For the best experience, open
https://m.punjabitribuneonline.com
on your mobile browser.
Advertisement

ਲੋਕ ਸਭਾ ਚੋਣਾਂ: ਚੌਥੇ ਗੇੜ ਲਈ 64 ਫ਼ੀਸਦ ਪੋਲਿੰਗ

06:57 AM May 14, 2024 IST
ਲੋਕ ਸਭਾ ਚੋਣਾਂ  ਚੌਥੇ ਗੇੜ ਲਈ 64 ਫ਼ੀਸਦ ਪੋਲਿੰਗ
ਝਾਰਖੰਡ ਦੇ ਖੁੰਟੀ ’ਚ ਸੋਮਵਾਰ ਨੂੰ ਵੋਟ ਪਾਉਣ ਲਈ ਕਤਾਰ ’ਚ ਲੱਗੇ ਹੋਏ ਲੋਕ। -ਫੋਟੋ: ਪੀਟੀਆਈ
Advertisement

* ਕੁੱਲ 379 ਸੀਟਾਂ ਲਈ ਚੋਣ ਅਮਲ ਮੁਕੰਮਲ

Advertisement

ਨਵੀਂ ਦਿੱਲੀ, 13 ਮਈ
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 64 ਫ਼ੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਤੇ ਪੱਛਮੀ ਬੰਗਾਲ ਵਿਚ ਹਿੰਸਕ ਘਟਨਾਵਾਂ ਦਰਮਿਆਨ 10 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਪੈਂਦੇ 96 ਹਲਕਿਆਂ ਲਈ ਵੋਟਾਂ ਪਈਆਂ। ਚੋਣ ਕਮਿਸ਼ਨ ਮੁਤਾਬਕ ਰਾਤ ਦਸ ਵਜੇ ਤੱਕ 64.05 ਫ਼ੀਸਦ ਵੋਟਾਂ ਪਈਆਂ ਹਨ ਤੇ ਇਹ ਅੰਕੜਾ ਵਧਣ ਦੇ ਆਸਾਰ ਹਨ ਕਿਉਂਕਿ ਸ਼ਾਮੀਂ 6 ਵਜੇ ਵੋਟਿੰਗ ਦਾ ਅਧਿਕਾਰਤ ਸਮਾਂ ਖ਼ਤਮ ਹੋਣ ਮੌਕੇ ਵੀ ਪੋਲਿੰਗ ਬੂਥਾਂ ’ਤੇ ਲੋਕ ਕਤਾਰਾਂ ਵਿਚ ਖੜ੍ਹੇ ਸਨ। ਪੱਛਮੀ ਬੰਗਾਲ ਵਿਚ 76.56 ਫ਼ੀਸਦ ਨਾਲ ਸਭ ਤੋਂ ਵੱਧ ਪੋਲਿੰਗ ਹੋਈ ਜਦੋਂਕਿ ਜੰਮੂ ਕਸ਼ਮੀਰ ਦੇ ਇਕੋ ਇਕ ਸੰਸਦੀ ਹਲਕੇ ਸ੍ਰੀਨਗਰ ਲਈ 37.93 ਫ਼ੀਸਦ ਪੋੋਲਿੰਗ ਰਿਕਾਰਡ ਕੀਤੀ ਗਈ ਹੈ। ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਵਾਦੀ ਵਿਚ ਇਹ ਪਹਿਲੀ ਲੋਕ ਸਭਾ ਚੋਣ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ‘ਦਹਾਕਿਆਂ ਵਿਚ ਇਹ ਸਭ ਤੋਂ ਵੱਧ ਵੋਟ ਫੀਸਦ’ ਹੈ। ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਵਿਚ 68.20 ਫ਼ੀਸਦ, ਬਿਹਾਰ 56.75 ਫ਼ੀਸਦ, ਝਾਰਖੰਡ 64.59 ਫ਼ੀਸਦ, ਮੱਧ ਪ੍ਰਦੇਸ਼ 71.72 ਫ਼ੀਸਦ, ਮਹਾਰਾਸ਼ਟਰ 57.58 ਫ਼ੀਸਦ, ਉੜੀਸਾ 64.81 ਫ਼ੀਸਦ, ਤਿਲੰਗਾਨਾ 62.28 ਫ਼ੀਸਦ ਤੇ ਉੱਤਰ ਪ੍ਰਦੇਸ਼ ਵਿਚ 58.05 ਫ਼ੀਸਦ ਪੋਲਿੰਗ ਦਰਜ ਕੀਤੀ ਗਈ ਹੈ। ਆਂਧਰਾ ਪ੍ਰਦੇਸ਼ ਵਿਚ ਲੋਕ ਸਭਾ ਦੀਆਂ 25 ਸੀਟਾਂ ਦੇ ਨਾਲ ਹੀ 175 ਅਸੈਂਬਲੀ ਹਲਕਿਆਂ ਤੇ ਉੜੀਸਾ ਦੀਆਂ 28 ਅਸੈਂਬਲੀ ਸੀਟਾਂ ਲਈ ਵੀ ਵੋਟਾਂ ਪਈਆਂ।

Advertisement

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ ਸੋਮਵਾਰ ਨੂੰ ਸ੍ਰੀਨਗਰ ਵਿੱਚ ਉਮਰ ਅਬਦੁੱਲ੍ਹਾ ਤੇ ਫਾਰੂਕ ਅਬਦੁੱਲ੍ਹਾ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਲੋਕ ਸਭਾ ਚੋਣਾਂ ਦੇ ਪਹਿਲੇ ਤਿੰਨ ਗੇੜਾਂ ਵਿਚ ਵੋਟ ਫ਼ੀਸਦ ਕ੍ਰਮਵਾਰ 66.14 ਫ਼ੀਸਦ, 66.71 ਫ਼ੀਸਦ ਤੇ 65.68 ਫ਼ੀਸਦ ਰਹੀ ਸੀ। ਚੌਥੇ ਗੇੜ ਮਗਰੋਂ ਕੁੱਲ 543 ਸੀਟਾਂ ਵਿਚੋਂ 379 ਸੀਟਾਂ ਲਈ ਪੋਲਿੰਗ ਦਾ ਅਮਲ ਨਿੱਬੜ ਗਿਆ ਹੈ। ਅੱਜ ਤਿਲੰਗਾਨਾ ਦੀਆਂ 17 ਲੋਕ ਸਭਾ ਸੀਟਾਂ, ਆਂਧਰਾ ਪ੍ਰਦੇਸ਼ ਦੀਆਂ ਸਾਰੀਆਂ 25 ਸੀਟਾਂ, ਯੂਪੀ ਦੀਆਂ 13, ਬਿਹਾਰ 5, ਝਾਰਖੰਡ 4, ਮੱਧ ਪ੍ਰਦੇਸ਼ 8, ਮਹਾਰਾਸ਼ਟਰ 11, ਉੜੀਸਾ 4, ਪੱਛਮੀ ਬੰਗਾਲ 8 ਤੇ ਜੰਮੂ ਕਸ਼ਮੀਰ ਦੀ ਇਕ ਸੀਟ ਲਈ ਵੋਟਾਂ ਪਈਆਂ। ਚੌਥੇ ਗੇੜ ਦੀ ਪੋਲਿੰਗ ਮਗਰੋਂ ਸਪਾ ਆਗੂ ਅਖਿਲੇਸ਼ ਯਾਦਵ, ਕੇਂਦਰੀ ਮੰਤਰੀਆਂ ਗਿਰੀਰਾਜ ਸਿੰਘ, ਅਜੈ ਮਿਸ਼ਰਾ ਟੈਨੀ, ਟੀਐੱਮਸੀ ਆਗੂ ਮਹੂਆ ਮੋਇਤਰਾ ਤੇ ਏਆਈਐੱਮਆਈ ਆਗੂ ਅਸਦੂਦੀਨ ਓਵਾਇਸੀ ਦੀ ਸਿਆਸੀ ਕਿਸਮਤ ਈਵੀਐੱਮਜ਼ ’ਚ ਬੰਦ ਹੋ ਗਈ।

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ ਸੋਮਵਾਰ ਨੂੰ ਹੈਦਰਾਬਾਦ ਵਿੱਚ ਏਆਈਐੱਮਆਈਐੱਮ ਮੁਖੀ ਅਸਦੂਦੀਨ ਓਵਾਇਸੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਚੋਣ ਅਥਾਰਿਟੀਜ਼ ਨੇ ਸੋਸ਼ਲ ਮੀਡੀਆ ’ਤੇ ਨਸ਼ਰ ਇਕ ਵੀਡੀਓ ਮਗਰੋਂ ਤਿਲੰਗਾਨਾ ਦੀ ਹੈਦਰਾਬਾਦ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਕੇ. ਮਾਧਵੀ ਲਤਾ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਵੀਡੀਓ ਵਿਚ ਭਾਜਪਾ ਉਮੀਦਵਾਰ ਬੁਰਕੇ ਵਿਚ ਆਈਆਂ ਮੁਸਲਿਮ ਮਹਿਲਾ ਵੋਟਰਾਂ ਨੂੰ ਫੋਟੋ ਸ਼ਨਾਖਤੀ ਕਾਰਡਾਂ ਨਾਲ ਆਪਣੇ ਚਿਹਰੇ ਤਸਦੀਕ ਕਰਵਾਉਣ ਵਾਸਤੇ ਆਖਦੀ ਨਜ਼ਰ ਆ ਰਹੀ ਹੈ। ਉਧਰ ਆਂਧਰਾ ਪ੍ਰਦੇਸ਼ ਵਿਚ ਟੀਡੀਪੀ ਤੇ ਵਾਈਐੱਸਆਰ ਕਾਂਗਰਸ ਪਾਰਟੀ ਨੇ ਇਕ ਦੂਜੇ ’ਤੇ ਖਾਸ ਕਰਕੇ ਪਾਲਨਾਡੂ, ਕਾੜੱਪਾ ਤੇ ਅੰਨਾਮਾਇਆ ਜ਼ਿਲ੍ਹਿਆਂ ਵਿਚ ਹਿੰਸਾ ਭੜਕਾਉਣ ਦੇ ਦੋਸ਼ ਲਾਏ। ਵਾਈਐੱਸਆਰ ਕਾਂਗਰਸ ਨੇ ਟੀਡੀਪੀ ਵੱਲੋਂ ਕਈ ਅਸੈਂਬਲੀ ਹਲਕਿਆਂ ਵਿਚ ਚੋਣ ਜ਼ਾਬਤੇ ਦੀ ਉਲੰਘਣਾ ਦਾ ਵੀ ਦੋਸ਼ ਲਾਇਆ। ਵਾਈਐੱਸਆਰ ਕਾਂਗਰਸ ਨੇ ਟੀਡੀਪੀ ਆਗੂਆਂ ’ਤੇ ਵੇਮੁਰੂ ਹਲਕੇ ਵਿਚ ਪੰਜ ਪੋਲਿੰਗ ਬੂਥਾਂ ’ਤੇ ਕਬਜ਼ੇ ਦਾ ਵੀ ਦੋਸ਼ ਲਾਇਆ। ਟੀਡੀਪੀ ਸੁਪਰੀਮੋ ਚੰਦਰਬਾਬੂ ਨਾਇਡੂ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਲੋਕਾਂ ਲਈ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਸੂੁਬੇ ਵਿਚ ਸਾਜ਼ਗਾਰ ਮਾਹੌਲ ਨਹੀਂ ਹੈ।

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ ਸੋਮਵਾਰ ਨੂੰ ਤਿਲੰਗਾਨਾ ਵਿੱਚ ਬੀਆਰਐੱਸ ਆਗੂ ਕੇ. ਚੰਦਰਸ਼ੇਖਰ ਰਾਓ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਉੱਤਰ ਪ੍ਰਦੇਸ਼ ਦੇ ਸ਼ਾਹਜਹਾਨਪੁਰ ਦੇ ਕੁਝ ਪਿੰਡਾਂ ਵਿਚ ਲੋਕਾਂ ਨੇ ਸੜਕਾਂ ਤੇ ਹੋਰ ਵਿਕਾਸ ਕਾਰਜਾਂ ਦੀ ਅਣਹੋਂਣ ਕਰਕੇ ਰੋਸ ਵਜੋਂ ਚੋਣਾਂ ਦਾ ਬਾਈਕਾਟ ਕੀਤਾ। ਚੋਣ ਕਮਿਸ਼ਨ ਦੇ ਡੇਟਾ ਮੁਤਾਬਕ ਅਕਬਰਪੁਰ ਸੰਸਦੀ ਹਲਕੇ ਵਿਚ 57.58 ਫ਼ੀਸਦ, ਬਹਿਰਾਇਚ 57.47 ਫ਼ੀਸਦ, ਧੋਰਾਹਰਾ 64.12 ਫ਼ੀਸਦ, ਇਟਾਵਾ 56.19 ਫ਼ੀਸਦ, ਫ਼ਾਰੂਖ਼ਾਬਾਦ 58.90 ਫ਼ੀਸਦ, ਹਰਦੋਈ 57.45 ਫ਼ੀਸਦ, ਕਨੌਜ 60.89 ਫ਼ੀਸਦ, ਕਾਨਪੁਰ 52.90 ਫ਼ੀਸਦ, ਖੀਰੀ 64.64 ਫ਼ੀਸਦ, ਮਿਸਰਿਖ 55.78 ਫ਼ੀਸਦ, ਸ਼ਾਹਜਹਾਨਪੁਰ 53.14 ਫ਼ੀਸਦ, ਸੀਤਾਪੁਰ 62.22 ਫ਼ੀਸਦ ਤੇ ਉਨਾਓ 55.33 ਫ਼ੀਸਦ ਵੋਟਾਂ ਪਈਆਂ। ਅਖਿਲੇਸ਼ ਯਾਦਵ ਕਨੌਜ ਜਦੋਂਕਿ ਕੇਂਦਰੀ ਮੰਤਰੀ ਅਜੈ ਮਿਸ਼ਰਾ ਟੈਨੀ ਖੀਰੀ ਹਲਕੇ ਤੋਂ ਚੋਣ ਮੈਦਾਨ ਵਿਚ ਹਨ। ਉੜੀਸਾ ਵਿਚ ਕਈ ਥਾਵਾਂ ’ਤੇ ਈਵੀਐੱਮਜ਼ ਵਿਚ ਤਕਨੀਕੀ ਨੁਕਸ ਪੈਣ ਦੀਆਂ ਰਿਪੋਰਟਾਂ ਹਨ। ਇਕ ਅਧਿਕਾਰੀ ਨੇ ਕਿਹਾ ਕਿ 65 ਬੈਲੇਟ ਯੂਨਿਟਾਂ, 83 ਕੰਟਰੋਲ ਯੂਨਿਟਾਂ ਤੇ 110 ਵੀਵੀਪੈਟ ਤਬਦੀਲ ਕੀਤੀਆਂ ਗਈਆਂ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਡਿਊਟੀ ਵਿਚ ਕੁਤਾਹੀ ਦੇ ਦੋਸ਼ ਹੇਠ ਚੋਣ ਕਮਿਸ਼ਨ ਨੇ ਦੋ ਪੋਲਿੰਗ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ। ਝਾਰਖੰਡ ਵਿਚ ਸੁਰੱਖਿਆ ਬਲਾਂ ਨੇ ਵੋਟਰਾਂ ਨੂੰ ਚੋਣ ਬੂਥ ’ਤੇ ਜਾਣ ਤੋਂ ਰੋਕਣ ਦੀ ਮਾਓਵਾਦੀਆਂ ਦੀ ਕੋਸ਼ਿਸ਼ ਨਾਕਾਮ ਕਰਨ ਦਾ ਦਾਅਵਾ ਕੀਤਾ ਹੈ।

ਲੋਕ ਸਭਾ ਚੋਣਾਂ ਦੇ ਚੌਥੇ ਗੇੜ ਦੌਰਾਨ ਸੋਮਵਾਰ ਨੂੰ ਬੇਗੂਸਰਾਏ ਵਿੱਚ ਕਾਂਗਰਸ ਆਗੂ ਕਨ੍ਹਈਆ ਕੁਮਾਰ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗੀ ਸਿਆਹੀ ਦਿਖਾਉਂਦੇ ਹੋਏ। -ਫੋਟੋ: ਪੀਟੀਆਈ

ਮਾਓਵਾਦੀਆਂ ਨੇ ਸੜਕ ’ਤੇ ਵੱਡਾ ਦਰੱਖਤ ਸੁੱਟ ਕੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਦੂਰ ਦੁਰਾਡੇ ਸੋਨਾਪੀ ਤੇ ਮੋਰਾਂਗਪੋਂਗਾ ਇਲਾਕਿਆਂ ਨੂੰ ਜਾਂਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਜੰਮੂ ਕਸ਼ਮੀਰ ਵਿਚ ਵੋਟਿੰਗ ਦਾ ਅਮਲ ਸ਼ਾਂਤੀਪੂਰਨ ਰਿਹਾ, ਜਿੱਥੇ ਅਬਦੁੱਲਾ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨੇ ਸ੍ਰੀਨਗਰ ਲੋਕ ਸਭਾ ਹਲਕੇ ਵਿਚ ਆਪਣੀ ਵੋਟ ਪਾਈ। ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ, ‘‘ਸ੍ਰੀਨਗਰ ਸੰਸਦੀ ਹਲਕੇ ਵਿਚ ਅੱਜ ਵੱਡੀ ਗਿਣਤੀ ਲੋਕਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜਮਹੂਰੀਅਤ ਤੇ ਸੰਵਿਧਾਨ ਵਿਚ ਆਪਣੇ ਵਿਸ਼ਵਾਸ ਨੂੰ ਪੱਕਿਆਂ ਕੀਤਾ। ਮੈਂ ਨਿਰਪੱਖ ਤੇ ਸ਼ਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਸਾਰੇ ਸਬੰਧਤ ਭਾਈਵਾਲਾਂ ਵੱਲੋਂ ਪਾਏ ਯੋਗਦਾਨ ਦੀ ਸ਼ਲਾਘਾ ਕਰਦਾ ਹਾਂ।’’ -ਪੀਟੀਆਈ

ਟੀਐੱਮਸੀ ਤੇ ਭਾਜਪਾ ਵਰਕਰ ਭਿੜੇ

ਪੱਛਮੀ ਬੰਗਾਲ ਵਿਚ ਚੌਥੇ ਗੇੜ ਤਹਿਤ ਅੱਠ ਸੰਸਦੀ ਹਲਕਿਆਂ ਲਈ ਵੋਟਾਂ ਦੌਰਾਨ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਦੇਖਣ ਨੂੰ ਮਿਲੀਆਂ। ਬੀਰਭੂਮ ਤੇ ਬਰਧਮਾਨ-ਦੁਰਗਾਪੁਰ ਲੋਕ ਸਭਾ ਹਲਕਿਆਂ ਵਿਚ ਕਈ ਥਾਈਂ ਟੀਐੱਮਸੀ ਤੇ ਭਾਜਪਾ ਵਰਕਰ ਆਪਸ ਵਿਚ ਭਿੜ ਗਏ। ਚੋਣ ਕਮਿਸ਼ਨ ਨੇ ਭਾਵੇਂ ਸੂਬੇ ਵਿਚ ਚੋਣ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹਨ ਦਾ ਦਾਅਵਾ ਕੀਤਾ ਹੈ, ਪਰ ਕਮਿਸ਼ਨ ਨੂੰ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਈਵੀਐੱਮਜ਼ ਵਿਚ ਨੁਕਸ ਪੈਣ ਤੇ ਏਜੰਟਾਂ ਨੂੰ ਚੋਣ ਬੂਥਾਂ ਵਿਚ ਜਾਣ ਤੋਂ ਰੋਕਣ ਸਬੰਧੀ 1700 ਦੇ ਕਰੀਬ ਸ਼ਿਕਾਇਤਾਂ ਮਿਲੀਆਂ ਹਨ। ਬਰਧਮਾਨ-ਦੁਰਗਾਪੁਰ ਤੋਂ ਭਾਜਪਾ ਉਮੀਦਵਾਰ ਦਿਲੀਪ ਘੋਸ਼ (59) ਦੇ ਕਾਫ਼ਲੇ ’ਤੇ ਦੋ ਥਾਈਂ ਪੱਥਰਬਾਜ਼ੀ ਕੀਤੀ ਗਈ, ਜਿਸ ਵਿਚ ਸੀਆਈਐੱਸਐੱਫ ਦੇ ਦੋ ਜਵਾਨ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਟੀਐੱਮਸੀ ਕਾਰਕੁਨਾਂ ਨੇ ਘੋਸ਼ ਨਾਲ ਧੱਕਾਮੁੱਕੀ ਵੀ ਕੀਤੀ। ਘੋਸ਼ ਜਿਨ੍ਹਾਂ ਕੋਲ ‘ਵਾਈ’ ਸ਼੍ਰੇਣੀ ਦੀ ਸੁਰੱਖਿਆ ਹੈ, ਨੇ ਦਾਅਵਾ ਕੀਤਾ ਕਿ ਪੱਥਰਬਾਜ਼ੀ ਮੌਕੇ ਪੁਲੀਸ ਮਹਿਜ਼ ਮੂਕ ਦਰਸ਼ਕ ਬਣੀ ਰਹੀ। ਭਾਜਪਾ ਦੇ ਪੋਲਿੰਗ ਏਜੰਟਾਂ ਨੂੰ ਬੂਥ ਵਿਚ ਜਾਣ ਤੋਂ ਰੋਕਣ ’ਤੇ ਬੀਰਭੂਮ ਲੋਕ ਸਭਾ ਹਲਕੇ ਅਧੀਨ ਆਉਂਦੇ ਨਾਨੂਰ ਵਿਚ ਭਾਜਪਾ ਵਰਕਰ ਤੇ ਟੀਐੱਮਸੀ ਕਾਰਕੁਨ ਖਹਿਬੜ ਪਏ। ਟੀਐੱਮਸੀ ਕਾਰਕੁਨਾਂ ਵੱਲੋਂ ਕਥਿਤ ਭਾਜਪਾ ਵਰਕਰਾਂ ਨੂੰ ਕੁੱਟੇ ਜਾਣ ਕਰਕੇ ਕ੍ਰਿਸ਼ਨਾਨਗਰ ਹਲਕੇ ਅਧੀਨ ਆਉਂਦੇ ਛਪਰਾ ਇਲਾਕੇ ਵਿਚ ਤਣਾਅ ਬਣਿਆ ਰਿਹਾ। ਭਾਜਪਾ ਉਮੀਦਵਾਰ ਅਮ੍ਰਿਤਾ ਰੌਏ ਖੁ਼ਦ ਦੋ ਜ਼ਖ਼ਮੀਆਂ ਨੂੰ ਲੈ ਕੇ ਛਪਰਾ ਪੁਲੀਸ ਥਾਣੇ ਪੁੱਜੇ। ਟੀਐੱਮਸੀ ਨੇ ਹਾਲਾਂਕਿ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੂਤਰਾਂ ਮੁਤਾਬਕ ਟੀਐੱਮਸੀ, ਭਾਜਪਾ ਤੇ ਕਾਂਗਰਸ-ਸੀਪੀਆਈ(ਐੱਮ) ਗੱਠਜੋੜ ਨੇ ਚੋਣ ਹਿੰਸਾ, ਵੋਟਰਾਂ ਨੂੰ ਡਰਾਉਣ-ਧਮਕਾਉਣ ਤੇ ਪੋਲ ਏਜੰਟਾਂ ’ਤੇ ਹਮਲਿਆਂ ਸਬੰਧੀ ਸ਼ਿਕਾਇਤਾਂ ਕੀਤੀਆਂ।

Advertisement
Author Image

joginder kumar

View all posts

Advertisement