ਲੋਕ ਸਭਾ ਚੋਣ: ਚੰਡੀਗੜ੍ਹ ’ਚ ‘ਇੰਡੀਆ’ ਗੱਠਜੋੜ ਵੱਲੋਂ ਕਾਂਗਰਸ ਲੜੇਗੀ ਚੋਣ
ਆਤਿਸ਼ ਗੁਪਤਾ
ਚੰਡੀਗੜ੍ਹ, 24 ਫਰਵਰੀ
ਲੋਕ ਸਭਾ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਆਮ ਆਦਮੀ ਪਾਰਟੀ (ਆਪ) ਤੇ ਕਾਂਗਰਸ ਵਿਚਕਾਰ ਸਮਝੌਤਾ ਹੋ ਗਿਆ ਹੈ। ਇਸ ਦੌਰਾਨ ਚੰਡੀਗੜ੍ਹ ਲੋਕ ਸਭਾ ਸੀਟ ’ਤੇ ਕਾਂਗਰਸ ਦਾ ਉਮੀਦਵਾਰ ਚੋਣ ਲੜੇਗਾ। ਇਸ ਫ਼ੈਸਲੇ ਦੇ ਨਾਲ ਹੀ ‘ਆਪ’ ਨੇ ਵੀ ਲੋਕ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਦਾ ਸਹਿਯੋਗ ਕਰਨ ਦਾ ਐਲਾਨ ਕਰ ਦਿੱਤਾ ਹੈ। ਇਹ ਫ਼ੈਸਲਾ ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ‘ਇੰਡੀਆ ਗੱਠਜੋੜ’ ਦੇ ਉਮੀਦਵਾਰ ਕੁਲਦੀਪ ਕੁਮਾਰ ਟੀਟਾ ਦੀ ਜਿੱਤ ਤੋਂ ਬਾਅਦ ਲਿਆ ਗਿਆ ਹੈ। ਅੱਜ ਦਿੱਲੀ ਵਿਚ ਦੋਵਾਂ ਪਾਰਟੀਆਂ ਨੇ ਪੰਜਾਬ ਵਿੱਚ ਵੱਖੋ-ਵੱਖ, ਦਿੱਲੀ ਵਿੱਚ 4 ਸੀਟਾਂ ’ਤੇ ‘ਆਪ’ ਅਤੇ ਤਿੰਨ ’ਤੇ ਕਾਂਗਰਸ, ਹਰਿਆਣਾ ਵਿੱਚ ਇਕ ’ਤੇ ‘ਆਪ’ ਅਤੇ ਗੁਜਰਾਤ ਵਿੱਚ ਦੋ ਸੀਟਾ ’ਤੇ ‘ਆਪ’ ਦੇ ਚੋਣ ਲੜਨ ਦਾ ਫ਼ੈਸਲਾ ਕੀਤਾ ਗਿਆ ਹੈ। ‘ਆਪ’ ਅਤੇ ਕਾਂਗਰਸ ਦੇ ਫ਼ੈਸਲੇ ਦੇ ਨਾਲ ਹੀ ਚੰਡੀਗੜ੍ਹ ਵਿੱਚ ਦੋਵਾਂ ਪਾਰਟੀ ਆਗੂਆਂ ਨੇ ਸਾਂਝੇ ਤੌਰ ’ਤੇ ਰਣਨੀਤੀ ਬਨਾਉਣ ਦਾ ਫ਼ੈਸਲਾ ਕੀਤਾ ਹੈ। ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਪਵਨ ਕੁਮਾਰ ਬਾਂਸਲ ਅਤੇ ਹੋਰ ਕਈ ਸਥਾਨਕ ਆਗੂ ਕਾਂਗਰਸ ਦੀ ਟਿਕਟ ਦੇ ਦਾਅਵੇਦਾਰ ਹਨ। ਇਨ੍ਹਾਂ ਆਗੂਆਂ ਨੇ ਪਾਰਟੀ ਹਾਈ ਕਮਾਂਡ ਕੋਲ ਪਹਿਲਾਂ ਹੀ ਪਹੁੰਚ ਕੀਤੀ ਹੋਈ ਹੈ।
ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਪਵਨ ਕੁਮਾਰ ਬਾਂਸਲ ਸਣੇ ਕਈ ਹੋਰ ਆਗੂਆਂ ਨੇ ਲੋਕ ਸਭਾ ਚੋਣਾਂ ਲੜਨ ਲਈ ਅਰਜ਼ੀਆਂ ਦਿੱਤੀਆਂ ਸਨ। ਇਸ ਸਬੰਧੀ ਇਨ੍ਹਾਂ ਸਥਾਨਕ ਆਗੂਆਂ ਨਾਲ ਪਾਰਟੀ ਹਾਈਕਮਾਂਡ ਵੱਲੋਂ ਭੇਜੀ ਗਈ ਟੀਮ ਨੇ ਵੀ ਮੁਲਾਕਾਤ ਕੀਤੀ ਸੀ।
ਭਾਜਪਾ ਨੇ ਸ਼ਹਿਰ ਦਾ ਵਿਨਾਸ਼ ਕੀਤਾ: ਬਾਂਸਲ
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ‘ਇੰਡੀਆ ਗਠਜੋੜ’ ਦੇ ਫ਼ੈਸਲੇ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿਕਾਸ ਦੇ ਲਿਹਾਜ਼ ਤੋਂ ਕਈ ਸਾਲ ਪਿੱਛੇ ਚਲਾ ਗਿਆ ਹੈ। ਭਾਜਪਾ ਵੱਲੋਂ ਸ਼ਹਿਰ ਦਾ ਵਿਕਾਸ ਨਹੀਂ ਵਿਨਾਸ਼ ਕੀਤਾ ਹੈ। ਭਾਜਪਾਈਆਂ ਦੀ ਧੱਕੇਸ਼ਾਹੀ ਕਰ ਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਇਸ ਵਾਰ ਚੰਡੀਗੜ੍ਹ ਦੇ ਲੋਕ ‘ਇੰਡੀਆ ਗਠਜੋੜ’ ਦੇ ਉਮੀਦਵਾਰ ਨੂੰ ਵੋਟ ਪਾ ਕੇ ਕਾਮਯਾਬ ਕਰਨਗੇ।
‘ਆਪ’ ਆਗੂ ਕਾਂਗਰਸ ਦਾ ਸਹਿਯੋਗ ਕਰਨਗੇ: ਗਰਗ
‘ਆਪ’ ਦੇ ਸੀਨੀਅਰ ਆਗੂ ਪ੍ਰੇਮ ਗਰਗ ਨੇ ਕਿਹਾ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਦਾ ਫ਼ੈਸਲਾ ਮਨਜ਼ੂਰ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ‘ਆਪ’ ਦੇ ਆਗੂ ਕਾਂਗਰਸ ਦਾ ਸਹਿਯੋਗ ਕਰਨਗੇ। ‘ਆਪ’ ਦੇ ਸੀਨੀਅਰ ਆਗੂ ਪ੍ਰਦੀਪ ਛਾਬੜਾ ਨੇ ਕਿਹਾ ਕਿ ਮੇਅਰ ਚੋਣਾਂ ਵਿੱਚ ਕਾਂਗਰਸ ਨੇ ‘ਆਪ’ ਉਮੀਦਵਾਰ ਦੀ ਮਦਦ ਕੀਤੀ ਸੀ। ਇਸ ਲਈ ਲੋਕ ਸਭਾ ਚੋਣਾਂ ਵਿੱਚ ‘ਆਪ’ ਵੱਲੋਂ ਇਮਾਨਦਾਰੀ ਨਾਲ ਕਾਂਗਰਸ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ‘ਇੰਡੀਆ ਗਠਜੋੜ’ ਦਾ ਮੁੱਖ ਮਕਸਦ ਭਾਜਪਾ ਨੂੰ ਹਰਾ ਕੇ ਦੇਸ਼ ਨੂੰ ਬਚਾਉਣਾ ਹੈ।
‘ਆਪ’ ਤੇ ਕਾਂਗਰਸ ਲੋਕਾਂ ਨੂੰ ਗੁਮਰਾਹ ਕਰ ਰਹੇ ਨੇ: ਜੈਨ
ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਕੈਲਾਸ਼ ਚੰਦ ਜੈਨ ਨੇ ਕਿਹਾ ਕਿ ਕਾਂਗਰਸ ਤੇ ‘ਆਪ’ ਆਪਣੇ ਨਿੱਜੀ ਸਵਾਰਥ ਲਈ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਦੋਵਾਂ ਪਾਰਟੀਆਂ ਦੇ ਆਗੂ ਅੱਜ ਤੱਕ ਇਕ-ਦੂਜੇ ’ਤੇ ਦੂਸ਼ਣਬਾਜ਼ੀ ਕਰਦੇ ਆਏ ਹਨ, ਪਰ ਅੱਜ ਦੋਵਾਂ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਲੋਕ ਜਾਗਰੂਕ ਹਨ, ਜੋ ਦੋਵਾਂ ਪਾਰਟੀਆਂ ਦੀ ਗੱਲਾਂ ਵਿੱਚ ਆਉਣ ਵਾਲੇ ਨਹੀਂ ਹਨ। ਸ੍ਰੀ ਜੈਨ ਨੇ ਕਿਹਾ ਕਿ ਭਾਜਪਾ ਦੇ ਰਾਜ ਵਿੱਚ ਚੰਡੀਗੜ੍ਹ ਦਾ ਵਿਕਾਸ ਹੋਇਆ ਹੈ। ਇਸ ਵਾਰ ਚੰਡੀਗੜ੍ਹ ਸਣੇ ਦੇਸ਼ ਵਿੱਚ ਭਾਜਪਾ ਉਮੀਦਵਾਰ ਵੱਡੇ ਅੰਤਰ ਨਾਲ ਜਿੱਤ ਹਾਸਲ ਕਰਨਗੇ।