For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਵੋਟਾਂ ਦੀ ਗਿਣਤੀ ਅੱਜ

06:48 AM Jun 04, 2024 IST
ਲੋਕ ਸਭਾ ਚੋਣਾਂ  ਵੋਟਾਂ ਦੀ ਗਿਣਤੀ ਅੱਜ
ਸ੍ਰੀਨਗਰ ਦੇ ਇੱਕ ਗਿਣਤੀ ਕੇਂਦਰ ’ਤੇ ਚੋਣ ਸਮੱਗਰੀ ਦੀ ਜਾਂਚ ਕਰਦੇ ਹੋਏ ਸੁਰੱਖਿਆ ਅਧਿਕਾਰੀ। -ਫੋਟੋ: ਪੀਟੀਆਈ
Advertisement

* ਇੰਡੀਆ ਗੱਠਜੋੜ ਨੂੰ ਵੱਡੇ ਉਲਟਫੇਰ ਦੀ ਆਸ
* ਕਈ ਕੇਂਦਰੀ ਮੰਤਰੀਆਂ ਤੇ ਸਾਬਕਾ ਮੁੱਖ ਮੰਤਰੀਆਂ ਦੀ ਸਿਆਸੀ ਕਿਸਮਤ ਦਾ ਹੋਵੇਗਾ ਫੈਸਲਾ

Advertisement

ਨਵੀਂ ਦਿੱਲੀ, 3 ਜੂਨ
ਲੋਕ ਸਭਾ ਚੋਣਾਂ ਲਈ ਮੰਗਲਵਾਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਰਿਕਾਰਡ ਤੀਜੀ ਵਾਰ ਵੱਡੇ ਫਤਵੇ ਨਾਲ ਸੱਤਾ ਵਿਚ ਵਾਪਸੀ ’ਤੇ ਨਜ਼ਰਾਂ ਟਿਕਾਈ ਬੈਠੇ ਹਨ, ਉਥੇ ਕਾਂਗਰਸ ਸਣੇ ਵਿਰੋਧੀ ਧਿਰਾਂ ਦੀ ਸ਼ਮੂਲੀਅਤ ਵਾਲਾ ਇੰਡੀਆ ਗੱਠਜੋੜ ਭਲਕੇ ਕਿਸੇ ਵੱਡੇ ਉਲਟ ਫੇਰ ਦੀ ਆਸ ਵਿਚ ਹੈ। ਚੋਣ ਨਤੀਜਿਆਂ ਦੇ ਐਲਾਨ ਨਾਲ ਪਿਛਲੇ 80 ਦਿਨਾਂ ਤੋਂ ਜਾਰੀ ਮੈਰਾਥਨ ਚੋਣ ਅਮਲ ਵੀ ਮੁੱਕ ਜਾਵੇਗਾ। ਬਹੁਤੇ ਚੋਣ ਮਾਹਿਰ ਭਾਵੇਂ ਇਨ੍ਹਾਂ ਚੋਣਾਂ ਵਿਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦਾ ਹੱਥ ਉੱਤੇ ਮੰਨਦੇ ਹਨ, ਪਰ ਇਥੇ ਸੱਤਾਧਾਰੀ ਧਿਰ ਦਾ ਵੱਕਾਰ ਵੀ ਦਾਅ ’ਤੇ ਹੈ ਕਿ ਉਸ ਨੂੰ 2019 ਦੇ ਮੁਕਾਬਲੇ ਵੱਧ ਸੀਟਾਂ ਮਿਲਦੀਆਂ ਹਨ ਜਾਂ ਫਿਰ ਗਿਣਤੀ ਘਟਦੀ ਹੈ। ਕੌਮੀ ਪੱਧਰ ’ਤੇ ਅਸਰ ਰਸੂਖ਼ ਘਟਣ ਕਰਕੇ ਕਾਂਗਰਸ ਸਣੇ ਹੋਰ ਵਿਰੋਧੀ ਧਿਰਾਂ ਦਾ ਵੱਕਾਰ ਵੀ ਦਾਅ ’ਤੇ ਹੈ।

ਮੁੰਬਈ ਵਿੱਚ ਵੋਟਾਂ ਦੀ ਗਿਣਤੀ ਤੋਂ ਇੱਕ ਦਿਨ ਪਹਿਲਾਂ ਇੱਕ ਗਿਣਤੀ ਕੇਂਦਰ ’ਚ ਬੈਠੇ ਚੋਣ ਅਧਿਕਾਰੀ। -ਫੋਟੋ: ਪੀਟੀਆਈ

ਐਗਜ਼ਿਟ ਪੋਲ ਵਿਚ ਇਕਮਤ ਨਾਲ ਭਾਜਪਾ ਦੀ ਅਗਵਾਈ ਵਾਲੇੇ ਐੱਨਡੀਏ ਗੱਠਜੋੜ ਨੂੰ ਸਪਸ਼ਟ ਬਹੁਮਤ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ‘400 ਪਾਰ’ ਦੇ ਉਤਸ਼ਾਹੀ ਟੀਚੇ ਨੂੰ ਹਕੀਕੀ ਰੂਪ ਦੇਣ ਦੇ ਨੇੜੇ ਤੇੜੇ ਨਜ਼ਰ ਆਉਂਦੇ ਹਨ। ਐਗਜ਼ਿਟ ਪੋਲਾਂ ਵਿਚ ਇੰਡੀਆ ਗੱਠਜੋੜ ਨੂੰ 180 ਤੱਕ ਸੀਟਾਂ ਮਿਲਣ ਦੇ ਦਾਅਵੇ ਕੀਤੇ ਗਏ ਹਨ। ਸਾਰੀਆਂ ਪਾਰਟੀਆਂ ਭਾਵੇਂ ਚੋਣ ਫ਼ਤਵਿਆਂ ਨੂੰ ਇਤਿਹਾਸਕ ਤੌਰ ’ਤੇ ਸਵੀਕਾਰ ਕਰਦੀਆਂ ਰਹੀਆਂ ਹਨ, ਪਰ ਵਿਰੋਧੀ ਧਿਰਾਂ ਨੇ ਐਤਕੀਂ ਚੋਣ ਅਮਲ ਨੂੰ ਲੈ ਕੇ ਕਈ ਵੱਡੇ ਸਵਾਲ ਚੁੱਕੇ ਹਨ। ਐਗਜ਼ਿਟ ਪੋਲ ਵਿਚ ਸੱਤਾਧਾਰੀ ਧਿਰ ਨੂੰ ਵੱਡੇ ਬਹੁਮਤ ਦੀ ਪੇਸ਼ੀਨਗੋਈ ਮਗਰੋਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਦੋਵੇਂ ਧਿਰਾਂ (ਸੱਤਾਧਾਰੀ ਤੇ ਵਿਰੋਧੀ) ਵੱਲੋਂ ਇਕ ਦੂਜੇ ’ਤੇ ਦੋਸ਼ ਲਾਏ ਗਏ ਹਨ। ਰਾਹੁਲ ਗਾਂਧੀ ਐਗਜ਼ਿਟ ਪੋਲ ਨੂੰ ‘ਮੋਦੀ ਮੀਡੀਆ ਪੋਲ’ ਦੱਸ ਕੇ ਪਹਿਲਾਂ ਹੀ ਖਾਰਜ ਕਰ ਚੁੱਕੇ ਹਨ। ਇੰਡੀਆ ਗੱਠਜੋੜ ਦੇ ਆਗੂ, ਜੋ ਈਵੀਐੱਮਜ਼ ਨੂੰ ਲੈ ਕੇ ਸ਼ੱਕ-ਸ਼ੁੁਬ੍ਹੇ ਖੜ੍ਹੇ ਕਰਦੇ ਰਹੇ ਹਨ, ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਇਸ ‘ਕਲਪਿਤ’ ਐਗਜ਼ਿਟ ਪੋਲ ਜ਼ਰੀਏ ਅਫ਼ਸਰਸ਼ਾਹੀ ’ਤੇ ਦਬਾਅ ਬਣਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਸਰਕਾਰ ਮੁੜ ਸੱਤਾ ਵਿਚ ਆ ਰਹੀ ਹੈ। ਵਿਰੋਧੀ ਧਿਰਾਂ ਨੇ ਚੋਣ ਕਮਿਸ਼ਨ ਕੋਲ ਪਹੁੰਚ ਕਰਕੇ ਚੋਣ ਨਿਗਰਾਨ ਨੂੰ ਵੋਟਾਂ ਦੀ ਗਿਣਤੀ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ। ਉਧਰ ਭਾਜਪਾ ਨੇ ਪਲਟਵਾਰ ਕਰਦਿਆਂ ਕਾਂਗਰਸ ਤੇ ਇੰਡੀਆ ਗੱਠਜੋੜ ’ਤੇ ਭਾਰਤ ਦੇ ਚੋਣ ਅਮਲ ਦੀ ਅਖੰਡਤਾ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਭਾਜਪਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਵੋਟਾਂ ਦੀ ਗਿਣਤੀ ਵਾਲੇ ਦਿਨ ‘ਹਿੰਸਾ ਤੇ ਗੜਬੜ’ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਲੋੜੀਂਦੇ ਪ੍ਰਬੰਧ ਕੀਤੇ ਜਾਣ। ਸ੍ਰੀ ਮੋਦੀ ਨੇ ਲੋਕ ਸਭਾ ਚੋਣਾਂ ਦੌਰਾਨ ਆਪਣੇ ਚੋਣ ਪ੍ਰਚਾਰ ਨੂੰ ਕਾਂਗਰਸ ਦੀ ‘ਤੁਸ਼ਟੀਕਰਨ ਦੀ ਸਿਆਸਤ’ ਦੁਆਲੇ ਕੇਂਦਰਤ ਰੱਖਿਆ।
ਭਲਕੇ ਚੋਣ ਨਤੀਜਿਆਂ ਤੋਂ ਇਕ ਗੱਲ ਸਾਫ਼ ਹੋ ਜਾਵੇਗੀ ਕਿ ਕੀ ਕਾਂਗਰਸ 2014 ਤੋਂ ਬਾਅਦ ਪੂਰੇ ਦੇਸ਼ ਵਿਚ ਆਪਣਾ ਅਸਰ ਰਸੂਖ਼ ਘਟਣ ਦਰਮਿਆਨ ਕੀ ਭਾਜਪਾ ਨੂੰ ਚੁਣੌਤੀ ਦੇਣ ਦੇ ਸਮਰੱਥ ਹੈ। ਪਿਛਲੀਆਂ ਦੋ ਲੋਕ ਸਭਾ ਚੋਣਾਂ ਵਿਚ ਕਾਂਗਰਸ ਮੁੱਖ ਵਿਰੋਧੀ ਪਾਰਟੀ ਦਾ ਦਰਜਾ ਹਾਸਲ ਕਰਨ ਵਿਚ ਵੀ ਨਾਕਾਮ ਰਹੀ ਸੀ। ਕਈ ਰਾਜਾਂ ਖਾਸ ਕਰਕੇ ਹਿੰਦੀ ਭਾਸ਼ਾ ਬੋਲਣ ਵਾਲੇ ਰਾਜਾਂ ਵਿਚ ਕਾਂਗਰਸ ਦੇ ਅਧਾਰ ਨੂੰ ਖੋਰਾ ਲੱਗਾ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਪਾਰਟੀ ਦੇ ਪ੍ਰਮੁੱਖ ਚੋਣ ਪ੍ਰਚਾਰਕ ਰਾਹੁਲ ਗਾਂਧੀ ਹਾਲਾਂਕਿ ਦਾਅਵਾ ਕਰਦੇ ਹਨ ਕਿ 543 ਮੈਂਬਰੀ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੇ ਗੱਠਜੋੜ ਨੂੰ 295 ਸੀਟਾਂ ਮਿਲਣਗੀਆਂ ਤੇ ਮੋਦੀ ਯੁੱਗ ਦਾ ਅੰਤ ਹੋਵੇਗਾ। ਇੰਡੀਆ ਗੱਠਜੋੜ ਦੇ ਆਗੂਆਂ ਦਾ ਮੰਨਣਾ ਹੈ ਕਿ ਉਹ ਚੋੋਣ ਪ੍ਰਚਾਰ ਦੌਰਾਨ ਜਮਹੂਰੀਅਤ ਨੂੰ ਖਤਰੇ ਦੇ ਆਪਣੇ ਚੋਣ ਬਿਰਤਾਂਤ ਨੂੰ ਸਹੀ ਦਿਸ਼ਾ ਦੇਣ ਵਿਚ ਸਫਲ ਰਹੇ ਹਨ ਤੇ ਲੋਕਾਂ ਨੇ ਇਸ ਦੀ ਹਮਾਇਤ ਵੀ ਕੀਤੀ। ਭਲਕੇ ਐੱਨਡੀਏ ਗੱਠਜੋੜ ਨੂੰ ਸਪਸ਼ਟ ਤੇ ਵੱਡਾ ਬਹੁਮਤ ਮਿਲਣ ਨਾਲ ਸ੍ਰੀ ਮੋਦੀ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਲਗਾਤਾਰ ਤਿੰਨ ਵਾਰ ਚੋਣਾਂ ਜਿੱਤਣ ਦੇ ਰਿਕਾਰਡ ਦੀ ਬਰਾਬਰੀ ਕਰ ਲੈਣਗੇ। ਉਧਰ ਖੱਬੀਆਂ ਪਾਰਟੀਆਂ ਸਣੇ ਕਈ ਖੇਤਰੀ ਪਾਰਟੀਆਂ- ਤ੍ਰਿਣਮੂਲ ਕਾਂਗਰਸ, ਬੀਜੇਡੀ, ਵਾਈਐੱਸਆਰ ਕਾਂਗਰਸ ਦੇ ਸਿਆਸੀ ਭਵਿੱਖ ਨੂੰ ਲੈ ਕੇ ਬੇਯਕੀਨੀ ਹੈ। ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੇ ਹਮੇਸ਼ਾ ਆਸਵੰਦ ਰਹੇ ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਇਕ ਮਜ਼ਮੂਨ ਲਿਖ ਕੇ ਦੇਸ਼ ਬਾਰੇ ਆਪਣਾ ਦ੍ਰਿਸ਼ਟੀਕੋਣ ਸਪਸ਼ਟ ਕੀਤਾ ਹੈ। ਸ੍ਰੀ ਮੋਦੀ ਨੂੰ ਮੁੜ ਸਰਕਾਰ ਬਣਾਉਣ ਦਾ ਇੰਨਾ ਵਿਸ਼ਵਾਸ ਹੈ ਕਿ ਉਹ ‘ਨਵੀਂ ਸਰਕਾਰ’ ਦੇ ਪਹਿਲੇ 100 ਦਿਨਾਂ ਦੇ ਏਜੰਡੇ ਨੂੰ ਲੈ ਕੇ ਸਿਖਰਲੇ ਅਧਿਕਾਰੀਆਂ ਨਾਲ ਬੈਠਕ ਵੀ ਕਰ ਚੁੱਕੇ ਹਨ। ਭਲਕ ਦੇ ਚੋਣ ਨਤੀਜਿਆਂ ਨਾਲ ਸ਼ਰਦ ਪਵਾਰ ਤੇ ਊਧਵ ਠਾਕਰੇ ਜਿਹੇ ਕਈ ਖੇਤਰੀ ਕੱਦਾਵਰ ਆਗੂਆਂ ਦੇ ਸਿਆਸੀ ਭਵਿੱਖ ਦਾ ਵੀ ਫੈਸਲਾ ਹੋਵੇਗਾ। -ਪੀਟੀਆਈ

ਸੰਵਿਧਾਨ ਦਾ ਪਾਲਣ ਕਰੋ ਤੇ ਬਿਨਾਂ ਕਿਸੇ ਡਰ ਦੇ ਦੇਸ਼ ਦੀ ਸੇਵਾ ਕਰੋ: ਖੜਗੇ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੇਸ਼ ਦੇ ਨੌਕਰਸ਼ਾਹਾਂ ਨੂੰ ਪੱਤਰ ਲਿਖਦਿਆਂ ਕਿਹਾ ਹੈ ਕਿ ਉਹ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਦੌਰਾਨ ਸੰਵਿਧਾਨ ਦੀ ਪਾਲਣਾ ਕਰਨ ਅਤੇ ਬਿਨਾਂ ਕਿਸੇ ਡਰ ਦੇ ਆਪਣੀ ਡਿਊਟੀ ਨਿਭਾਉਣ। ਉਨ੍ਹਾਂ ਅਧਿਕਾਰੀਆਂ ਨੂੰ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕਰਦਿਆਂ ਲਿਖਿਆ, ‘ਕਿਸੇ ਤੋਂ ਨਾ ਡਰੋ ਤੇ ਕਿਸੇ ਵੀ ਗੈਰ-ਸੰਵਿਧਾਨਕ ਤਾਕਤਾਂ ਅੱਗੇ ਨਾ ਝੁਕੋ।’ ਉਨ੍ਹਾਂ ਨੌਕਰਸ਼ਾਹਾਂ ਨੂੰ ਆਪਣਾ ਫਰਜ਼ ਨਿਭਾਉਣ ਦਾ ਸੰਦੇਸ਼ ਦਿੱਤਾ। -ਪੀਟੀਆਈ

ਹਿਮਾਚਲ ਪ੍ਰਦੇਸ਼ ਵੀ ਵੋਟਾਂ ਦੀ ਗਿਣਤੀ ਲਈ ਤਿਆਰ

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀਆਂ ਚਾਰ ਲੋਕ ਸਭਾ ਸੀਟਾਂ ਤੇ ਛੇ ਅਸੈਂਬਲੀ ਹਲਕਿਆਂ ਦੀ ਜ਼ਿਮਨੀ ਚੋਣ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਜਾਣਗੇ। ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਅਦਾਕਾਰ ਕੰਗਣਾ ਰਣੌਤ, ਚਾਰ ਵਾਰ ਰਾਜ ਸਭਾ ਮੈਂਬਰ ਰਹੇ ਆਨੰਦ ਸ਼ਰਮਾ ਤੇ ਮੌਜੂਦਾ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਵਿਕਰਮਾਦਿੱਤਿਆ ਸਿੰਘ ਜਿਹੇ ਵੱਡੇ ਆਗੂਆਂ ’ਤੇ ਸਾਰਿਆਂ ਦੀ ਨਜ਼ਰ ਰਹੇਗੀ। ਚਾਰ ਵਾਰ ਦੇ ਸੰਸਦ ਮੈਂਬਰ ਤੇ ਭਾਜਪਾ ਉਮੀਦਵਾਰ ਠਾਕੁਰ ਲਗਾਤਾਰ ਪੰਜਵੀਂ ਵਾਰ ਹਮੀਰਪੁਰ ਤੋਂ ਮੈਦਾਨ ਵਿਚ ਹਨ। ਪਹਿਲੀ ਵਾਰ ਸਿਆਸੀ ਪਿੜ ਵਿਚ ਨਿੱਤਰੀ ਰਣੌਤ ਮੰਡੀ ਤੋਂ ਸਿਆਸੀ ਕਿਸਮਤ ਅਜ਼ਮਾ ਰਹੀ ਹੈ। ਸਾਬਕਾ ਪ੍ਰਦੇਸ਼ ਭਾਜਪਾ ਪ੍ਰਧਾਨ ਸੁਰੇਸ਼ ਕਸ਼ਯਪ ਸ਼ਿਮਲਾ ਤੋਂ ਉਮੀਦਵਾਰ ਹਨ। ਆਨੰਦ ਸ਼ਰਮਾ ਕਾਂਗੜਾ ਸੀਟ ਤੋਂ ਅਤੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦਾ ਪੁੱਤਰ ਵਿਕਰਮਦਿੱਤਿਆ ਸਿੰਘ ਮੰਡੀ ਸੀਟ ਤੋਂ ਉਮੀਦਵਾਰ ਹੈ। ਵੋਟਾਂ ਦੀ ਗਿਣਤੀ ਮਗਰੋਂ 62 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਹੋਵੇਗਾ। ਛੇ ਅਸੈਂਬਲੀ ਹਲਕਿਆਂ- ਧਰਮਸ਼ਾਲਾ, ਲਾਹੌਲ ਤੇ ਸਪਿਤੀ, ਸੁਜਾਨਪੁਰ, ਬਰਸਾਰ, ਗਗਰੇਟ ਤੇ ਕੁਲਤੇਹਾਰ ਦੀ ਜ਼ਿਮਨੀ ਚੋਣ ਲਈ ਵੀ ਭਲਕੇ ਨਤੀਜੇ ਐਲਾਨੇ ਜਾਣਗੇ। -ਪੀਟੀਆਈ

ਪੰਜਾਬ: ਵੋਟਾਂ ਦੀ ਗਿਣਤੀ ਲਈ ਸਾਰੀਆਂ ਤਿਆਰੀਆਂ ਮੁਕੰਮਲ

ਚੋਣ ਨਤੀਜਿਆਂ ਤੋਂ ਪਹਿਲਾਂ ਪਟਿਆਲਾ ਵਿੱਚ ਲੱਡੂ ਤਿਆਰ ਕਰਨ ’ਚ ਰੁੱਝੇ ਮਠਿਆਈ ਬਣਾਉਣ ਵਾਲੇ। -ਫੋਟੋ: ਰਾਜੇਸ਼ ਸੱਚਰ

ਚੰਡੀਗੜ੍ਹ (ਚਰਨਜੀਤ ਭੁੱਲਰ): ਲੋਕ ਸਭਾ ਚੋਣਾਂ ਲਈ ਪੰਜਾਬ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਮੰਗਲਵਾਰ 4 ਜੂਨ ਨੂੰ ਹੋਵੇਗੀ ਜਿਸ ਲਈ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਸਵੇਰ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਅਮਲ ਸ਼ੁਰੂ ਹੋਵੇਗਾ। ਪੰਜਾਬ ਦੀਆਂ 13 ਸੀਟਾਂ ’ਤੇ 328 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ। ਤਿੰਨ ਪਰਤੀ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ 64 ਕਾਊਂਟਿੰਗ ਅਬਜ਼ਰਵਰਾਂ ਦੀ ਨਿਗਰਾਨੀ ਹੇਠ ਹੋਵੇਗੀ। ਵੋਟਾਂ ਦੀ ਗਿਣਤੀ ਤੋਂ ਐਨ ਪਹਿਲਾਂ ਉਮੀਦਵਾਰਾਂ ਦੀ ਧੜਕਣ ਮੁੜ ਤੇਜ਼ ਹੋ ਗਈ ਹੈ। ਦੋ ਦਿਨਾਂ ਦੀ ਗਿਣਤੀ-ਮਿਣਤੀ ਮਗਰੋਂ ਉਮੀਦਵਾਰਾਂ ਦੀਆਂ ਨਜ਼ਰਾਂ ਹੁਣ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ’ਤੇ ਲੱਗ ਗਈਆਂ ਹਨ। ਐਤਕੀਂ ਚੋਣ ਕਮਿਸ਼ਨ ਨੇ ਪੰਜਾਬ ਵਿਚ ਵੋਟਿੰਗ 70 ਫ਼ੀਸਦੀ ਤੋਂ ਪਾਰ ਦਾ ਟੀਚਾ ਮਿੱਥਿਆ ਸੀ ਪ੍ਰੰਤੂ ਪੋਲਿੰਗ ਦਰ 62.80 ਫ਼ੀਸਦੀ ਰਹੀ ਜਦੋਂ ਕਿ 2019 ਦੀਆਂ ਚੋਣਾਂ ਵਿਚ ਇਹ ਦਰ 67.6 ਫ਼ੀਸਦੀ ਰਹੀ ਸੀ। ਪੰਜਾਬ ਦੇ ਕੁੱਲ 2.14 ਕਰੋੜ ਵੋਟਰਾਂ ’ਚੋਂ 1.34 ਕਰੋੜ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ ਹੈ। ਪੋਲਿੰਗ ਦੇ ਰੁਝਾਨ ਅਤੇ ਬਹੁਕੋਣੇ ਮੁਕਾਬਲੇ ਹੋਣ ਕਰਕੇ ਹਾਰ-ਜਿੱਤ ਦਾ ਫ਼ਰਕ ਬਹੁਤਾ ਵੱਡਾ ਨਹੀਂ ਰਹੇਗਾ। ਕਈ ਉਮੀਦਵਾਰਾਂ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਲੱਡੂਆਂ ਦਾ ਪ੍ਰਬੰਧ ਵੀ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਨ੍ਹਾਂ ਸੀਟਾਂ ਤੋਂ ਮੌਜੂਦਾ ਵਿਧਾਇਕ ਜਾਂ ਮੰਤਰੀ ਚੋਣ ਲੜ ਰਹੇ ਹਨ, ਉਨ੍ਹਾਂ ਦੇ ਜਿੱਤਣ ਦੀ ਸੂਰਤ ਵਿਚ ਜ਼ਿਮਨੀ ਚੋਣਾਂ ਦਾ ਮੁੱਢ ਵੀ ਬੱਝ ਜਾਵੇਗਾ। ਚੋਣ ਨਤੀਜਿਆਂ ਦੌਰਾਨ ਪੰਜਾਬ ਦੀ ਵੱਕਾਰੀ ਸੀਟ ਬਠਿੰਡਾ, ਸੰਗਰੂਰ, ਖਡੂਰ ਸਾਹਿਬ ਅਤੇ ਲੁਧਿਆਣਾ ’ਤੇ ਸਮੁੱਚੇ ਲੋਕਾਂ ਦੀ ਨਜ਼ਰ ਰਹੇਗੀ। ਪਟਿਆਲਾ ਹਲਕੇ ਤੋਂ ਚਾਰ ਵਾਰ ਸੰਸਦ ਮੈਂਬਰ ਰਹੀ ਪ੍ਰਨੀਤ ਕੌਰ ਚੋਣ ਮੈਦਾਨ ਵਿਚ ਹਨ ਜਦਕਿ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਅਤੇ ਲੁਧਿਆਣਾ ਤੋਂ ਰਵਨੀਤ ਬਿੱਟੂ ਤਿੰਨ-ਤਿੰਨ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ। ਚੋਣ ਨਤੀਜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਹਰਸਿਮਰਤ ਕੌਰ ਬਾਦਲ, ਪ੍ਰਨੀਤ ਕੌਰ, ਗੁਰਮੀਤ ਸਿੰਘ ਖੁੱਡੀਆਂ, ਅਮਰਿੰਦਰ ਸਿੰਘ ਰਾਜਾ ਵੜਿੰਗ, ਰਵਨੀਤ ਬਿੱਟੂ, ਸੁਖਜਿੰਦਰ ਸਿੰਘ ਰੰਧਾਵਾ, ਸਿਮਰਨਜੀਤ ਸਿੰਘ ਮਾਨ, ਸੁਖਪਾਲ ਸਿੰਘ ਖਹਿਰਾ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਤੋਂ ਇਲਾਵਾ ਦੋ ਸਾਬਕਾ ਆਈਏਐੱਸ ਅਧਿਕਾਰੀਆਂ ਤਰਨਜੀਤ ਸਿੰਘ ਸੰਧੂ ਤੇ ਪਰਮਪਾਲ ਕੌਰ ਸਿੱਧੂ ਆਦਿ ਦਾ ਭਵਿੱਖ ਵੀ ਤੈਅ ਕਰਨਗੇ। ਇਸ ਦੇ ਨਾਲ ਪੰਜ ਕੈਬਨਿਟ ਮੰਤਰੀਆਂ, ਸੱਤ ਵਿਧਾਇਕਾਂ, ਅੱਠ ਮੌਜੂਦਾ ਸੰਸਦ ਮੈਂਬਰਾਂ ਅਤੇ 21 ਸਾਬਕਾ ਵਿਧਾਇਕਾਂ/ਸਾਬਕਾ ਵਜ਼ੀਰਾਂ ਤੇ ਸਾਬਕਾ ਸੰਸਦ ਮੈਂਬਰਾਂ ਦੀ ਕਿਸਮਤ ਵੀ ਤੈਅ ਹੋਵੇਗੀ।
ਪਹਿਲੀ ਦਫ਼ਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਵੱਖ ਹੋ ਕੇ ਚੋਣ ਲੜੀ ਹੈ। ਉਧਰ ਕੌਮੀ ਪੱਧਰ ’ਤੇ ‘ਇੰਡੀਆ’ ਗੱਠਜੋੜ ਬਣਨ ਦੇ ਬਾਵਜੂਦ ਕਾਂਗਰਸ ਅਤੇ ‘ਆਪ’ ਨੇ ਸੂਬੇ ਵਿੱਚ ਵੱਖੋ-ਵੱਖਰੇ ਹੋ ਕੇ ਚੋਣ ਲੜੀ ਹੈ। ਕਿਸਾਨ ਜਥੇਬੰਦੀਆਂ ਦੇ ਵਿਰੋਧ ਦੇ ਬਾਵਜੂਦ ਭਾਜਪਾ ਇਨ੍ਹਾਂ ਚੋਣਾਂ ਵਿਚ ਆਪਣੇ ਵੋਟ ਬੈਂਕ ਵਿਚ ਕਿੰਨਾ ਕੁ ਇਜ਼ਾਫਾ ਕਰਦੀ ਹੈ, ਇਸ ਦੇ ਪੱਤੇ ਗਿਣਤੀ ਮਗਰੋਂ ਹੀ ਖੁੱਲ੍ਹਣਗੇ। ਚੋਣ ਨਤੀਜੇ ਹੁਕਮਰਾਨ ਧਿਰ ‘ਆਪ’ ਦੀ ਦੋ ਵਰ੍ਹਿਆਂ ਦੀ ਕਾਰਗੁਜ਼ਾਰੀ ਵੀ ਤੈਅ ਕਰਨਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਉੱਭਰਵਾਂ ਚੋਣ ਪ੍ਰਚਾਰ ਕੀਤਾ ਸੀ ਅਤੇ ਚੋਣ ਨਤੀਜੇ ਉਨ੍ਹਾਂ ਦੀ ਅਗਵਾਈ ਦੀ ਵੀ ਪੜਚੋਲ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਪਿਛਲੀਆਂ ਅਸੈਂਬਲੀ ਚੋਣਾਂ ਵਿਚ ਤਿੰਨ ਸੀਟਾਂ ’ਤੇ ਸਿਮਟ ਗਿਆ ਸੀ, ਉਸ ਦੇ ਭਵਿੱਖ ’ਤੇ ਵੀ ਚੋਣ ਨਤੀਜੇ ਮੋਹਰ ਲਾਉਣਗੇ। ਭਲਕੇ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਨੇ ਸੁਵਖ਼ਤੇ ਧਾਰਮਿਕ ਅਸਥਾਨਾਂ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ ਹੈ ਅਤੇ ਗੁਰੂ ਦੀ ਓਟ ਲੈਣ ਮਗਰੋਂ ਉਮੀਦਵਾਰ ਗਿਣਤੀ ਕੇਂਦਰਾਂ ਵਿਚ ਪੁੱਜਣਗੇ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਵੇਰਵੇ ਸਾਂਝੇ ਕੀਤੇ ਕਿ ਗਿਣਤੀ ਕੇਂਦਰਾਂ ਵਿਖੇ ਸਟਰੌਂਗ ਰੂਮ ਵਿੱਚ ਰੱਖੀਆਂ ਗਈਆਂ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐੱਮਜ਼) ਦੀ ਸੁਰੱਖਿਆ ਨੂੰ ਵਿਸ਼ੇਸ਼ ਤਰਜੀਹ ਦਿੱਤੀ ਗਈ ਹੈ। ਸਟਰੌਂਗ ਰੂਮਾਂ ’ਚ ਦੋਹਰੇ ਲਾਕ ਸਿਸਟਮ ਅਤੇ ਸੀਸੀਟੀਵੀ ਨਿਗਰਾਨੀ ਜ਼ਰੀਏ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸਿਆਸੀ ਪਾਰਟੀਆਂ ਦੇ ਨੁਮਾਇੰਦੇ ਅਤੇ ਅਧਿਕਾਰਤ ਕਰਮਚਾਰੀ ਹਰੇਕ ਸਟਰੌਂਗ ਰੂਮ ਦੇ ਬਾਹਰ ਲਗਾਈਆਂ ਗਈਆਂ ਐੱਲਈਡੀ ਸਕਰੀਨਾਂ ਰਾਹੀਂ ਸੁਰੱਖਿਆ ਦੀ ਨਿਗਰਾਨੀ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਟਰੌਂਗ ਰੂਮ ਵਾਲੀਆਂ ਇਮਾਰਤਾਂ ਵਿਚ ਆਉਣ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਲਈ ਆਨ-ਡਿਊਟੀ ਕਰਮਚਾਰੀਆਂ ਵੱਲੋਂ ਇੱਕ ਵਿਜ਼ਿਟਰ ਰਜਿਸਟਰ ਲਗਾਇਆ ਗਿਆ ਹੈ। ਸਿਬਿਨ ਸੀ ਨੇ ਦੱਸਿਆ ਕਿ ਇਨ੍ਹਾਂ ਕੇਂਦਰਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ। ਗਿਣਤੀ ਕੇਂਦਰਾਂ ਤੱਕ ਸਿਰਫ਼ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਆਗਿਆ ਹੈ। ਚੋਣ ਪ੍ਰਕਿਰਿਆ ਦੀ ਮਰਿਆਦਾ ਬਣਾਏ ਰੱਖਣ ਲਈ ਕਿਸੇ ਵੀ ਐਮਰਜੈਂਸੀ ਜਾਂ ਘਟਨਾ ਨਾਲ ਤੁਰੰਤ ਨਜਿੱਠਣ ਲਈ ਕੁਇਕ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।

117 ਗਿਣਤੀ ਕੇਂਦਰ ਸਥਾਪਤ ਕੀਤੇ: ਸਿਬਿਨ ਸੀ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ 27 ਵੱਖ-ਵੱਖ ਥਾਵਾਂ ’ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ ਜਦੋਂ ਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾਂ (ਰਾਹੋਂ-ਨਵਾਂ ਸ਼ਹਿਰ) ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਹੈੱਡਕੁਆਰਟਰ ਸੰਗਰੂਰ ਅਤੇ ਨਵਾਂ ਸ਼ਹਿਰ ਵਿਖੇ ਗਿਣਤੀ ਨਹੀਂ ਕਰਵਾਈ ਜਾਵੇਗੀ।

Advertisement
Author Image

joginder kumar

View all posts

Advertisement
Advertisement
×