ਲੋਕ ਸਭਾ ਚੋਣਾਂ: ਬਠਿੰਡਾ ਵਿੱਚ ਸਾਲ 1991 ਤੋਂ ਬਾਅਦ ਕਦੇ ਨਹੀਂ ਜਿੱਤੀ ਕਾਂਗਰਸ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਜੂਨ
ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਚੌਥੀ ਵਾਰ ਜਿੱਤ ਪ੍ਰਾਪਤ ਕੀਤੀ ਹੈ ਪਰ ਕਾਂਗਰਸ ਪਾਰਟੀ ਇਸ ਹਲਕੇ ਵਿੱਚ 1991 ਤੋਂ ਬਾਅਦ ਕਦੇ ਵੀ ਚੋਣ ਨਹੀਂ ਜਿੱਤ ਸਕੀ। ਕਾਂਗਰਸ ਪਾਰਟੀ ਲਗਾਤਾਰ ਪਿਛਲੇ 60 ਸਾਲਾਂ ਤੋਂ ਹਰ ਵਾਰ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਨੂੰ ਬਦਲਦੀ ਆ ਰਹੀ ਹੈ ਜਦੋਂਕਿ ਅਕਾਲੀ ਦਲ ਵੱਲੋਂ ਬਠਿੰਡਾ ਲੋਕ ਸਭਾ ਹਲਕੇ ਦੇ ਜਨਰਲ ਹੋਣ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਲਈ ਚੋਣ ਲੜਦੇ ਆ ਰਹੇ ਹਨ।
ਵੇਰਵਿਆਂ ਅਨੁਸਾਰ ਬਠਿੰਡਾ ਲੋਕ ਸਭਾ ਹਲਕਾ ਲੰਬਾ ਸਮਾਂ ਰਾਖਵਾਂ ਰਿਹਾ ਹੈ ਅਤੇ ਇਹ 2009 ਤੋਂ ਹੀ ਜਨਰਲ ਹਲਕਾ ਬਣਿਆ ਹੈ। ਸਾਲ 2004 ਵਿੱਚ ਇਸ ਹਲਕੇ ਤੋਂ ਧੰਨਾ ਸਿੰਘ ਗੁਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦੀ ਮੈਂਬਰ ਬਣੇ ਸਨ। ਉਨ੍ਹਾਂ ਦੇ ਪਿਤਾ ਧੰਨਾ ਸਿੰਘ ਗੁਲਸ਼ਨ 1962 ਵਿੱਚ ਅਤੇ 1977 ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਸਦ ਦੀਆਂ ਪੌੜੀਆਂ ਚੜ੍ਹਦੇ ਰਹੇ ਹਨ।
ਜ਼ਿਲ੍ਹਾ ਚੋਣ ਅਫ਼ਸਰ ਤੋਂ ਮਿਲੇ ਵੇਰਵਿਆਂ ਮੁਤਾਬਕ ਸ਼ੋ੍ਮਣੀ ਅਕਾਲੀ ਦਲ 1996 ਤੋਂ ਬਾਅਦ ਲਗਾਤਾਰ ਬਠਿੰਡਾ ਲੋਕ ਸਭਾ ਹਲਕੇ ਦਾ ਕਿਲ੍ਹਾ ਫ਼ਤਹਿ ਕਰਦਾ ਆ ਰਿਹਾ ਹੈ। 1996 ਵਿੱਚ ਨਾਰਵੇ ਵਿੱਚ ਭਾਰਤ ਦੇ ਰਾਜਦੂਤ ਰਹੇ ਹਰਿੰਦਰ ਸਿੰਘ ਖਾਲਸਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਮੇਤ ਕਾਂਗਰਸ ਪਾਰਟੀ ਦੇ ਹੋਰ ਉਮੀਦਵਾਰ ਨੂੰ ਵੱਡੇ ਅੰਤਰ ਨਾਲ ਮਾਤ ਦਿੱਤੀ ਸੀ। ਉਹ ਨਾਰਵੇ ਵਿੱਚ ਭਾਰਤ ਦੇ ਰਾਜਦੂਤ ਸਨ ਅਤੇ ਸਾਕਾ ਨੀਲਾ ਤਾਰਾ ਵੇਲੇ ਭਾਰਤ ਸਰਕਾਰ ਨੂੰ ਰੋਸ ਵਜੋਂ ਅਸਤੀਫ਼ਾ ਦੇ ਆਏ ਸਨ।
ਹਰਿੰਦਰ ਖਾਲਸਾ ਤੋਂ ਬਾਅਦ 1998 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚਤਿਨ ਸਿੰਘ ਸਮਾਓ ਸੰਸਦ ਦੀਆਂ ਪੌੜੀਆਂ ਚੜ੍ਹੇ ਸਨ ਪਰ ਅਚਾਨਕ ਮੱਧਕਾਲੀ ਚੋਣਾਂ ਦੌਰਾਨ 1999 ਵਿੱਚ ਇੱਕ ਸਮਝੌਤੇ ਤਹਿਤ ਸੀਪੀਆਈ ਦੇ ਕਾਮਰੇਡ ਭਾਨ ਸਿੰਘ ਭੌਰਾ ਮੈਂਬਰ ਪਾਰਲੀਮੈਂਟ ਬਣ ਗਏ ਸਨ। ਕਾਮਰੇਡ ਭੌਰਾ 1971 ਵਿੱਚ ਵੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਨਾਲ ਸਮਝੌਤੇ ਤਹਿਤ ਮੈਂਬਰ ਪਾਰਲੀਮੈਂਟ ਬਣੇ ਸਨ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਪਹਿਲੀ ਵਾਰ ਚੋਣ ਲੜਦਿਆਂ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਟਿੱਕੂ ਨੂੰ 2009 ਵਿੱਚ 1,20,936 ਵੋਟਾਂ ਦੇ ਅੰਤਰ ਨਾਲ ਹਰਾਇਆ ਸੀ। ਉਸ ਤੋਂ ਬਾਅਦ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਨੇ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਮਨਪ੍ਰੀਤ ਸਿੰਘ ਬਾਦਲ ਨੂੰ 19395 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਸੀ। ਉਸ ਤੋਂ ਮਗਰੋਂ 2019 ਵਿੱਚ ਹੋਏ ਸਖ਼ਤ ਮੁਕਾਬਲੇ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 21772 ਵੋਟਾਂ ਦੇ ਫ਼ਰਕ ਨਾਲ ਮਾਤ ਦਿੱਤੀ ਸੀ। ਇਸ ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵੱਲੋਂ ਜੀਤਮਹਿੰਦਰ ਸਿੰਘ ਸਿੱਧੂ ਨੂੰ ਹਰਸਿਮਰਤ ਕੌਰ ਬਾਦਲ ਦਾ ਮੁਕਾਬਲਾ ਕਰਨ ਲਈ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਪਰ ਹਰਸਿਮਰਤ ਕੌਰ ਨੇ ਲਗਾਤਾਰ ਚੌਥੀ ਵਾਰ ਜਿੱਤ ਹਾਸਲ ਕੀਤੀ ਅਤੇ ਜੀਤਮਹਿੰਦਰ ਸਿੰਘ ਸਿੱਧੂ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਪੰਜਾਬ ਵਿੱਚ ਆਪ ਦਾ ਬੋਲਬਾਲਾ ਕਾਇਮ ਹੋਣ ਤੋਂ ਬਾਅਦ 2014 ਵਿੱਚ ਜਸਰਾਜ ਸਿੰਘ ਨੂੰ ਅਤੇ 2019 ਵਿੱਚ ਹਰਸਿਮਰਤ ਬਾਦਲ ਦੇ ਮੁਕਾਬਲੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਅਤੇ ਉਸ ਤੋਂ ਬਾਅਦ ਕਾਂਗਰਸ ਵਾਂਗ ਹੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਦਲਕੇ ਗੁਰਮੀਤ ਸਿੰਘ ਖੁੱਡੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜੋ ਹਰਸਿਮਰਤ ਕੌਰ ਬਾਦਲ ਤੋਂ 49656 ਵੋਟਾਂ ਨਾਲ ਹਾਰ ਗਏ।