਦਾ ਭਾਰਤੀ ਚੋਣ ਕਮਿਸ਼ਨ ਵੱਲੋਂ ਢੁੱਕਵੇਂ ਸਮੇਂ ’ਤੇ ਐਲਾਨ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਹਾਲ ਹੀ ਵਿੱਚ ਉਪਰੋਕਤ ਸਰਗਰਮੀਆਂ ਦੀ ਲੜੀ ਵਿਚ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਬਾਰੇੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਆਮ ਕਰਕੇ ਸੂਬਾਈ ਮੁੱਖ ਚੋਣ ਅਧਿਕਾਰੀ ਨੇ ਚੋਣਾਂ ਦੇ ਐਲਾਨ ਤੋਂ ਲਗਪਗ ਤਿੰਨ ਮਹੀਨੇ ਪਹਿਲਾਂ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰਨੀਆਂ ਹੁੰਦੀਆਂ ਹਨ। ਇਸ ਮੰਤਵ ਲਈ ਪਿਛਲੀਆਂ ਚੋਣਾਂ ਦੇ ਐਲਾਨ ਦੀ ਮਿਤੀ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਸਾਲ 2019 ਵਿੱਚ ਲੋਕ ਸਭਾ ਚੋਣਾਂ ਦਾ ਐਲਾਨ 10 ਮਾਰਚ ਨੂੰ ਕੀਤਾ ਗਿਆ ਸੀ ਤੇ ਉਦੋਂ 11 ਅਪਰੈਲ ਤੋਂ 19 ਮਈ ਤੱਕ ਸੱਤ ਗੇੜਾਂ ਵਿੱਚ ਵੋਟਾਂ ਪਈਆਂ ਸਨ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਈ ਸੀ। -ਪੀਟੀਆਈ