ਲੋਕ ਲਹਿਰ ਪੰਜਾਬ ਤੇ ਕਿਸਾਨ ਵਿਕਾਸ ਫਰੰਟ ਦੀ ਮੀਟਿੰਗ
ਪੱਤਰ ਪ੍ਰੇਰਕ
ਮਸਤੂਆਣਾ ਸਾਹਿਬ, 8 ਅਗਸਤ
ਕੁਦਰਤ-ਮਾਨਵ ਕੇਂਦਰਤ ਲੋਕ ਲਹਿਰ ਪੰਜਾਬ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਪੰਜਾਬ ਦੀ ਸੂਬਾਈ ਕਮੇਟੀ ਦੀ ਸਾਂਝੀ ਮੀਟਿੰਗ ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਵਿਖੇ ਹੋਈ। ਮੀਟਿੰਗ ਵਿੱਚ ਵਾਤਾਵਰਨ ਤਬਦੀਲੀਆਂ ਦੇ ਮੱਦੇਨਜ਼ਰ ਭਵਿੱਖ ਵਿੱਚ ਖੇਤੀਬਾੜੀ ਤੇ ਕਿਸਾਨ ਭਾਈਚਾਰੇ, ਭੋਜਨ ਸੁਰੱਖਿਆ, ਸਿਹਤ ਸੁਰੱਖਿਆ ਬਾਰੇ ਵਿਚਾਰ-ਚਰਚਾ ਕੀਤੀ ਗਈ। ਜਲਵਾਯੂ ਪਰਿਵਰਤਨ ਦੀ ਚੁਣੌਤੀ ਦੇ ਪ੍ਰਸੰਗ ਵਿੱਚ ਕਾਰਪੋਰੇਟ ਵਿਕਾਸ ਮਾਡਲ ਦਾ ਬਦਲ (ਸਮਾਜਿਕ ਵਿਕਾਸ ਦੇ ਕੁਦਰਤ ਪੱਖੀ ਅਤੇ ਇਨਸਾਨ ਪੱਖੀ ਮਾਡਲ) ’ਤੇ ਕੌਮੀ ਜਨਰਲ ਸਕੱਤਰ ਸੁਖਦੇਵ ਸਿੰਘ ਭੁਪਾਲ, ਮਹਿੰਦਰ ਸਿੰਘ ਭੱਠਲ, ਸੱਜਣ ਕੁਮਾਰ ਰਾਜਸਥਾਨ ਵੱਲੋਂ ਵਿਚਾਰ ਪੇਸ਼ ਕੀਤੇ ਗਏ। ਇਸ ਦੌਰਾਨ ਪਹਿਲੀ ਜੁਲਾਈ ਨੂੰ ਲਾਗੂ ਕੀਤੇ ਕਾਨੂੰਨਾਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਚੇਤਨਾ ਮਾਰਚ ਦਾ ਪ੍ਰੋਗਰਾਮ ਵੀ ਉਲੀਕਿਆ ਗਿਆ ਹੈ। ਵਿੱਤ ਸਕੱਤਰ ਗੁਰਮੇਲ ਸਿੰਘ ਖਾਈ ਨੇ ਦੱਸਿਆ ਕਿ 24, 25, 26 ਅਗਸਤ ਨੂੰ ਲਹਿਰਾਗਾਗਾ, 30 31 ਅਗਸਤ ਨੂੰ ਫਾਜ਼ਿਲਕਾ, 4, 5, 6 ਸਤੰਬਰ ਨੂੰ ਮਾਨਸਾ, 8, 9, 10 ਸਤੰਬਰ ਨੂੰ ਸੰਗਰੂਰ ਹਲਕੇ ਵਿੱਚ, 16,17,18 ਸਤੰਬਰ ਨੂੰ ਸ਼ੇਰਪੁਰ ਹਲਕੇ ਵਿੱਚ ਪ੍ਰੋਗਰਾਮ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।