For the best experience, open
https://m.punjabitribuneonline.com
on your mobile browser.
Advertisement

ਸ਼ੋਰ-ਸ਼ਰਾਬੇ ’ਚ ਗੁਆਚੀ ਲੋਹੜੀ

05:58 AM Jan 12, 2025 IST
ਸ਼ੋਰ ਸ਼ਰਾਬੇ ’ਚ ਗੁਆਚੀ ਲੋਹੜੀ
Advertisement

Advertisement

ਦੀਪ ਦੇਵਿੰਦਰ ਸਿੰਘ

Advertisement

ਇਨ੍ਹਾਂ ਦਿਨਾਂ ’ਚ ਧੁੰਦ ਉਦੋਂ ਵੀ ਇੰਝ ਹੀ ਪੈਂਦੀ ਸੀ ਤੇ ਕਾਂਬਾ ਛੇੜਵੀਂ ਠੰਢ ਦਾ ਜ਼ੋਰ ਵੀ ਇੰਝ ਹੀ ਸਿਖ਼ਰਾਂ ਉੱਤੇ ਹੁੰਦਾ ਸੀ, ਪਰ ਲੋਹੜੀ ਦਾ ਚਾਅ ਕਿੱਥੇ ਠਰਨ ਦਿੰਦਾ ਸੀ? ਪਿੰਡ ਦੀਆਂ ਵਿਆਹੀਆਂ-ਕੁਆਰੀਆਂ ਧੀਆਂ- ਧਿਆਣੀਆਂ ਇਕੱਠੀਆਂ ਹੋ ਕੇ ਜਦੋਂ ਕਿਸੇ ਦੇ ਵੀ ਵਿਹੜੇ ਵਿੱਚ ਪੈਰ ਧਰਦਿਆਂ ਮਿੱਠੀ ਜਿਹੀ ਤਰੰਨੁਮ ’ਚ ‘‘ਇਸ ਟਾਂਡੇ ਦੇ ਲਾਲ ਕਲੀਰੇ, ਜੁਗ ਜੁਗ ਜੀਵਣ ਨੀ ਪਾਲੀ ਤੇਰੇ ਵੀਰੇ’’ ਦੀ ਸੁਰ ਚੁੱਕਦੀਆਂ ਤਾਂ ਇਉਂ ਲੱਗਦਾ ਸੀ ਜਿਵੇਂ ਅੰਬਰਾਂ ’ਚੋਂ ਪਰੀਆਂ ਵਿਹੜੇ ਵਿੱਚ ਆਣ ਉਤਰੀਆਂ ਹੋਣ। ਘਰ ਦੇ ਜੀਆਂ ਦੇ ਚਿਹਰਿਆਂ ’ਤੇ ਖ਼ੁਸ਼ੀਆਂ ਆਪਮੁਹਾਰੇ ਨੱਚਣ ਲੱਗਦੀਆਂ ਸਨ।
ਲੰਮੀ ਗਲੀ ਵਾਲੀ ਸ਼ਾਂਤੀ ਤਾਈ ਇਸ ਦਿਨ ਵੇਲੇ ਸਿਰ ਹੀ ਭੱਠੀ ਤਪਾ ਕੇ ਬੈਠ ਜਾਂਦੀ। ਤਾਈ ਦਾ ਵੱਡਾ ਮੁੰਡਾ ਕਮਾਦ ਦੀ ਖੋਰੀ, ਮੁੱਢ ਤੇ ਹੋਰ ਕੱਖ-ਕਾਨਿਆਂ ਨਾਲ ਭੱਠੀ ਅੰਦਰਲੀ ਅੱਗ ਮਘਾ ਕੇ ਰੱਖਦਾ। ਦਾਣੇ ਭੁੰਨਾਉਣ ਵਾਲਿਆਂ ਦੀ ਵਾਰੀ ਨਾ ਆਉਂਦੀ। ਤਪਦੀ ਕੜਾਹੀ ਵਿੱਚ ਫੁੱਲੇ ਖਿੜਦੇ। ਤਾਈ ਹਰ ਆਏ ਗਏ ਨੂੰ ਵਧਾਈ ਦਿੰਦੀ।
ਜਵਾਕ-ਜੱਲਾ, ਮਾਲ ਡੰਗਰ ਤੇ ਘਰ ਦੇ ਜੀਆਂ ਦੀ ਰਾਜ਼ੀ-ਬਾਜ਼ੀ ਪੁੱਛਦਿਆਂ ਝੋਲੀਆਂ ਭਰ-ਭਰ ਤੋਰਦੀ। ਸਾਰਾ ਦਿਨ ਭੱਠੀ ਦੁਆਲੇ ਰੌਣਕਾਂ ਦਾ ਹੜ੍ਹ ਆਇਆ ਰਹਿੰਦਾ।
ਪਿੰਡ ਦੇ ਸਹਿੰਦੇ ਜ਼ਿਮੀਦਾਰ ਸਾਰੇ ਕੰਮ-ਕਾਜ ਛੱਡ ਆਪਣੇ ਬੱਗੇ ਤੇ ਸਾਵੇ ਬਲਦਾਂ ਦੀ ਹਨਾੜੀ ਨਾਲ ਵੇਲੇ ਸਿਰ ਹੀ ਵੇਲਣਾ ਆ ਜੋਂਦੇ ਸਨ। ਗੰਨੇ ਪੀੜੇ ਜਾਂਦੇ। ਵਗਦੇ ਬਲਦਾਂ ਦੇ ਗਲ ਪਾਏ ਘੁੰਗਰੂਆਂ ਦਾ ਮਿੱਠਾ ਸੰਗੀਤ ਆਲੇ-ਦੁਆਲੇ ’ਚ ਹੋਰ ਵੀ ਮਿਠਾਸ ਘੋਲਦਾ। ਰਹੁ ਦੇ ਪਰਨਾਲੇ ਵਗਦੇ। ਪਿੰਡ ਦੇ ਬੇਜ਼ਮੀਨਿਆਂ ਘਰ ਵੀ ਬਾਲਟੀਆਂ ਭਰ-ਭਰ ਰਹੁ ਦੀਆਂ ਆਉਂਦੀਆਂ। ਖੀਰਾਂ ਰਿੱਝਦੀਆਂ। ਲੋਕ ਪੋਹ ’ਚ ਰਿੰਨ੍ਹਦੇ, ਮਾਘ ’ਚ ਖਾਂਦੇ। ਫਿਰਨੀ ਅੰਦਰਲੇ ਵਸਦੇ ਪਿੰਡ ਦੀ ਸਾਂਝ ਦਾ ਸਿਰਨਾਵਾਂ ਵਿਰਾਸਤੀ ਹੋ ਨਿਬੜਦਾ ਸੀ।
ਪੋਹ ਮਹੀਨੇ ਦੀ ਲੰਮੀ ਤੇ ਠਰੀ ਰਾਤ ਨੂੰ ਵਿਹੜੇ ਵਿੱਚ ਅੱਗ ਬਲਦੀ। ਮੱਚਦੀ ਅੱਗ ਦੁਆਲੇ ਵੱਡੇ ਤੇ ਸਾਂਝੇ ਟੱਬਰ ਦੇ ਜੀਅ ਰਲ ਕੇ ਬਹਿੰਦੇ। ਮਾਂ ਲੱਧੀ ਦੇ ਜਾਏ ਭੱਟੀਆਂ ਵਾਲੇ ਦੁੱਲੇ ਦੀ ਚਰਚਾ ਛਿੜਦੀ। ‘ਸੁੰਦਰ ਮੁੰਦਰੀਏ ਹੋ...’ ਲੋਕ ਗੀਤ ਦੇ ਬੋਲਾਂ ਨਾਲ ਪੰਜਾਬੀਆਂ ਦੇ ਅਣਖੀ ਸੁਭਾਅ ਅਤੇ ਗਰਮ ਜੁੱਸਿਆਂ ਦਾ ਵੀ ਜ਼ਿਕਰ ਹੁੰਦਾ ਸੀ। ਲਟ-ਲਟ ਮੱਚਦੇ ਭੁੱਗੇ ਦੁਆਲੇ ਬੈਠੇ ਜੀਆਂ ਨੂੰ ਅੱਗ ਨਾਲੋਂ ਬਹੁਤਾ ਰਿਸ਼ਤਿਆਂ ਦਾ ਨਿੱਘ ਹੁੰਦਾ ਸੀ।
ਲੋਹੜੀ ਤਾਂ ਹਰ ਵਰ੍ਹੇ ਇਸੇ ਹੀ ਰੁੱਤੇ ਆਉਂਦੀ ਹੈ। ਹੁਣ ਮੇਰੇ ਪਿੰਡ ਦਾ ਵਿਹੜਾ ਇਸ ਦਿਨ ਧੀਆਂ-ਧਿਆਣੀਆਂ ਦੀ ਆਮਦ ਨੂੰ ਤਰਸਦਾ ਰਹਿੰਦਾ ਹੈ। ਕੀ ਵਿਆਹੀਆਂ ਤੇ ਕੀ ਕੁਆਰੀਆਂ ਸਭ ਆਇਲਸ ਕਰਕੇ ਜਹਾਜ਼ੇ ਜਾ ਚੜ੍ਹੀਆਂ। ਖੁੱਲ੍ਹੇ ਵਿਹੜਿਆਂ ਵਿੱਚ ਉਤਰਨ ਵਾਲੀਆਂ ਪਰੀਆਂ ਪਤਾ ਨਹੀਂ ਕਿਹੜੇ-ਕਿਹੜੇ ਮੁਲਕੀਂ ਜਾ ਵੱਸੀਆਂ, ਜਿਨ੍ਹਾਂ ਨੂੰ ਸ਼ਾਇਦ ਆਪਣੇ ਪਿੰਡ-ਪੀੜ੍ਹ ਦੇ ਰਾਹ ਹੀ ਭੁੱਲ ਗਏ। ਪਿੱਛੇ ਰਹਿ ਗਈਆਂ ਬਜ਼ੁਰਗ ਚਾਚੀਆਂ-ਤਾਈਆਂ ਵਰ੍ਹੇ ਵਰ੍ਹੇ ਦੇ ਦਿਨ ਰਾਹ ਤੱਕਦੀਆਂ ਖੁੱਲ੍ਹੇ ਬੂਹਿਆਂ ਵੱਲ ਝਾਕਦੀਆਂ ਰਹਿੰਦੀਆਂ ਹਨ ਸਾਰਾ ਦਿਨ।
ਸ਼ਾਂਤੀ ਤਾਈ ਵੀ ਤਾਂ ਕਦੋਂ ਦੀ ਆਪਣੀ ਸ਼ਹਿਰਨ ਨੂੰਹ ਕੋਲ ਚਲੀ ਗਈ ਹੈ। ਹੁਣ ਦਾਣੇ ਭੁੰਨਾਉਣ ਤੇ ਚੱਬਣ ਦੀ ਕਿੱਥੇ ਵਿਹਲ ਰਹਿ ਗਈ ਨਵੇਂ ਪੋਚ ਕੋਲ। ਬਾਜ਼ਾਰ ਪਿੰਡਾਂ ’ਚ ਵੀ ਲੋਕਾਂ ਦੇ ਵਿਹੜਿਆਂ ਤੀਕ ਆਣ ਵੜਿਆ। ਇੱਕੋ ਆਰਡਰ ’ਤੇ ਬਣਿਆ-ਬਣਾਇਆ ਸਭ ਕੁਝ ਮੋਟਰਸਾਈਕਲ ਵਾਲੇ ਇੱਥੇ ਵੀ ਘਰੇ ਫੜਾ ਜਾਂਦੇ ਹਨ।
ਪਿੰਡ ਦੇ ਨਿਆਈਆਂ ਵਾਲੇ ਖੇਤਾਂ ਵਿੱਚ ਹੁਣ ਕਣਕ-ਝੋਨਾ ਹੀ ਉੱਗਦਾ ਹੈ। ਲਗਰਾਂ ਵਰਗੇ ਸਿੱਧੇ ਕਮਾਦ ਦੇ ਮਿੱਠੇ ਗੰਨਿਆਂ ਦੀ ਥਾਂ ਪਿੰਡ ਦੇ ਬਹੁਤੇ ਜ਼ਿਮੀਦਾਰਾਂ ਦੇ ਖੇਤਾਂ ਵਿੱਚ ਪਤਾ ਨਹੀਂ ਚੁੱਪ-ਚੁਪੀਤੇ ਸਲਫ਼ਾਸ ਕਿੰਝ ਉੱਗਣ ਲੱਗ ਪਈ। ਵੱਡੇ ਤੜਕੇ ਬੱਗੇ ਤੇ ਸਾਵੇ ਨਾਲ ਵੇਲਣਾ ਜੋੜਨ ਵਾਲੇ ਦੀ ਤਾਂ ਹੁਣ ਆਪਣੀ ਵੇਲਣੇ ’ਚ ਬਾਂਹ ਆਈ ਪਈ ਹੈ। ਹਾੜ੍ਹ ਸਿਆਲ ਭੁੱਖਣ ਭਾਣੇ ਵੱਖ-ਵੱਖ ਬਾਰਡਰਾਂ ’ਤੇ ਸਰਕਾਰਾਂ ਦਾ ਪਿੱਟ ਸਿਆਪਾ ਕਰਦੇ ਨੂੰ ਲੋਹੜੀਆਂ, ਵਿਸਾਖੀਆਂ, ਦੀਵਾਲੀਆਂ ਦਾ ਤਾਂ ਚਿੱਤ-ਚੇਤਾ ਹੀ ਭੁੱਲ ਗਿਆ ਹੈ। ‘‘ਭਰੀ ਆਵੀਂ, ਖਾਲੀ ਜਾਵੀਂ’’ ਵਾਲੀਆਂ ਬਰਕਤਾਂ ਬਖ਼ਸ਼ਣ ਵਾਲੀ ਮਾਈ ਲੋਹੜੀ ਇਸ ਆਧੁਨਿਕਤਾ ਦੀ ਫੋਕੀ ਚਕਾਚੌਂਧ ਵਿੱਚ ਕਿਤੇ ਚਿਰਾਂ ਦੀ ਗੁੰਮ-ਗੁਆਚ ਗਈ ਹੈ। ਰਹੁ ਦੀਆਂ ਖੀਰਾਂ, ਭੱਠੀ ਦੀਆਂ ਰੌਣਕਾਂ ਤੇ ਘਰ-ਘਰ ਲੋਹੜੀ ਮੰਗਦੀਆਂ ਜਵਾਕਾਂ ਦੀਆਂ ਟੋਲੀਆਂ ਹੁਣ ਤਾਂ ਬੀਤੇ ਦੀਆਂ ਬਾਤਾਂ ਹਨ।
ਅੱਜ ਹਰ ਘਰ ਦੀ ਛੱਤ ’ਤੇ ਚੜ੍ਹਦੀ ਸਵੇਰ ਕੰਨ ਪਾੜਵੇਂ ਸ਼ੋਰ ਵਿੱਚ ਡੀਜੇ ਵੱਜੇਗਾ। ਚਾਈਨਾ ਡੋਰ ਮਨੁੱਖੀ ਜਾਨਾਂ ਦਾ ਖਉ ਬਣੇਗੀ। ਇਹੋ ਜਿਹੇ ਸ਼ੋਰ-ਸ਼ਰਾਬੇ ਵਿੱਚ ਭਲਾ ਸੇਰ ਸ਼ੱਕਰ ਪਾ ਕੇ ਕਿਸੇ ਹਮਾਤੜ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਨੂੰ ਸਹੁਰੇ ਤੋਰਨ ਵਾਲਾ ਚੂਰੀ ਕੁੱਟਦਾ ਚਾਚਾ ਕਿੱਥੇ ਯਾਦ ਰਹਿੰਦਾ ਹੈ?
ਸੰਪਰਕ: 98721-65707

Advertisement
Author Image

Advertisement