For the best experience, open
https://m.punjabitribuneonline.com
on your mobile browser.
Advertisement

ਵਿੱਦਿਅਕ ਸੰਸਥਾਵਾਂ ਵਿੱਚ ਲੋਹੜੀ ਮਨਾਈ

10:13 AM Jan 14, 2025 IST
ਵਿੱਦਿਅਕ ਸੰਸਥਾਵਾਂ ਵਿੱਚ ਲੋਹੜੀ ਮਨਾਈ
ਸ਼ਾਹਕੋਟ ਦੇ ਸਟੇਟ ਪਬਲਿਕ ਸਕੂਲ ਦੇ ਬੱਚੇ ਲੋਹੜੀ ਮਨਾਉਂਦੇ ਹੋਏ। -ਫੋਟੋ: ਖੋਸਲਾ
Advertisement

ਪੱਤਰ ਪ੍ਰੇਰਕ
ਸ਼ਾਹਕੋਟ, 13 ਜਨਵਰੀ
ਸਟੇਟ ਪਬਲਿਕ ਸਕੂਲ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਨਰੋਤਮ ਸਿੰਘ ਦੀ ਅਗਵਾਈ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਪ੍ਰਿੰਸੀਪਲ ਕੰਵਰ ਨੀਲ ਕਮਲ ਨੇ ਵਿਦਿਆਰਥੀਆਂ ਨੂੰ ਲੋਹੜੀ ਦੇ ਇਤਿਹਾਸ ਤੋਂ ਜਾਣੂ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਲੋਹੜੀ ਦੇ ਤਿਉਹਾਰ ਤੋਂ ਪ੍ਰੇਰਨਾ ਲੈ ਕੇ ਪਿਆਰ, ਮੁਹੱਬਤ ਨਾਲ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਦੇ ਅਹਾਤੇ ਵਿਚ ਲੋਹੜੀ ਵੀ ਬਾਲੀ ਗਈ। ਬੱਚਿਆਂ ਨੂੰ ਰਿਉੜੀਆਂ ਤੇ ਮੂੰਗਫਲੀ ਵੀ ਵੰਡੀ ਗਈ।
ਫਗਵਾੜਾ (ਪੱਤਰ ਪ੍ਰੇਰਕ): ਕੈਂਬਰਿਜ ਇੰਟਰਨੈਸ਼ਨਲ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਲੋਹੜੀ ਦੀ ਧੂਣੀ ਪ੍ਰਿੰ. ਜ਼ੋਰਾਵਰ ਸਿੰਘ ਵੱਲੋਂ ਲਗਾਈ ਗਈ। ਇਸ ਮੌਕੇ ਵਿਦਿਆਰਥੀਆਂ ਨੂੰ ਮੂੰਗਫ਼ਲੀ, ਰਿਊੜੀਆ ਵੰਡੀਆਂ ਗਈਆਂ।
ਜਲੰਧਰ (ਪੱਤਰ ਪ੍ਰੇਰਕ): ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਦੇ ਕੈਂਪਸ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਉਪ ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਤੇ ਹਰਦਮਨ ਸਿੰਘ ਮਿਨਹਾਸ (ਸਕੱਤਰ) ਦੀ ਅਗਵਾਈ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸੰਤ ਬਾਬਾ ਭਾਗ ਸਿੰਘ ਇੰਟਰਨੈਸ਼ਨਲ ਸਕੂਲ ਦੇ ਪ੍ਰਿੰਸੀਪਲ ਰਣਜੀਤ ਸਿੰਘ, ਹਰਿਮਦਰ ਕੌਰ, ਜੋਗਿੰਦਰ ਸਿੰਘ, ਕੁਲਵੰਤ ਸਿੰਘ ਤੇ ਜੋਗਿੰਦਰ ਸਿੰਘ ਅਜੜਾਮ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਪਰੰਪਰਾਗਤ ਤਰੀਕੇ ਨਾਲ ਗੁਰਮਤਿ ਸ਼ਬਦ ਗਾਇਨ ਅਤੇ ਲੋਹੜੀ ਦੀ ਅੱਗ ਜਲਾਉਣ ਨਾਲ ਹੋਈ ਜਿਸ ਵਿੱਚ ਸਭ ਨੇ ਮਿਲ ਕੇ ਰੇਵੜੀ, ਮੂੰਗਫਲੀ ਅਤੇ ਗੱਜਕ ਵਰਗੀਆਂ ਰਵਾਇਤੀ ਚੀਜ਼ਾਂ ਅੱਗ ਵਿੱਚ ਸੁੱਟੀਆਂ ਅਤੇ ਤਿਉਹਾਰ ਦੀ ਖੁਸ਼ੀ ਮਨਾਈ। ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਨੇ ਤਿਉਹਾਰ ਦੀ ਇਤਿਹਾਸਕ ਮਹੱਤਤਾ ਅਤੇ ਸੱਭਿਆਚਾਰਕ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਡਾ. ਮਨਦੀਪ ਸਿੰਘ ਨੇ ਮੰਚ ਸੰਚਾਲਨ ਦੀ ਭੂਮਿਕਾ ਨਿਭਾਈ। ਕੰਨਿਆ ਮਹਾਂ ਵਿਦਿਆਲਾ, ਜਲੰਧਰ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਦੇ ਨਾਲ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਭ ਨੂੰ ਲੋਹੜੀ ਦੀਆਂ ਮੁਬਾਰਕਾਂ ਦਿੱਤੀਆਂ। ਲਾਇਲਪੁਰ ਖਾਲਸਾ ਕਾਲਜ ਟੈਕਨੀਕਲ ਕੈਂਪਸ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।

Advertisement

ਬੱਚੀਆਂ ਨੂੰ ਸ਼ਗਨ ਤੇ ਕੰਬਲ ਭੇਟ

ਪਠਾਨਕੋਟ (ਪੱਤਰ ਪ੍ਰੇਰਕ): ਸਿਵਲ ਹਸਪਤਾਲ ਪ੍ਰਸ਼ਾਸਨ ਵੱਲੋਂ ਐੱਸਐੱਮਓ ਡਾ. ਸੁਨੀਲ ਚਾਂਦ ਦੀ ਅਗਵਾਈ ਵਿੱਚ ਨਵਜੰਮੀਆਂ 21 ਬੱਚੀਆਂ ਨੂੰ ਲੋਹੜੀ ਦਿੱਤੀ ਗਈ ਅਤੇ 1-1 ਕੰਬਲ ਭੇਟ ਕੀਤਾ ਗਿਆ। ਇਹ ਲੋਹੜੀ ਦਾ ਤਿਉਹਾਰ ਵਿਸ਼ੇਸ਼ ਰੂਪ ਵਿੱਚ ਬੇਟੀਆਂ ਦੇ ਸਨਮਾਨ ਵਿੱਚ ਮਨਾਇਆ ਗਿਆ। ਇਸ ਸਮੇਂ ਸਟਾਫ ਮੈਂਬਰਾਂ ਨੇ ਨਵ-ਜਨਮੀਆਂ ਬੱਚੀਆਂ ਨੂੰ ਸ਼ਗਨ ਪਾਇਆ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਲੋਹੜੀ ਦੀ ਵਧਾਈ ਦਿੱਤੀ।

Advertisement

ਚਾਈਨਾ ਡੋਰ ਦੀ ਲਪੇਟ ’ਚ ਆ ਕੇ ਔਰਤ ਜ਼ਖ਼ਮੀ

ਤਰਨ ਤਾਰਨ (ਪੱਤਰ ਪ੍ਰੇਰਕ): ਇਲਾਕੇ ’ਚ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਗਿਆ| ਸ਼ਹਿਰ ਦੇ ਪਾਲਿਕਾ ਬਾਜ਼ਾਰ ਵਿੱਚ ਚਾਹ ਬਣਾਉਣ ਵਾਲੀ ਇਕ ਔਰਤ ਚਾਇਨਾ ਡੋਰ ਦੇ ਨਾਲ ਨੱਕ ਅਤੇ ਗਲੇ ਤੋਂ ਜ਼ਖਮੀ ਹੋ ਗਈ| ਸਵੇਰ ਵੇਲੇ ਅੱਜ ਇੱਥੋਂ ਦੇ ਦਰਬਾਰ ਸਾਹਿਬ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ। ਦਿਨ ਚੜ੍ਹਦਿਆਂ ਸਾਰ ਚਾਰ ਚੁਫੇਰਿਓਂ ਅਸਮਾਨ ਪਤੰਗਾਂ ਨਾਲ ਭਰਨ ਲੱਗ ਗਿਆ। ਵਧੇਰੇ ਦੁਕਾਨਾਂ ਬੰਦ ਰਹੀਆਂ ਭਾਵੇਂ ਪਤੰਗਾਂ, ਮਠਿਆਈ ਦੀਆਂ ਦੁਕਾਨਾਂ ਤੇ ਗੰਨੇ ਦੀ ਰੌਹ ਦੀਆਂ ਰੇਹੜੀਆਂ ਆਦਿ ’ਤੇ ਦਿਨ ਭਰ ਭੀੜ ਰਹੀ। ਚੀਨੀ ਡੋਰ ’ਤੇ ਪਾਬੰਦੀ ਲਗਾਏ ਜਾਣ ਦੇ ਬਾਵਜੂਦ ਮਾਰਕੀਟ ਵਿੱਚ ਇਸ ਡੋਰ ਤੋਂ ਇਲਾਵਾ ਹੋਰ ਕੋਈ ਹੋਰ ਡੋਰ ਦਿਖਾਈ ਨਹੀਂ ਦਿੱਤੀ|

Advertisement
Author Image

Advertisement