For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਪੀਏਯੂ ਵਿੱਚ ਨੌਂ ਥਾਵਾਂ ’ਤੇ ਹੋਵੇਗੀ ਵੋਟਾਂ ਦੀ ਗਿਣਤੀ

06:57 AM Jun 04, 2024 IST
ਲੋਕ ਸਭਾ ਚੋਣਾਂ  ਪੀਏਯੂ ਵਿੱਚ ਨੌਂ ਥਾਵਾਂ ’ਤੇ ਹੋਵੇਗੀ ਵੋਟਾਂ ਦੀ ਗਿਣਤੀ
ਪੀਏਯੂ ਵਿੱਚ ਗਿਣਤੀ ਸੈਂਟਰਾਂ ਨੇੜੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਂਦੀ ਹੋਈ ਜ਼ਿਲ੍ਹਾ ਚੋਣ ਅਫਸਰ ਸਾਕਸ਼ੀ ਸਾਹਨੀ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਗਗਨਦੀਪ ਅਰੋੜਾ
ਲੁਧਿਆਣਾ, 3 ਜੂਨ
ਲੋਕ ਸਭਾ ਚੋਣਾਂ ਦੇ ਨਤੀਜਿਆਂ ਦਾ ਆਖ਼ਰਕਾਰ ਉਹ ਸਮਾਂ ਆ ਗਿਆ ਹੈ ਜਿਸਦੀ ਲੰਮੇ ਸਮੇਂ ਤੋਂ ਬੇਸਬਰੀ ਨਾਲ ਉਡੀਕ ਸੀ। ਵੋਟਾਂ ਦੀ ਗਿਣਤੀ ਮੰਗਲਵਾਰ ਨੂੰ ਅੱਠ ਵਜੇ ਸ਼ੁਰੂ ਹੋਵੇਗੀ ਅਤੇ ਕੁੱਝ ਹੀ ਘੰਟਿਆਂ ’ਚ ਤਸਵੀਰ ਸਾਫ਼ ਹੋ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੋਟਾਂ ਦੀ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਥਾਵਾਂ ਦੀ ਵੀ ਚੋਣ ਕੀਤੀ ਗਈ ਜਿੱਥੇ ਵੋਟਾਂ ਦੀ ਗਿਣਤੀ ਕੀਤੀ ਜਾਣੀ ਹੈ। ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਨੌਂ ਥਾਵਾਂ ’ਤੇ ਵੋਟਾਂ ਦੀ ਗਿਣਤੀ ਹੋਵੇਗੀ। ਇਸ ਸਬੰਧੀ 900 ਤੋਂ ਵੱਧ ਮੁਲਾਜ਼ਮਾਂ ਦੀ ਡਿਊਟੀ ਲਾਈ ਗਈ ਹੈ। ਯੂਨੀਵਰਸਿਟੀ ਵਿੱਚ ਨੌਂ ਸੈਂਟਰ ਬਣਾਏ ਗਏ ਹਨ। ਹਰੇਕ ਸੈਂਟਰ ’ਤੇ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਨਾਲ ਹੀ 1100 ਪੁਲੀਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਹੱਥ ਵਿੱਚ ਸੁਰੱਖਿਆ ਕਮਾਂਡ ਸੌਂਪੀ ਗਈ ਹੈ। ਮੰਗਲਵਾਰ ਨੂੰ ਪੀਏਯੂ ਦੇ ਗੇਟ ਆਮ ਲੋਕਾਂ ਲਈ ਬੰਦ ਰਹਿਣਗੇ, ਸਿਰਫ਼ ਉਨ੍ਹਾਂ ਲੋਕਾਂ ਨੂੰ ਅੰਦਰ ਜਾਣ ਦੀ ਆਗਿਆ ਹੋਵੇਗੀ ਜਿਸ ਕੋਲ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਪਾਸ ਜਾਂ ਐਂਟਰੀ ਕਾਰਡ ਹੋਵੇਗਾ। ਪੀਏਯੂ ਦੇ ਸਾਰੇ ਮੁੱਖ ਗੇਟ ’ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਰਹਿਣਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗੀ। ਉਮੀਦਵਾਰਾਂ ਅਤੇ ਉਨ੍ਹਾਂ ਦੇ ਨਾਲ ਜਾਣ ਵਾਲਿਆਂ ਨੂੰ ਸਮੇਂ ’ਤੇ ਹੀ ਉੱਥੇ ਪੁੱਜਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਦੇ ਹੁਕਮਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਲਈ ਪੀਏਯੂ ’ਚ ਨੌਂ ਥਾਵਾਂ ਦੀ ਚੋਣ ਕੀਤੀ ਹੈ। ਪਹਿਲਾਂ ਬੈਲੇਟ ਪੇਪਰਾਂ ਵਾਲੀਆਂ ਵੋਟਾਂ ਗਿਣੀਆਂ ਜਾਣਗੀਆਂ। ਇਸ ਤੋਂ ਬਾਅਦ ਈਵੀਐੱਮ ਮਸ਼ੀਨਾਂ ਖੋਲ੍ਹੀਆਂ ਜਾਣਗੀਆਂ। 1843 ਈਵੀਐੱਮ ਮਸ਼ੀਨਾਂ ਵਿੱਚ ਬੰਦ 43 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੁਝ ਹੀ ਘੰਟਿਆਂ ਵਿੱਚ ਸਪਸ਼ਟ ਹੋ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਵੋਟਾਂ ਦੀ ਗਿਣਤੀ ਲਈ ਵੱਡੀ ਗਿਣਤੀ ਵਿੱਚ ਸਟਾਫ਼ ਤਾਇਨਾਤ ਕੀਤਾ ਹੈ। 900 ਮੁਲਾਜ਼ਮਾਂ ਵੋਟਾਂ ਦੀ ਗਿਣਤੀ ਕਰਨਗੇ ਤੇ 1100 ਦੇ ਕਰੀਬ ਪੁਲੀਸ ਮੁਲਾਜ਼ਮਾਂ ਉਨ੍ਹਾਂ ਦੀ ਸੁਰੱਖਿਆ ਲਈ ਤਾਇਨਾਤ ਰਹਿਣਗੇ। ਸੁਰੱਖਿਆ ਵਿਵਸਥਾ ਦੀ ਜ਼ਿੰਮੇਵਾਰੀ ਪੁਲੀਸ ਕਮਿਸ਼ਨਰ ਨਿਲਾਭ ਕਿਸ਼ੋਰ ਤੇ ਜੁਆਇੰਟ ਪੁਲੀਸ ਕਮਿਸ਼ਨਰ ਜਸਕਿਰਨਜੀਤ ਸਿੰਘ ਤੇਜਾ ਦੇ ਹੱਥ ’ਚ ਰਹੇਗੀ। ਉਮੀਦਵਾਰ ਦੀ ਜਿੱਤ ਤੋਂ ਬਾਅਦ ਜਸ਼ਨ ਨੂੰ ਲੈ ਕੇ ਵੀ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਜਾਣਗੇ।

Advertisement

ਵੋਟਾਂ ਦੀ 141 ਗੇੜਾਂ ’ਚ ਹੋਵੇਗੀ ਗਿਣਤੀ: ਸਾਕਸ਼ੀ ਸਾਹਨੀ

ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਪੂਰਬ ਸੰਧਿਆ ਫੁੱਲਾਂ ਦੇ ਹਾਰ ਤਿਆਰ ਕਰਦਾ ਹੋਇਆ ਇੱਕ ਦੁਕਾਨਦਾਰ। -ਫੋਟੋਆਂ: ਹਿਮਾਂਸ਼ ਮਹਾਜਨ

ਲੁਧਿਆਣਾ: ਲੁਧਿਆਣਾ ਲੋਕ ਸਭਾ ਹਲਕੇ ਲਈ 141 ਗੇੜਾਂ ਵਿੱਚ ਵੋਟਾਂ ਦੀ ਗਿਣਤੀ ਹੋਵੇਗੀ, ਜਿਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਧਿਕਾਰੀ ਸਾਕਸ਼ੀ ਸਾਹਨੀ ਨੇ ਅੱਜ ਇਸ ਸਬੰਧੀ ਕੀਤੇ ਗਏ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ਵਿੱਚ ਸੁਚਾਰੂ ਅਤੇ ਨਿਰਵਿਘਨ ਗਿਣਤੀ ਪ੍ਰਕਿਰਿਆ ਲਈ ਲੋੜੀਂਦੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਅਤੇ ਪਾਰਕਿੰਗ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਸਖ਼ਤ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ ਅਮਨ-ਸ਼ਾਂਤੀ ਅਤੇ ਸੁਖਾਵੇਂ ਮਾਹੌਲ ਵਿੱਚ ਕਰਵਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਸਾਹਨੀ ਨੇ ਦੱਸਿਆ ਕਿ ਵੋਟਾਂ ਤੇ ਪੋਸਟਲ ਬੈਲਟ ਦੀ ਗਿਣਤੀ ਸਵੇਰੇ 8 ਵਜੇ ਅਬਜ਼ਰਵਰਾਂ, ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਸ਼ੁਰੂ ਹੋਵੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮ) ਅਤੇ ਵੀਵੀਪੈਟ ਮਸ਼ੀਨਾਂ ਦੀ ਸੁਰੱਖਿਆ ਲਈ ਪਹਿਲਾਂ ਹੀ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਜਿਸ ਲਈ ਗਿਣਤੀ ਕੇਂਦਰਾਂ ’ਤੇ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਗਈ ਹੈ। ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਗਿਣਤੀ ਕੇਂਦਰਾਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਮਸ਼ੀਨਾਂ ਦੀ 24 ਘੰਟੇ ਨਿਗਰਾਨੀ ਨੂੰ ਵੀ ਯਕੀਨੀ ਬਣਾਇਆ ਜਾ ਰਿਹਾ ਹੈ। ਉਧਰ, ਲੋਕ ਸਭਾ ਚੋਣਾਂ-2024 ਲਈ ਕਾਊਂਟਿੰਗ ਸਟਾਫ਼ ਦੀ ਦੂਜੀ ਰੈਂਡਮਾਈਜ਼ੇਸ਼ਨ ਸੋਮਵਾਰ ਨੂੰ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੇ ਦਫ਼ਤਰ ਵਿਖੇ ਕੀਤੀ ਗਈ। ਰੈਂਡਮਾਈਜ਼ੇਸ਼ਨ ਵਿੱਚ ਕੁੱਲ 813 ਕਾਊਂਟਿੰਗ ਸਟਾਫ ਸ਼ਾਮਲ ਸੀ, ਜਿਸ ਵਿੱਚ ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ ਅਤੇ ਮਾਈਕਰੋ-ਅਬਜ਼ਰਵਰ ਸ਼ਾਮਲ ਸਨ।

Advertisement
Author Image

Advertisement
Advertisement
×