ਸਕੂਲ ਵਿੱਚ ਲੋਹੜੀ ਮਨਾਈ
ਸਮਰਾਲਾ: ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ, ਸਮਰਾਲਾ ਦੇ ਵਿਹੜੇ ਵਿੱਚ ਬੱਚਿਆਂ ਤੇ ਅਧਿਆਪਕਾਂ ਵੱਲੋਂ ਲੋਹੜੀ ਬੜੇ ਹੀ ਉਤਸ਼ਾਹ ਨਾਲ ਮਨਾਈ ਗਈ। ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਹੀ ਬੱਚਿਆਂ ਦੁਆਰਾ ਕਵਿਤਾਵਾਂ ਰਾਹੀਂ ਲੋਹੜੀ ਦੇ ਤਿਉਹਾਰ ਦਾ ਇਤਿਹਾਸ ਸੁਣਾਇਆ ਗਿਆ। ਸਕੂਲ ਦੇ ਪ੍ਰਿੰਸੀਪਲ ਡਾ. ਮੋਨਿਕਾ ਨੇ ਬੱਚਿਆਂ ਨੂੰ ਦੱਸਿਆ ਕਿ ਇਹ ਤਿਉਹਾਰ ਸਾਡੇ ਸਮਾਜਿਕ ਭਾਈਚਾਰੇ, ਪਿਆਰ ਅਤੇ ਏਕਤਾ ਨੂੰ ਦਰਸਾਉਂਦਾ ਹੈ। ਇਹ ਮਾਘੀ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਨੇ ਦੁੱਲੇ ਭੱਟੀ ਦੀ ਵਾਰ ਦਾ ਇਤਿਹਾਸ ਵੀ ਬੱਚਿਆਂ ਤੇ ਅਧਿਆਪਕਾਂ ਨਾਲ ਸਾਂਝਾ ਕੀਤਾ। ਇਸ ਮੌਕੇ ਸਕੂਲ ਦੇ ਸਾਰੇ ਬੱਚਿਆਂ ਤੇ ਅਧਿਆਪਕਾਂ ਵੱਲੋਂ ਸਕੂਲ ਦੇ ਵਿਹੜੇ ਵਿੱਚ ਬਲਦੀ ਲੋਹੜੀ ਵਿੱਚ ਤਿਲ, ਰਿਓੜੀਆਂ ਪਾ ਕੇ ਸਾਰੇ ਸਮਾਜ ਵਿੱਚ ਏਕਤਾ ਤੇ ਭਾਈਚਾਰੇ ਦੀ ਭਾਵਨਾ ਬਣਾਈ ਰੱਖਣ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਦੀਆਂ ਅਧਿਆਪਕਾਂ ਅਤੇ ਵਿਦਿਆਰਥਣਾਂ ਵੱਲੋਂ ਗਿੱਧਾ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਸਾਰੇ ਵਿਦਿਆਰਥੀਆਂ ਵਿੱਚ ਮੂੰਗਫਲੀ, ਰਿਓੜੀਆਂ ਤੇ ਗੱਚਕ ਵੰਡੀ ਤੇ ਖਾਧੀ ਗਈ। -ਪੱਤਰ ਪ੍ਰੇਰਕ