ਲੋਕ ਸਭਾ ਚੋਣਾਂ: ਜਗਰਾਉਂ ਪੁਲੀਸ ਵੱਲੋਂ ਫਲੈਗ ਮਾਰਚ
ਪੱਤਰ ਪ੍ਰੇਰਕ
ਜਗਰਾਉਂ, 19 ਅਪਰੈਲ
ਪੁਲੀਸ ਅਤੇ ਸਿਵਲ ਪ੍ਰਸ਼ਾਸਨ ਲੋਕ ਸਭਾ ਚੋਣਾਂ ਸ਼ਾਂਤੀ ਪੂਰਵਕ ਸਿਰੇ ਚੜ੍ਹਾਉਣ ਲਈ ਪੱਬਾਂ ਭਾਰ ਹੈ। ਇਸੇ ਤਹਿਤ ਅੱਜ ਉਪ ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਅਤੇ ਡਿਵੀਜ਼ਨ ਦੇ ਡੀਐੱਸਪੀ ਜਸਯਜੋਤ ਸਿੰਘ ਦੀ ਅਗਵਾਈ ਹੇਠ ਸ਼ਹਿਰ ’ਚ ਫਲੈਗ ਮਾਰਚ ਕੀਤਾ ਗਿਆ। ਫਲੈਗ ਮਾਰਚ ’ਚ ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ, ਪੁਲੀਸ ਮੁਲਾਜ਼ਮਾਂ ਤੋਂ ਇਲਾਵਾ ਨੀਮ ਫੌਜੀ ਬਲਾਂ ਦੇ ਜਵਾਨ ਸ਼ਾਮਲ ਸਨ। ਇਸ ਦੌਰਾਨ ਉਪ-ਮੰਡਲ ਮੈਜਿਸਟਰੇਟ ਗੁਰਵੀਰ ਸਿੰਘ ਕੋਹਲੀ ਅਤੇ ਡੀ.ਐਸ.ਪੀ ਜਸਯਜੋਤ ਸਿੰਘ ਨੇ ਆਖਿਆ ਕਿ ਲੋਕ ਸਭਾ ਚੋਣਾ ਨੂੰ ਲੈ ਕੇ ਪੁਲੀਸ ਅਤੇ ਪ੍ਰਸ਼ਾਸਨ ਦੀ ਸਾਂਝੀ ਕੋਸ਼ਿਸ ਹੈ ਕਿ ਇਲਾਕੇ ’ਚ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਸਮਾਜਿਕ ਗਤੀਵਿਧੀਆਂ ’ਚ ਸ਼ਾਮਲ ਲੋਕਾਂ ਦੇ ਮਨਸੂਬਿਆਂ ਨੂੰ ਹੁਲਾਰਾ ਦਿੰਦੀ ਹੋਵੇ ਅਤੇ ਲੋਕ ਮਨਾਂ ’ਚ ਡਰ ਅਤੇ ਸਹਿਮ ਦੀ ਭਾਵਨਾ ਨੂੰ ਜਨਮ ਦੇਵੇ। ਦੋਵੇਂ ਵਿਭਾਗ ਲੋਕ ਸਭਾ ਚੋਣ ਨੂੰ ਉਚ ਦਰਜੇ ਦੀਆਂ ਕਦਰਾਂ ਕੀਮਤਾਂ ਅਤੇ ਭਾਈਚਾਰਕ ਸਾਂਝ ਦੇ ਸੁਨੇਹੇ ਨਾਲ ਨੇਪਰੇ ਚਾੜਨ੍ਹ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ, ਚੋਰੀ ਤੇ ਲੁੱਟ ਆਦਿ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਲਈ ਸਮੁੱਚੇ ਇਲਾਕੇ ’ਚ ਕੋਈ ਥਾਂ ਨਹੀਂ ਹੈ।
ਇਸ ਤੋਂ ਇਲਾਵਾ ਬਗੈਰ ਵਜ੍ਹਾ ਖਰੂਦ ਪਾਉਣ ਅਤੇ ਸਾਧਾਰਨ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੇ ਗਲਤ ਅਨਸਰ ਬਖਸ਼ੇ ਨਹੀਂ ਜਾਣਗੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਬਗੈਰ ਭੈਅ ਵੋਟਾਂ ਪਾਉਣ ਦੀ ਅਪੀਲ ਕੀਤੀ ਹੈ। ਫਲੈਗ ਮਾਰਚ ’ਚ ਸਬ-ਇੰਸਪੈਕਟਰ ਨਰਿੰਦਰ ਸਿੰਘ, ਸਬ-ਇੰਸਪੈਕਟਰ ਸੁਰਿੰਦਰ ਸਿੰਘ, ਸਬ-ਇੰਸਪੈਕਟਰ ਨੰਦ ਲਾਲ, ਸਬ-ਗੁਰਵਿੰਦਰ ਸਿੰਘ ਸਮੇਤ ਪੁਲੀਸ ਮੁਲਾਜ਼ਮ ਹਾਜ਼ਰ ਸਨ।