ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਹਿੱਸਾ ਲਵੇਗੀ ਲੋਕ ਇਨਸਾਫ਼ ਪਾਰਟੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਨਵੰਬਰ
ਲੋਕ ਇਨਸਾਫ਼ ਪਾਰਟੀ ਨੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਫ਼ੈਸਲਾ ਕਰਦਿਆਂ ਵਰਕਰਾਂ ਨੂੰ ਕਮਰਕੱਸੇ ਕਰਨ ਲਈ ਕਿਹਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨੂੰ ਲੈ ਕੇ ਬੁਲਾਈ ਮੀਟਿੰਗ ਦੌਰਾਨ ਪਾਰਟੀ ਦੇ ਸਰਪ੍ਰਸਤ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇੱਕੋ ਇੱਕ ਅਜਿਹੀ ਧਾਰਮਿਕ ਸੰਸਥਾ ਹੈ ਜਿਸ ਦਾ ਆਪਣਾ ਸੁਨਹਿਰੀ 100 ਸਾਲਾ ਇਤਿਹਾਸ ਹੈ ਜੋ ਕੁਰਬਾਨੀਆਂ ਅਤੇ ਸ਼ਹਾਦਤਾਂ ਆਪਣੇ ਅੰਦਰ ਸਮੋਈ ਬੈਠਾ ਹੈ ਪਰ ਕੁਝ ਲੋਕ ਇਸ ਦੇ ਮਾਣਮੱਤੇ ਇਤਿਹਾਸ ਨੂੰ ਨਿੱਜੀ ਹਿੱਤਾਂ ਲਈ ਕਲੰਕਤਿ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਸਿੱਖ ਸੰਗਤ ਅਜਿਹੇ ਲੋਕਾਂ ਦੇ ਮਨਸੂਬੇ ਸਫ਼ਲ ਨਹੀਂ ਹੋਣ ਦੇਵੇਗੀ।
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ਼ ਪਾਰਟੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸਰਗਰਮੀ ਨਾਲ ਹਿੱਸਾ ਲਵੇਗੀ ਅਤੇ ਉਨ੍ਹਾਂ ਰਿਵਾਇਤੀ ਲੋਕਾਂ ਤੋਂ ਕਬਜ਼ਾ ਛਡਾਉਣ ਲਈ ਅਹਿਮ ਰੋਲ ਅਦਾ ਕਰੇਗੀ। ਮੀਟਿੰਗ ਦੌਰਾਨ ਵੋਟਾਂ ਬਣਾਉਣ ਲਈ ਬੂਥ ਪੱਥਰ ‘ਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ, ਰਣਧੀਰ ਸਿੰਘ ਸਬਿੀਆ, ਜਸਵਿੰਦਰ ਸਿੰਘ ਖਾਲਸਾ, ਸਿਕੰਦਰ ਸਿੰਘ ਪੰਨੂ, ਅਰਜਨ ਸਿੰਘ ਚੀਮਾ, ਹਰਪਾਲ ਸਿੰਘ ਕੋਹਲੀ, ਜਸਪਾਲ ਸਿੰਘ ਰਿਐਤ, ਸੁਖਵਿੰਦਰ ਸਿੰਘ ਦੁੱਗਰੀ, ਮਨਜੀਤ ਕੌਰ, ਕਮਲਜੀਤ ਕੌਰ, ਸਿਮਰਨਜੀਤ ਸਿੰਘ ਬੇਦੀ ਅਤੇ ਪਵਨਦੀਪ ਸਿੰਘ ਮਦਾਨ ਆਦਿ ਮੌਜੂਦ ਸਨ।