For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: 75 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕਰ ਸਕਦੇ ਉਮੀਦਵਾਰ

07:12 AM Mar 31, 2024 IST
ਲੋਕ ਸਭਾ ਚੋਣਾਂ  75 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕਰ ਸਕਦੇ ਉਮੀਦਵਾਰ
ਚੰਡੀਗੜ੍ਹ ਦੇ ਜ਼ਿਲ੍ਹਾ ਚੋਣ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਰਾਜਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕਰਦੇ ਹੋਏ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 30 ਮਾਰਚ
ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਯੂਟੀ ਵਿਨੈ ਪ੍ਰਤਾਪ ਸਿੰਘ ਵੱਲੋਂ ਅੱਜ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਵੱਲੋਂ 75 ਲੱਖ ਰੁਪਏ ਤੱਕ ਖਰਚ ਕਰਨ ਦੀ ਸੀਮਾ ਤੈਅ ਕੀਤੀ ਗਈ। ਇਸ ਦੇ ਨਾਲ ਹੀ ਚੋਣ ਦੌਰਾਨ ਵੱਖ-ਵੱਖ ਵਸਤੂਆਂ ਦੀਆਂ ਕੀਮਤਾਂ ਵੀ ਤੈਅ ਕੀਤੀਆਂ ਗਈਆਂ। ਵਿਨੈ ਪ੍ਰਤਾਪ ਸਿੰਘ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ਦੇ ਸਾਰੇ ਵੇਰਵਿਆਂ ਬਾਰੇ ਚੰਡੀਗੜ੍ਹ ਚੋਣ ਕਮਿਸ਼ਨ ਨੂੰ ਜਾਣੂੰ ਕਰਵਾਇਆ ਜਾਵੇ। ਅਜਿਹਾ ਨਾ ਕਰਨ ਵਾਲੇ ਉਮੀਦਵਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਚੰਡੀਗੜ੍ਹ ਚੋਣ ਕਮਿਸ਼ਨ ਦੀਆਂ ਵੱਖ-ਵੱਖ ਟੀਮਾਂ ਵੱਲੋਂ ਸ਼ਹਿਰ ਵਿੱਚ ਚੌਕਸੀ ਰੱਖੀ ਜਾਵੇਗੀ। ਇਸ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚ ’ਤੇ ਚੋਣ ਕਮਿਸ਼ਨ ਵੱਲੋਂ ਵੀ ਧਿਆਨ ਰੱਖਿਆ ਜਾਵੇਗਾ, ਜਿਸ ਨਾਲ ਉਮੀਦਵਾਰਾਂ ਦੇ ਖਰਚੇ ਨੂੰ ਮਿਲਾਇਆ ਜਾਵੇਗਾ। ਉਨ੍ਹਾਂ ਨੇ ਰਾਜਸੀ ਪਾਰਟੀਆਂ ਦੇ ਆਗੂਆਂ ਨੂੰ ਕਿਹਾ ਕਿ ਚੋਣਾਂ ਦੌਰਾਨ ਕਿਸੇ ਵੀ ਸਮਾਗਮ ਨੂੰ ਕਰਨ ਲਈ ਚੋਣ ਕਮਿਸ਼ਨ ਤੋਂ ਪ੍ਰਵਾਨਗੀ ਲਈ ਜਾਵੇ, ਉਸ ਤੋਂ ਬਾਅਦ ਸਮਾਗਮ ਕੀਤਾ ਜਾਵੇ। ਇਸ ਮੌਕੇ ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਤੇ ਐੱਸਡੀਐੱਮ (ਦੱਖਣੀ) ਤੇ ਹੋਰ ਅਧਿਕਾਰੀ ਮੌਜੂਦ ਰਹੇ।

Advertisement

ਚਾਰ ਬਾਟਲਿੰਗ ਪਲਾਂਟਾਂ ਦੀ ਚੈਕਿੰਗ

ਚੰਡੀਗੜ੍ਹ: ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ’ਤੇ ਸ਼ਰਾਬ ਤਸਕਰੀ ’ਤੇ ਨੱਥ ਪਾਉਣ ਲਈ ਅੱਜ ਚੰਡੀਗੜ੍ਹ ਪ੍ਰਸ਼ਾਸਨ ਤੇ ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਸਥਿਤ 4 ਬਾਟਲਿੰਗ ਪਲਾਂਟਾਂ ਦੀ ਅਚਨਚੈਤ ਚੈਕਿੰਗ ਕੀਤੀ ਗਈ। ਇਸ ਦੌਰਾਨ ਬਾਟਲਿੰਗ ਪਲਾਂਟ ਦਾ ਸਟਾਕ ਅਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਪ੍ਰਸ਼ਾਸਨ ਤੇ ਪੁਲੀਸ ਨੇ ਸਾਂਝੇ ਤੌਰ ’ਤੇ ਮੈਸਰਜ ਐਂਪਾਇਰ ਅਲੋਕਬਰੂ ਪ੍ਰਾਈਵੇਟ ਲਿਮਿਟਡ, ਕਵੀਨ ਡਿਸਟਿਲਰੀਜ਼ ਐਂਡ ਬੋਟਲਰਜ਼ ਪ੍ਰਾਈਵੇਟ ਲਿਮਟਡ, ਸ਼ਿਵਾਲਿਕ ਬੇਵਰੇਜ ਪ੍ਰਾਈਵੇਟ ਲਿਮਿਟੇਡ ਬੋਟਲਿੰਗ ਪਲਾਂਟ ਅਤੇ ਜੰਨਤ ਡਿਸਟਿਲਰੀਜ਼ ਪ੍ਰਾਈਵੇਟ ਲਿਮਿਟੇਡ ਬੋਟਲਿੰਗ ਪਲਾਂਟ ’ਤੇ ਚੈਕਿੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸ਼ਹਿਰ ਵਿੱਚ ਸ਼ਰਾਬ ਤਸਕਰੀ ’ਤੇ ਨੱਥ ਪਾਉਣ ਲਈ ਪੁਲੀਸ ਨੇ ਅਦਾਲਤ ਤੋਂ ਸਰਚ ਵਾਰੰਟ ਲੈ ਕੇ ਚਾਰੋਂ ਬੋਟਲਿੰਗ ਪਲਾਂਟ ਵਿੱਚ ਚੈਕਿੰਗ ਕੀਤੀ ਗਈ ਹੈ। ਇਹ ਚੈਕਿੰਗ ਅੱਜ ਸ਼ਨਿੱਚਵਾਰ ਨੂੰ ਸਵੇਰੇ ਹੀ ਸ਼ੁਰੂ ਕਰ ਦਿੱਤੀ ਸੀ, ਜੋ ਕਿ ਸ਼ਾਮ ਤੱਕ ਜਾਰੀ ਰਹੀ। ਚੰਡੀਗੜ੍ਹ ਪੁਲੀਸ ਨੇ ਲੋਕ ਸਭਾ ਚੋਣਾਂ ਦੌਰਾਨ ਅੰਤਰਾਜੀ ਸ਼ਰਾਬ ਤਸਕਰੀ ਨੂੰ ਰੋਕਣ ਲਈ ਬੋਟਲਿੰਗ ਪਲਾਂਟ ’ਤੇ 24 ਘੰਟੇ ਚੌਕਸੀ ਵਧਾ ਦਿੱਤੀ ਹੈ। ਇਸ ਦੌਰਾਨ ਪੁਲੀਸ ਦੀਆਂ ਵਿਸ਼ੇਸ਼ ਟੀਮਾਂ ਬੋਟਲਿੰਗ ਪਲਾਂਟ ’ਤੇ ਨਜ਼ਰ ਰੱਖ ਰਹੀਆਂ ਹਨ।

Advertisement
Author Image

sanam grng

View all posts

Advertisement
Advertisement
×