ਲੋਕ ਸਭਾ ਚੋਣਾਂ: ਸ੍ਰੀ ਆਨੰਦਪੁਰ ਸਾਹਿਬ ਹਲਕੇ ’ਚ ਚੋਣ ਪ੍ਰਚਾਰ ਭਖ਼ਿਆ
ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 16 ਮਈ
ਪੰਥਕ ਹਲਕਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ। ਇੱਥੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ, ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਕੰਗ, ਕਾਂਗਰਸ ਦੇ ਵਿਜੈਇੰਦਰ ਸਿੰਗਲਾ, ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਅਤੇ ਭਾਜਪਾ ਦੇ ਉਮੀਦਵਾਰ ਸੁਭਾਸ਼ ਸ਼ਰਮਾ ਚੋਣ ਲੜ ਰਹੇ ਹਨ। ਇਸ ਹਲਕੇ ਤੋਂ ਹਮੇਸ਼ਾ ਅਕਾਲੀ ਦਲ ਅਤੇ ਕਾਂਗਰਸ ਹੀ ਚੋਣ ਜਿੱਤਦੀ ਰਹੀ ਹੈ ਪਰ ਇਸ ਵਾਰ ਸਾਰੀਆਂ ਪਾਰਟੀਆਂ ਵੱਲੋਂ ਵੱਡੇ ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਨ ਨਾਲ ਬਹੁਕੋਨਾ ਮੁਕਾਬਲਾ ਬਣ ਗਿਆ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਜਪਾ ਅਤੇ ਕਾਂਗਰਸ ਵੱਲੋਂ ਉਮੀਦਵਾਰਾਂ ਦਾ ਫ਼ੈਸਲਾ ਦੇਰੀ ਨਾਲ ਲੈਣ ਕਾਰਨ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ‘ਆਪ’ ਦੇ ਮਾਲਵਿੰਦਰ ਸਿੰਘ ਕੰਗ ਪਹਿਲਾ ਚੋਣ ਪ੍ਰਚਾਰ ਵਿੱਚ ਸਭ ਤੋਂ ਮੋਹਰੀ ਸਨ ਪਰ ਹੁਣ ਕਾਂਗਰਸ ਦੇ ਵਿਜੈਇੰਦਰ ਸਿੰਗਲਾ ਨੇ ਵੀ ਚੋਣ ਪ੍ਰਚਾਰ ਲਈ ਪੂਰੀ ਤਾਕਤ ਝੋਕ ਦਿੱਤੀ ਹੈ ਅਤੇ ਭਾਜਪਾ ਦੇ ਸੁਭਾਸ਼ ਸ਼ਰਮਾ ਦੇ ਚੋਣ ਜਲਸਿਆਂ ਵਿੱਚ ਭਰਵੇਂ ਇਕੱਠ ਹੋ ਰਹੇ ਹਨ। ਇੰਜ ਹੀ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੇ ਚੋਣ ਮੈਦਾਨ ਵਿੱਚ ਉਤਰਨ ਕਾਰਨ ਵਰਕਰਾਂ ਨੇ ਇਸ ਚੋਣ ਨੂੰ ਆਪਣੇ ਵੱਕਾਰ ਦਾ ਸਵਾਲ ਬਣਾ ਲਿਆ ਹੈ। ਬਸਪਾ ਦਾ ਇਸ ਖੇਤਰ ਵਿੱਚ ਚੰਗਾ ਆਧਾਰ ਹੈ।
ਅਕਾਲੀ ਦਲ ਦੇ ਉਮੀਦਵਾਰ ਪ੍ਰੇਮ ਸਿੰਘ ਚੰਦੂਮਾਜਰਾ ਪੁਰਾਣੇ ਖਿਡਾਰੀ ਹਨ, ਜਦਕਿ ‘ਆਪ’ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਪਹਿਲੀ ਵਾਰ ਚੋਣ ਲੜ ਰਹੇ ਹਨ। ਹਾਲਾਂਕਿ ਕੰਗ ਪਾਰਟੀ ਦੀ ਸਰਕਾਰ ਹੋਣ ਕਾਰਨ ਆਪਣੀ ਜਿੱਤ ਲਈ ਕਾਫ਼ੀ ਆਸਵੰਦ ਹਨ ਪਰ ਉਨ੍ਹਾਂ ਨੂੰ ਸੂਬਾ ਸਰਕਾਰ ਦੀਆਂ ਨਾਕਾਮੀਆਂ ਅਤੇ ਪੁਲੀਸ ਵਧੀਕੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਨੂੰ ਸ਼ਹਿਰੀ ਖੇਤਰ ਵਿੱਚ ਭਾਵੇਂ ਸ੍ਰੀ ਰਾਮ ਮੰਦਰ ਨਿਰਮਾਣ ਦਾ ਲਾਭ ਮਿਲ ਸਕਦਾ ਹੈ ਪਰ ਪੇਂਡੂ ਖੇਤਰ ਵਿੱਚ ਕਿਸਾਨਾਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ। ਕਾਂਗਰਸ ਦੇ ਵਿਜੈਇੰਦਰ ਸਿੰਗਲਾ ਨੂੰ ਬਾਹਰੀ ਉਮੀਦਵਾਰ ਹੋਣ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਉਂਜ ਵੀ ਉਹ ਸੰਗਰੂਰ ਦੀਆਂ ਪ੍ਰਾਪਤੀਆਂ ਗਿਣਵਾ ਕੇ ਵੋਟਾਂ ਮੰਗ ਰਹੇ ਹਨ। ਇੱਥੋਂ ਕਾਂਗਰਸ ਵੱਲੋਂ ਹਮੇਸ਼ਾ ਬਾਹਰੀ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਜਾਂਦੇ ਰਹੇ ਹਨ। ਪਹਿਲਾਂ ਰਵਨੀਤ ਬਿੱਟੂ, ਫਿਰ ਸ੍ਰੀਮਤੀ ਅੰਬਿਕਾ ਸੋਨੀ, ਫੇਰ ਮਨੀਸ਼ ਤਿਵਾੜੀ ਅਤੇ ਹੁਣ ਵਿਜੈਇੰਦਰ ਸਿੰਗਲਾ। ਬਿੱਟੂ ਤੇ ਤਿਵਾੜੀ ਹਲਕਾ ਛੱਡ ਕੇ ਭੱਜ ਚੁੱਕੇ ਹਨ ਜਦੋਂ ਕਿ ਅੰਬਿਕਾ ਸੋਨੀ ਇੱਥੋਂ ਚੋਣ ਹਾਰਨ ਤੋਂ ਬਾਅਦ ਕਦੇ ਇੱਧਰ ਨਹੀਂ ਆਏ।