For the best experience, open
https://m.punjabitribuneonline.com
on your mobile browser.
Advertisement

ਧੀਆਂ ਦੀ ਲੋਹੜੀ

08:30 AM Jan 11, 2024 IST
ਧੀਆਂ ਦੀ ਲੋਹੜੀ
Advertisement

ਵਰਿੰਦਰ ਸ਼ਰਮਾ ਵਾਤਸਾਯਾਨ

Advertisement

ਆ ਗਿਆ ਅੱਜ ਲੋਹੜੀ ਦਾ ਤਿਉਹਾਰ
ਪੁੱਤਾਂ ਵਾਂਗ ਲੋਹੜੀ ਧੀਆਂ ਦੀ ਮਨਾਈਏ
ਪੁੱਤਾਂ ਧੀਆਂ ਵਿੱਚ ਫ਼ਰਕ ਨਾ ਕੋਈ ਰੱਖੀਏ
ਧੀਆਂ ਨਾਲ ਹੀ ਹੈ ਵਸਦਾ ਜਹਾਨ ਸਾਰਾ
ਵਜੂਦ ਧੀਆਂ ਦਾ ਦੁਨੀਆ ਨੂੰ ਸਮਝਾਈਏ
ਆਉ ਧੀਆਂ ਦੀ ਵੀ ਲੋਹੜੀ ਮਨਾਈਏ...

ਹਰ ਘਰ ਦਾ ਸ਼ਿੰਗਾਰ ਨੇ ਧੀਆਂ
ਰਿਸ਼ਤੇ ਨਾਤੇ ਪਰਿਵਾਰ ਨੇ ਧੀਆਂ
ਕੁੱਖ ਵਿੱਚ ਨਾ ਧੀਆਂ ਕਤਲ ਕਰਾਈਏ
ਆਓ ਧੀਆਂ ਦੀ ਵੀ ਲੋਹੜੀ ਮਨਾਈਏ...

ਜ਼ਿੰਦਗੀ ਦੀ ਜੰਗ ਨਾ ਕਦੇ ਹਾਰਨ ਧੀਆਂ
ਕਿਸੇ ਦੇ ਹੱਕ ਕਦੇ ਨਾ ਮਾਰਨ ਧੀਆਂ
ਯਾਦ ਰੱਖੋ ਦੋ ਘਰਾਂ ਨੂੰ ਸੰਵਾਰਨ ਧੀਆਂ
ਇਨ੍ਹਾਂ ਰੱਬ ਦੇ ਜੀਆਂ ਦੀ ਖ਼ੈਰ ਮਨਾਈਏ
ਆਉ ਧੀਆਂ ਦੀ ਵੀ ਲੋਹੜੀ ਮਨਾਈਏ...

ਧੀਆਂ-ਪੁੱਤਰਾਂ ਨੂੰ ਪਿਆਰ ਕਰੋ ਇਕਸਾਰ
ਆਓ ਇਹ ਸਮਝੀਏ ਕਰੀਏ ਸੋਚ ਵਿਚਾਰ
ਨਵਜੰਮੀ ਦਾ ਸ਼ਾਨੋ-ਸ਼ੌਕਤ ਨਾਲ ਕਰੀਏ ਸਤਿਕਾਰ
ਢੋਲ ਵਜਾਈਏ ਨੱਚੀਏ ਗਾਈਏ ਖ਼ੁਸ਼ੀਆਂ ਮਨਾਈਏ
ਆਉ ਰਲਮਿਲ ਧੀਆਂ ਦੀ ਵੀ ਲੋਹੜੀ ਮਨਾਈਏ...
* * *

ਹੱਕਾਂ ਦੀ ਲੋਹੜੀ

ਜਸਵੰਤ ਗਿੱਲ ਸਮਾਲਸਰ

ਆਓ ਰਲਮਿਲ ਉੱਚੀ ਗਾਈਏ,
ਦੁੱਲੇ ਭੱਟੀ ਦੀ ਘੋੜੀ।
ਮੱਲੀਏ ਜਾ ਸਰਕਾਰ ਦੇ ਦਰ ਨੂੰ,
ਮੰਗੀਏ ਹੱਕਾਂ ਦੀ ਲੋਹੜੀ।

ਕਦ ਤੱਕ ਦਲਿੱਦਰ ਚੁੱਕਣੇ ਨੇ,
ਕਦ ਤੱਕ ਬੈਠਣਾ ਝੂਠੀ ਆਸ ’ਤੇ।
ਤਿਲ ਸੁੱਟਿਆਂ ਨਾ ਗੱਲ ਬਣਨੀ,
ਕਫ਼ਨ ਪਾਈਏ ਲਾਰੇ ਦੀ ਲਾਸ਼ ’ਤੇ।
ਇੱਥੇ ਕਿਸੇ ਮਾਈ ਨਾ ਪਾਉਣੀ ਏ,
ਖ਼ਾਲੀ ਝੋਲੀ, ਮਿੱਠੀ ਰਿਉੜੀ।

ਦਰ ’ਤੇ ਜਾ ਆਵਾਜ਼ ਨਾ ਦੇਣੀ,
ਨਾ ਹੀ ਹੋਕਾ ਲਾਉਣਾ।
ਹਿੱਕ ਵਿੱਚ ਵੱਜਣਾ ਹਾਕਮ ਦੇ,
ਮੰਗਾਂ ਦਾ ਕੁੰਢਾ ਖੜਕਾਉਣਾ।
ਆਪਣੇ ਹਿੱਸੇ ਦੀ ਈਸ਼ਰ,
ਲੈ ਕੇ ਜਾਣੀ ਬਹੁਤੀ ਜਾਂ ਥੋੜ੍ਹੀ।

ਵਾਅਦਿਆਂ ਦੀਆਂ ਪਾਥੀਆਂ ਚਿਣ,
ਤੀਲ੍ਹੀ ਲਾਉਣੀ ਇਨਕਲਾਬ ਦੀ ਏ।
‘ਗਿੱਲ’ ਸਾਰੀ ਰਾਤ ਬੈਠ ਸੇਕਣੀ,
ਧੂਣੀ ਸਿਆਸਤ ਦੇ ਨਵਾਬ ਦੀ ਏ।
ਸਦਾ ਸਲਾਮਤ ਰਹੇ ਮਿੱਤਰਾ,
ਸੰਘਰਸ਼ਾਂ ਤੇ ਅਣਖਾਂ ਦੀ ਜੋੜੀ।

ਆਓ ਰਲਮਿਲ ਉੱਚੀ ਗਾਈਏ,
ਦੁੱਲੇ ਭੱਟੀ ਦੀ ਘੋੜੀ।
ਮੱਲੀਏ ਜਾ ਸਰਕਾਰ ਦੇ ਦਰ ਨੂੰ,
ਮੰਗੀਏ ਹੱਕਾਂ ਦੀ ਲੋਹੜੀ।
ਸੰਪਰਕ: 97804-51878
* * *

ਲੋਹੜੀ…

ਬਲਵਿੰਦਰ ਬਾਲਮ ਗੁਰਦਾਸਪੁਰ

ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ
ਨਿਰਧਨ ਧੀ ਦੇ ਹੱਥ ਵਿੱਚ ਅਹੁਦਾ ਫੇਰ ਕਹਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਸੁੱਖ ਸਮਰਿਧੀ ਆਨੰਦ ਅਵਸਥਾ ਸ਼ੁਭ ਸੰਕਲਪ ਬਣੇ।
ਵਾਸਤਵਿਕ ਨਿਰਮਿਤ ਪੁਰਸ਼ਾਰਥ ਦੇ ਬੱਦਲ ਬਣਨ ਘਣੇ।
ਨਵਯੁਗ ਦੇ ਵਿੱਚ ਸੰਤੁਲਿਤ ਇੱਛਾ ਨੂੰ ਦਰਸਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਧੀਆਂ ਦੇ ਲਈ ਦੁੱਲਾ-ਭੱਟੀ ਦੀ ਨਾ ਕੋਈ ਲੋੜ ਪਵੇ।
ਪਰਮਪਿਤਾ ਦੀ ਸੁਖਦ ਕਮਾਈ ਦੀ ਨਾ ਕੋਈ ਥੋੜ੍ਹ ਰਵੇ।
ਵਿਹੜੇ ਦੇ ਵਿੱਚ ਰਿਸ਼ੀਆਂ-ਮੁਨੀਆਂ ਵਾਂਗੂੰ ਹੈ ਸਮਝਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਮਾਘ ਮਹੀਨੇ ਦੀ ਪਹਿਲੀ ਸੰਗਰਾਂਦ ਸੁਹਾਣੀ ਹੁੰਦੀ।
ਫ਼ਸਲਾਂ ਦੀ ਖੁਸ਼ਹਾਲੀ ਉਪਰ ਖ਼ੂਬ ਜਵਾਨੀ ਹੁੰਦੀ।
ਮਾਘ ਦੀ ਪਹਿਲੀ ਰਾਤੇ ਮੌਸਮ ਫੇਰ ਸਜਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਪਰਿਵਾਰਾਂ ਅੰਦਰ ਅਰਧਾਂਗਨੀ ਇੱਕ ਧੁਰੀ ਹੈ ਨਾਰੀ।
ਜਿਸ ਦੇ ਕਾਰਨ ਸੁੰਦਰ ਲੱਗਦੀ ਇਹ ਸ੍ਰਿਸ਼ਟੀ ਸਾਰੀ।
ਮਾਤਰ ਭੂਮੀ ਵਿੱਚ ਆਤਮ-ਵਿਸ਼ਵਾਸ ਬਣਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਨਵਯੁਗ ਵਿੱਚ ਵਿਗਿਆਨ ਸਿਖਾਏ ਨਵਜੀਵਨ ਵਿੱਚ ਜੀਣਾ।
ਸ਼ੁੱਧਤਾ ਬੁੱਧਤਾ ਨੇਕ ਕਮਾਈਆਂ ਮਿਹਨਤ ਵਿੱਚ ਪਸੀਨਾ।
ਇੱਕ ਅਲੌਕਿਕ ਸ਼ੋਭਾ ਅੰਦਰ ਗੀਤ ਸੁਣਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਰਿਉੜੀ, ਗੱਚਕ, ਗੰਨੇ ਦਾ ਰਸ, ਸਾਗ ਸਰ੍ਹੋਂ ਦਾ ਮੱਖਣ।
ਤੰਦੂਰੀ ਰੋਟੀ ਮਾਂਹ ਦੀ ਦਾਲ ਸਵਾਦਾਂ ਦੇ ਨਾਲ ਚੱਖਣ।
ਵਿੱਚ ਵਿਦੇਸ਼ਾਂ ਸੱਜਣਾਂ ਨੂੰ ਰੀਝਾਂ ਨਾਲ ਬੁਲਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।

ਖਰਚੀਲੇ ਆਯੋਜਨ ਛੱਡ ਕੇ ਸ਼ੁੱਧ ਤਿਉਹਾਰ ਮਨਾਈਏ।
ਅੰਮ੍ਰਿਤ ਮਹਾਂਉਤਸਵ ਦੇ ਨਾਲ ਬਾਲਮ ਕਰਮ ਕਮਾਈਏ।
ਭਾਰਤ ਮਾਂ ਦੀ ਪ੍ਰਤਿਭਾ-ਪ੍ਰਤਿਸ਼ਠਾ ਸਾਂਝ ਵਧਾਵੇ ਲੋਹੜੀ।
ਚੜ੍ਹਦੇ ਸੂਰਜ ਦਾ ਸਿਰਨਾਵਾਂ ਲੈ ਕੇ ਆਵੇ ਲੋਹੜੀ।
ਸੰਪਰਕ: 98156-25409
* * *

ਹੱਥ ਅਕਲ ਨੂੰ ਮਾਰ ਲੈ

ਗੋਗੀ ਜ਼ੀਰਾ

ਐਵੇਂ ਬਾਹਲਾ ਸੋਚੀ ਜਾਨੈਂ,
ਐਨਾ ਕੁਝ ਕਿਉਂ ਲੋਚੀ ਜਾਨੈਂ।
ਰੇਤ ਦੇ ਕਿਲ੍ਹੇ ਉਸਾਰਨ ਖਾਤਰ,
ਮਾਸ ਹੋਰਾਂ ਦਾ ਨੋਚੀ ਜਾਨੈਂ।
ਸ਼ਾਹੂਕਾਰਾਂ ਨੂੰ ਦੇ ਰਾਹਤ,
ਗ਼ਰੀਬ ਦੀ ਫੱਟੀ ਪੋਚੀ ਜਾਨੈਂ।
ਦੋਸ਼ੀ ਤੇਰੀ ਬਾਹਰ ਪਹੁੰਚ ਤੋਂ,
ਬੇਗੁਨਾਹ ਨੂੰ ਬੋਚੀ ਜਾਨੈਂ।
ਹੱਥ ਅਕਲ ਨੂੰ ਮਾਰ ਲੈ ‘ਗੋਗੀ’,
ਤੂੰ ਤਾਂ ਰੱਬ ਨੂੰ ਕੋਸੀ ਜਾਨੈਂ।
ਸੰਪਰਕ: 97811-36240
* * *

ਬਾਜ਼ੀ ਨੂੰ ਕਦੀ ਨਾ ਹਰਸਾਂ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

ਘੁੰਮਿਆ ਜੱਗ ਮੈਂ ਚਾਰ ਚੁਫ਼ੇਰੇ
ਹਰ ਪਾਸੇ ਸੀ ਘੁੱਪ ਹਨੇਰੇ।
ਕਿਧਰੇ ਧੀਆਂ ਕੁੱਖ ’ਚ ਮਰ ਸਨ
ਕਿਧਰੇ ਬਾਪੂ ਦੁੱਖ ਨੂੰ ਜਰ ਸਨ।
ਕਿਧਰੇ ਗੱਭਰੂ ਖਾਵਣ ਧੱਕੇ
ਲੀਡਰ ਗਾਵਣ ਮੰਦਰ ਮੱਕੇ।
ਕਿਧਰੇ ਆਟੇ ਖ਼ਾਤਿਰ ਝੜਪਾਂ
ਲੋਥਾਂ ਨਾਲ ਨੇ ਲਥਪਥ ਸੜਕਾਂ।
ਕਿਧਰੇ ਰਿਸ਼ਵਤ, ਕਿਧਰੇ ਧੋਖੇ
ਠੱਗ ਵਪਾਰੀ, ਬਾਬੇ ਸੌਖੇ।
ਕਿਧਰੇ ਮੁਲਕੋਂ ਭੱਜੇ ਕੁੱਤੇ
ਕਿਧਰੇ ਚੌਕੀਦਾਰ ਨੇ ਸੁੱਤੇ।
ਕਿਧਰੇ ਵਿੱਚ ਹਵਾ ਦੇ ਜ਼ਹਿਰਾਂ
ਗੰਦੇ ਪਾਣੀ, ਸੁੱਕੀਆਂ ਨਹਿਰਾਂ।
ਕਿਧਰੇ ਵੱਜਦੇ ਗੀਤ ਨੇ ਗੰਦੇ
ਰੱਬ ਦੇ ਨਾਂ ’ਤੇ ਗੋਰਖਧੰਦੇ।
ਕਿਧਰੇ ਕੁੰਡਲੀ, ਕਿਧਰੇ ਟੇਵੇ
ਢੋਂਗੀ ਖਾਵਣ ਸੁੱਕੇ ਮੇਵੇ।
ਕਿਧਰੇ ਪੱਛਮੀ ਨੇ ਪਹਿਰਾਵੇ
ਕਿਧਰੇ ਨਸ਼ਾ ਜਵਾਨੀ ਖਾਵੇ।
ਕਿਧਰੇ ਡਾਲਰ, ਪੌਂਡ ਬੁਲਾਵਣ
ਬੱਚੇ ਮੁਲਕ ਬੇਗਾਨੇ ਜਾਵਣ।
ਕਿਧਰੇ ਗੈਂਗ ਨੇ ਗੁੰਡਿਆਂ ਪਾਲੇ
ਵਿਦਵਾਨਾਂ ਦੇ ਮੂੰਹ ’ਤੇ ਤਾਲੇ।
ਕਿਧਰੇ ਦੁਸ਼ਮਣ ਬਾਰਡਰ ਟੱਪੇ
ਚੌਕੀਦਾਰ ਦੇ ਕੰਨੀਂ ਝੱਪੇ।
ਕਿਧਰੇ ਅੰਨਦਾਤੇ ਦੀ ਹੋਣੀ
ਉਸਦੀ ਖ਼ਾਤਿਰ ਅੱਖ ਨਾ ਰੋਣੀ।
ਕਿਧਰੇ ਝੂਠੇ ਵਾਅਦੇ, ਲਾਰੇ
ਲੀਡਰਾਂ ਨੇ ਕਿਰਦਾਰ ਨੇ ਮਾਰੇ।
ਹੇ ਰੱਬਾ, ਕਰ ਦੂਰ ਹਨੇਰੇ
ਢਹਿ ਪਿਆ ਮੈਂ ਹਾਂ ਦਰ ’ਤੇ ਤੇਰੇ।
ਰਤਾ ਕੁ ਚਾਨਣ ਦੇ ਤੂੰ ਦਾਤਾ
ਕਰ ਦੇ ਬੰਦ ਹਨੇਰ ਦਾ ਖਾਤਾ।
ਸੁਣ ਲੈ ਅੰਤਿਮ ਅਰਜ਼ ਹੈ ਮੇਰੀ
ਆਜਾ ਹੁਣ ਨਾ ਲਾਵੀਂ ਦੇਰੀ।
ਤੇਰੀ ਦੀਦ ਨੂੰ ਨੈਣ ਪਿਆਸੇ
ਕਰਦੇ ਸਭ ਦੇ ਮਨ ਵਿੱਚ ਵਾਸੇ।
ਸਿੱਧੇ ਰਾਹ ਤੂੰ ਸਭ ਨੂੰ ਪਾਵੀਂ
ਗਿਆਨ, ਸਬਰ ਦੀ ਜੋਤ ਜਗਾਵੀਂ।
ਅਸੀਂ ਹਾਂ ਖਿਣ ਖਿਣ ਭੁੱਲਣਹਾਰੇ
ਤੂੰ ਤਾਂ ਸੈਲ-ਪੱਥਰ ਵੀ ਤਾਰੇ।

ਮੱਤ-ਸੁਮੱਤ ਤੂੰ ਸਭ ਨੂੰ ਪਾ ਦੇ
ਹੱਕ ਤੇ ਸੱਚ ਦਾ ਪਾਠ ਪੜ੍ਹਾ ਦੇ।
ਤੇਰੇ ਦਰ ਮੈਂ ਸਿਜਦੇ ਕਰਸਾਂ
ਇਸ ਬਾਜ਼ੀ ਨੂੰ ਕਦੀ ਨਾ ਹਰਸਾਂ।
ਸੰਪਰਕ: 97816-46008
* * *

ਕੁਝ ਤਾਂ ਸੋਚ ਵਿਚਾਰ ਕਰੋ

ਭੁਪਿੰਦਰ ਸਿੰਘ ਪੰਛੀ

ਤੇਰੇ ਕਸ਼ੀਦੇ ਹੋਏ ਵਿਚਾਰਾਂ ਦਾ ਕੀ ਕਰਾਂ
ਭਾਫ਼ ਬਣ ਉੱਡੀਆਂ ਬਹਾਰਾਂ ਦਾ ਕੀ ਕਰਾਂ

ਤੂੰ ਹੀ ਸੀ ਮੇਰੇ ਲਈ ਅਣਗਿਣਤਾਂ ਜਿਹਾ
ਤੇਰੇ ਬਾਝੋਂ ਹਜ਼ਾਰਾਂ ਦਾ ਕੀ ਕਰਾਂ

ਇਹ ਸਪੱਸ਼ਟ ਸੀ ਕਿ ਉਹ ਵੈਰੀ ਹੈ ਪਰ
ਖੰਜਰ ਬਣ ਕੇ ਖੁੱਭੇ ਹੁਣ ਖਾਰਾਂ ਦਾ ਕੀ ਕਰਾਂ

ਬਿਨਾਂ ਰੇਗਮਾਰ ਤੋਂ ਰੰਗ ਸੀ ਕਰ ਆ ਗਿਆ
ਆਪਣੇ ਹੱਥੀਂ ਫੜੀਆਂ ਬਿਜਲਈ ਤਾਰਾਂ ਦਾ ਕੀ ਕਰਾਂ

ਦੌਰ ਲੁੱਚਿਆਂ ਗੁੰਡਿਆਂ ਦਾ ਚੱਲ ਰਿਹੈ
ਅੰਨ੍ਹੀਆਂ ਤੇ ਬੋਲ਼ੀਆਂ ਸਰਕਾਰਾਂ ਦਾ ਕੀ ਕਰਾਂ

‘ਜਬ ਆਵ ਕੀ ਅਉਧ ਨਿਦਾਨ ਬਨੈ’ ਗੁਰੂ ਕਿਹਾ
ਹੁਣ ਜ਼ੁਲਮ ਕਰ ਰਹੀਆਂ ਤਲਵਾਰਾਂ ਦਾ ਕੀ ਕਰਾਂ

ਕੱਖੋਂ ਹੌਲ਼ੇ ਹੋ ਗਏ ਲੋਕ ਹੁਣ ਨੇ ਜਾਪਦੇ
ਆਪਣੇ ਹੱਥੀਂ ਚੁਣੀਆਂ ਸਰਕਾਰਾਂ ਦਾ ਕੀ ਕਰਾਂ

ਵਾਅਦਿਆਂ ਦੀ ਪੰਡ ਸੀ ਸੁੱਟ ਗਿਆ ਮੇਰੇ ਵਿਹੜੇ
ਮੇਰੇ ਵਿਹੜੇ ਜੋ ਨਾ ਆਈਆਂ ਬਹਾਰਾਂ ਦਾ ਕੀ ਕਰਾਂ

ਪੰਛੀ ਮਾਰ ਉਡਾਰੀ ਤੇ ਤੂੰ ਵੀ ਕਰ ਪਰਵਾਸ ਲੈ
ਤੇਰੇ ਖੰਭ ਵੱਢਣੀਆਂ ਹੁਣ ਸਰਕਾਰਾਂ ਦਾ ਕੀ ਕਰਾਂ
ਸੰਪਰਕ: 98559-91055
* * *

ਚਾਨਣ

ਮਨਜੀਤ ਸਿੰਘ ਬੱਧਣ

ਕੋਹਰਾ ਹੈ ਧੁੰਦ ਹੈ
ਸਿਰ ਪਰਨਾ
ਸਾਈਕਲ ਦੇ ਹੈਂਡਲ ਬੱਝਿਆ ਥੈਲਾ
ਪੈਂਡਲ ਦੱਬਦੇ ਪੈਰ
ਫਟੀਆਂ ਬਿਆਈਆਂ ਵਾਲੇ
ਇਨ੍ਹਾਂ ਦੇ ਆਉਣ ਨਾਲ
ਮਹਿਫ਼ਿਲ ਸਜ ਨਾ ਜਾਂਦੀ
ਜਿੱਥੇ ਮਹਿਫ਼ਿਲ ਸਜੇ
ਉਸ ਦੇ ਬੁੱਤ-ਘਾੜੇ
ਕਰੰਡੀਆਂ, ਗਜ਼ਾਂ, ਕਹੀਆਂ,
ਤੇਸੀਆਂ, ਛੈਣੀਆਂ, ਸੱਬਲਾਂ, ਆਰੀਆਂ,
ਰੰਦਿਆਂ ਵਾਲੇ, ਰੰਗਾਂ ਵਾਲੇ
ਇਹ ਪੱਲੇਦਾਰ, ਬੇਲਦਾਰ, ਚੌਕੀਦਾਰ
ਸੜਕਾਂ ਬਣਾਉਣ ਵਾਲੇ
ਉਹ ਸੜਕਾਂ ਵਾਲੇ

ਰਿਕਸ਼ਿਆਂ, ਰੇਹੜੇ, ਰੇਹੜੀਆਂ ਵਾਲੇ
ਪੰਡਾਲ ਸਜਾਵਣ ਵਾਲੇ
ਆਪਣੇ ਪੇਟ ਲਈ
ਹੋਰਨਾਂ ਨੂੰ ਖਿਲਾਵਣ ਵਾਲੇ
ਹੱਥਾਂ ਵਾਂਗ ਘਸੇ ਲੀੜਿਆਂ ਵਾਲੇ
ਕਿੰਨੇ-ਕਿੰਨੇ ਹੋਰ
ਦਿਹਾੜੀਦਾਰ ਦਸਤਕਾਰ ਕੀ ਕੀ...
ਆਮ ਨਹੀਂ ਖ਼ਾਸ ਹੁੰਦੇ ਨੇ
ਮਿਹਨਤਕਸ਼ ਇਹ ਚਾਨਣ-ਮੁਨਾਰੇ

ਹਾਂ... ਹਾਂ... ਚਾਨਣ-ਮੁਨਾਰੇ
ਬੱਚੇ ਤੱਕਣ ਤੇ ਜਾਣਨ
ਵਿੱਦਿਆ ਦੀ ਲੋੜ
ਹੁਨਰ ਦੇ ਪਸਾਰੇ
ਜ਼ਿੰਦਗੀ ਜੀਵਣ ਲਈ ਹੁੰਦੀ
ਹੰਢਾਵਣ ਲਈ ਹੋਵੇ
ਕੱਟੀ ਜਾਵਣ ਲਈ ਨਹੀਂ ਹੈ

ਚੁੱਪ-ਚੁੱਪ ਅੱਖਾਂ ਦੱਸਦੀਆਂ
ਹੱਸਦੇ ਬੁੱਲ੍ਹ ਦਰਦ ਲੁਕਾਉਂਦੇ
ਤੱਕਣ ਵਾਲੇ ਬਾਲ-ਮਨਾਂ ਨੂੰ
ਦੱਸਦੇ ਤੇ ਰੁਸ਼ਨਾਉਂਦੇ
ਸਾਥੋਂ ਸਮਾਂ ਸੰਭਾਲ ਨਾ ਹੋਇਆ
ਦੀਵਾ ਇਲਮ ਦਾ ਬਾਲ ਨਾ ਹੋਇਆ

ਆਪਣੇ ਤਨ ਤੇ ਟੱਬਰ ਦੇ ਤਨ ਢੋਂਦੇ
ਆਪਣੇ ਬਾਲਾਂ ਨੂੰ ਵੀ ਦੱਸਦੇ
ਜਿੰਦ ਕੱਟ ਰਹੇ ਹਾਂ
ਤੁਸੀਂ ਮਾਣ ਸਕੋਗੇ
ਕਿਤਾਬਾਂ ਹਿੱਕ ਨਾਲ ਲਾਵੋ
ਜੋ ਸਾਥੋਂ ਗਵਾਚਾ
ਤੁਸੀਂ ਪਾ ਲਵੋ
ਇਹ ਚਾਨਣ ਮੁਨਾਰੇ
ਆਪਣੇ ਬਿਗਾਨੇ ਬਾਲਾਂ ਨੂੰ
ਰਾਹ ਵਿਖਾਉਂਦੇ
ਇਹ ਆਮ ਨਹੀਂ
ਖ਼ਾਸ ਹੁੰਦੇ ਨੇ
ਮੇਰਾ ਜੇ ਨਹੀਂ ਯਕੀਨ
ਕਿਸੇ ਮੰਤਰੀ ਨੂੰ ਵੀ
ਪੁੱਛ ਸਕਦੇ ਹੋ।
* * *

Advertisement
Author Image

joginder kumar

View all posts

Advertisement
Advertisement
×