For the best experience, open
https://m.punjabitribuneonline.com
on your mobile browser.
Advertisement

ਤਰਕ ਅਤੇ ਤਕਰਾਰ

11:15 AM Aug 24, 2024 IST
ਤਰਕ ਅਤੇ ਤਕਰਾਰ
Advertisement

ਪ੍ਰਿੰਸੀਪਲ ਵਿਜੈ ਕੁਮਾਰ

ਤਰਕ ਅਤੇ ਤਕਰਾਰ ਮਨੁੱਖੀ ਜ਼ਿੰਦਗੀ ਦੇ ਦੋ ਅਜਿਹੇ ਵਰਤਾਰੇ ਜਾਂ ਪੱਖ ਮੰਨੇ ਜਾਂਦੇ ਹਨ ਜਿਨ੍ਹਾਂ ’ਚੋਂ ਮਨੁੱਖ ਦੇ ਬੌਧਿਕ ਪੱਧਰ ਦਾ ਅਕਸ ਝਲਕਦਾ ਹੈ। ਉੱਚ ਬੌਧਿਕ ਪੱਧਰ ਵਾਲੇ ਸੂਝਵਾਨ ਲੋਕ ਬਹਿਸ ਕਰਨ, ਲੜਨ-ਝਗੜਨ ਅਤੇ ਤੂੰ ਤੂੰ ਮੈਂ ਮੈਂ ਕਰਨ ਦੀ ਬਜਾਏ ਬਹੁਤ ਹੀ ਤਹੱਮਲ ਨਾਲ ਤਰਕ ਦੇ ਸਹਾਰੇ ਆਪਣਾ ਪੱਖ ਪੇਸ਼ ਕਰਦੇ ਹਨ। ਉਹ ਆਪਣਾ ਪੱਖ ਦੂਜਿਆਂ ਉੱਤੇ ਥੋਪਦੇ ਨਹੀਂ ਸਗੋਂ ਆਪਣੇ ਤਰਕ ਨਾਲ ਦੂਜਿਆਂ ਨੂੰ ਅਸਲੀਅਤ ਨੂੰ ਮੰਨਣ ਲਈ ਮਜਬੂਰ ਕਰ ਦਿੰਦੇ ਹਨ। ਸਾਹਮਣੇ ਵਾਲੇ ਨੂੰ ਉਨ੍ਹਾਂ ਨਾਲ ਸਹਿਮਤ ਹੋਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ।
ਤਰਕ ਦੀ ਖ਼ਾਸੀਅਤ ਇਹ ਵੀ ਹੁੰਦੀ ਹੈ ਕਿ ਉਹ ਸਾਹਮਣੇ ਵਾਲੇ ਨੂੰ ਚੁੱਪ ਕਰਾ ਦਿੰਦਾ ਹੈ ਤਾਂ ਗੱਲ ਮੁੱਕ ਜਾਂਦੀ ਹੈ ਅਤੇ ਫ਼ੈਸਲਾ ਹੋ ਜਾਂਦਾ ਹੈ। ਇਸ ਨਾਲ ਲੜਾਈ ਝਗੜੇ ਦੀ ਸੰਭਾਵਨਾ ਘੱਟ ਜਾਂਦੀ ਹੈ, ਪਰ ਤਕਰਾਰ ਕਰਨ ਵਾਲੇ ਲੋਕ ਮੂਰਖ, ਝੂਠੇ, ਖ਼ੁਦਗਰਜ਼ ਅਤੇ ਝਗੜਾਲੂ ਕਿਸਮ ਦੇ ਹੁੰਦੇ ਹਨ। ਤਕਰਾਰ ਨਾਲ ਦੋਹਾਂ ਧਿਰਾਂ ਦੀ ਮਾਨਸਿਕ ਸ਼ਾਂਤੀ ਭੰਗ ਹੋ ਜਾਂਦੀ ਹੈ। ਤਕਰਾਰ ਕਰਨ ਵਾਲਾ ਸੱਚ ਸੁਣਨ ਲਈ ਤਿਆਰ ਨਹੀਂ ਹੁੰਦਾ। ਉਹ ਆਪਣਾ ਬੇਤੁਕਾ ਅਤੇ ਨਿਰਾਧਾਰ ਪੱਖ ਦੂਜਿਆਂ ਉੱਤੇ ਥੋਪਣ ਦਾ ਯਤਨ ਕਰਦਾ ਹੈ। ਤਕਰਾਰ ਦੀ ਲੋੜ ਹੀ ਉਸ ਵਿਅਕਤੀ ਨੂੰ ਪੈਂਦੀ ਹੈ ਜੋ ਝੂਠਾ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਸੱਚਾ ਤੇ ਠੀਕ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਕਰਾਰ ਗੱਲ ਨੂੰ ਮੁਕਾਉਣ ਅਤੇ ਫ਼ੈਸਲਾ ਕਰਨ ਦੀ ਬਜਾਏ ਤਣਾਅ ਪੈਦਾ ਕਰਦਾ ਹੈ। ਲੜਾਈ ਝਗੜੇ ਦਾ ਮਾਹੌਲ ਪੈਦਾ ਕਰਦਾ ਹੈ। ਕਈ ਵਾਰ ਤਾਂ ਅਪਸ਼ਬਦ ਬੋਲਣ ਦੀ ਹਾਲਤ ਵਿੱਚ ਮਾਰ-ਕੁਟਾਈ, ਹੱਥੋ-ਪਾਈ ਅਤੇ ਅਦਾਲਤਾਂ ਤੱਕ ਵੀ ਪਹੁੰਚਾ ਦਿੰਦਾ ਹੈ।
ਤਰਕ ਥੋੜ੍ਹੇ ਸਮੇਂ ਲਈ ਦੂਜੀ ਧਿਰ ਨੂੰ ਨਾਰਾਜ਼ ਅਤੇ ਅਸ਼ਾਂਤ ਕਰ ਸਕਦਾ ਹੈ, ਪਰ ਮੁੜ ਦੋਹਾਂ ਧਿਰਾਂ ਨੂੰ ਇੱਕ ਦੂਜੇ ਦੇ ਨੇੜੇ ਕਰ ਦਿੰਦਾ ਹੈ। ਦੂਜੇ ਪਾਸੇ ਤਕਰਾਰ ਦੋਹਾਂ ਧਿਰਾਂ ਦੇ ਸੰਵਾਦ ਵੀ ਬੰਦ ਕਰਵਾ ਸਕਦਾ ਹੈ। ਸਦਾ ਲਈ ਇੱਕ ਦੂਜੇ ਦੇ ਵਿਰੋਧੀ ਵੀ ਬਣਾ ਸਕਦਾ ਹੈ। ਕਿਸੇ ਵੀ ਮਸਲੇ ਜਾਂ ਸਮੱਸਿਆ ਉੱਤੇ ਤਰਕ ਵੀ ਐਵੇਂ ਹੀ ਨਹੀਂ ਦਿੱਤਾ ਜਾ ਸਕਦਾ। ਤਰਕ ਦੇਣ ਲਈ ਮਨੁੱਖ ਦੇ ਪੱਲੇ ਗਿਆਨ ਹੋਣਾ ਵੀ ਜ਼ਰੂਰੀ ਹੈ। ਗਿਆਨ ਵੀ ਉਨ੍ਹਾਂ ਲੋਕਾਂ ਕੋਲ ਹੀ ਹੁੰਦਾ ਹੈ ਜੋ ਕਿਤਾਬਾਂ ਪੜ੍ਹਦੇ ਹਨ ਅਤੇ ਜਿਨ੍ਹਾਂ ਕੋਲ ਜੀਵਨ ਦਾ ਅਨੁਭਵ ਅਤੇ ਤਜਰਬਾ ਹੁੰਦਾ ਹੈ। ਬਿਨਾਂ ਤਜਰਬੇ, ਅਨੁਭਵ ਅਤੇ ਗਿਆਨ ਤੋਂ ਤਰਕ ਰੱਖਣ ਵਾਲਾ ਵਿਅਕਤੀ ਕਈ ਵਾਰ ਹਾਸੇ ਅਤੇ ਮਜ਼ਾਕ ਦਾ ਪਾਤਰ ਵੀ ਬਣ ਜਾਂਦਾ ਹੈ। ਗ਼ਲਤ ਅਤੇ ਗਿਆਨ ਵਿਹੂਣਾ ਤਰਕ, ਤਕਰਾਰ ਤੋਂ ਵੀ ਭੈੜਾ ਅਤੇ ਖ਼ਤਰਨਾਕ ਹੁੰਦਾ ਹੈ।
ਜਿਹੜੇ ਮਾਪੇ ਤਰਕ ਨਾਲ ਆਪਣੇ ਬੱਚਿਆਂ ਨੂੰ ਨਹੀਂ ਸਮਝਾ ਪਾਉਂਦੇ, ਉਨ੍ਹਾਂ ਉੱਤੇ ਆਪਣੀ ਮਰਜ਼ੀ ਥੋਪਣ ਦਾ ਯਤਨ ਕਰਦੇ ਹਨ, ਉਹ ਬੱਚੇ ਬਾਗੀ ਹੋ ਜਾਂਦੇ ਹਨ। ਉਨ੍ਹਾਂ ਵਿੱਚ ਪੈਦਾ ਹੋਇਆ ਤਕਰਾਰ ਉਨ੍ਹਾਂ ਨੂੰ ਮਨੋਂ ਇੱਕ-ਦੂਜੇ ਤੋਂ ਦੂਰ ਕਰ ਦਿੰਦਾ ਹੈ। ਜਿਨ੍ਹਾਂ ਸਦਨਾਂ ਵਿੱਚ ਲੋਕ ਨੁਮਾਇੰਦੇ ਤਰਕ ਨਾਲ ਆਪਣਾ ਪੱਖ ਨਹੀਂ ਰੱਖਦੇ, ਉਨ੍ਹਾਂ ਵਿੱਚ ਤਕਰਾਰ ਹੋਣਾ ਯਕੀਨੀ ਹੁੰਦਾ ਹੈ। ਉਸ ਤਕਰਾਰ ਕਾਰਨ ਉਹ ਜਦੋਂ ਸਦਨ ਦੀ ਮਰਿਆਦਾ ਟੱਪ ਜਾਂਦੇ ਹਨ, ਉਦੋਂ ਦੇਸ਼ ਦੇ ਲੋਕ ਉਨ੍ਹਾਂ ਦਾ ਤਮਾਸ਼ਾ ਵੇਖ ਕੇ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਜਿਨ੍ਹਾਂ ਅਧਿਕਾਰੀਆਂ ਕੋਲ ਆਪਣੇ ਮਤਾਹਿਤਾਂ ਨੂੰ ਤਰਕ ਨਾਲ ਸਮਝਾਉਣ ਦੀ ਸਮਝ ਅਤੇ ਸਮਰੱਥਾ ਨਹੀਂ ਹੁੰਦੀ, ਉਨ੍ਹਾਂ ਅਦਾਰਿਆਂ ਵਿੱਚ ਤਕਰਾਰ ਅਤੇ ਤਣਾਅ ਦਾ ਮਾਹੌਲ ਬਣਿਆ ਰਹਿੰਦਾ ਹੈ।
ਤਰਕ ਸੁਣਨਾ ਵੀ ਹਰ ਬੰਦੇ ਦੇ ਵਸ ਦੀ ਗੱਲ ਨਹੀਂ ਹੁੰਦੀ। ਤਰਕ ਦੇਣ ਵਾਲੇ ਦਾ ਹੀ ਨਹੀਂ ਸਗੋਂ ਤਰਕ ਸੁਣਨ ਵਾਲੇ ਦਾ ਵੀ ਸੂਝਵਾਨ ਅਤੇ ਸਹਿਣਸ਼ੀਲ ਹੋਣਾ ਲਾਜ਼ਮੀ ਹੁੰਦਾ ਹੈ। ‘ਮੈਂ ਨਾ ਮਾਨੂੰ’ ਪ੍ਰਵਿਰਤੀ ਵਾਲੇ ਲੋਕਾਂ ਨੂੰ ਤਰਕ ਸੁਣਾਉਣਾ ਮੱਝ ਅੱਗੇ ਬੀਨ ਬਜਾਉਣ ਵਾਲੀ ਗੱਲ ਹੁੰਦੀ ਹੈ। ਇੱਕ ਬਹੁਤ ਹੀ ਇਮਾਨਦਾਰ ਅਫ਼ਸਰ ਨੇ ਜਦੋਂ ਆਉਂਦਿਆਂ ਹੀ ਆਪਣੇ ਦਫ਼ਤਰ ਵਿੱਚ ਰਿਸ਼ਵਤ ਅਤੇ ਅਨੁਸ਼ਾਸਨਹੀਣਤਾ ਬੰਦ ਕੀਤੇ ਤਾਂ ਦਫ਼ਤਰ ਦੇ ਰਿਸ਼ਵਤਖੋਰ ਬੰਦਿਆਂ ਨੂੰ ਬਹੁਤ ਤਕਲੀਫ਼ ਹੋਈ। ਇੱਕ ਦਿਨ ਕਿਸੇ ਕਰਮਚਾਰੀ ਨੇ ਉਸ ਇਮਾਨਦਾਰ ਅਫ਼ਸਰ ਬਾਰੇ ਇਹ ਗੱਲ ਕਹਿ ਦਿੱਤੀ ਕਿ ਉਹ ਦਫ਼ਤਰ ਦੇ ਪੈਸੇ ਖਾਂਦਾ ਹੈ। ਦੂਜੇ ਕਰਮਚਾਰੀ ਨੇ ਉਹ ਗੱਲ ਉਸ ਅਧਿਕਾਰੀ ਕੋਲ ਪਹੁੰਚਾ ਦਿੱਤੀ। ਉਸ ਅਧਿਕਾਰੀ ਨੇ ਉਸੇ ਵੇਲੇ ਦਫ਼ਤਰ ਦੇ ਸਾਰੇ ਕਰਮਚਾਰੀਆਂ ਦੀ ਮੀਟਿੰਗ ਬੁਲਾ ਕੇ ਉਸ ਕਰਮਚਾਰੀ ਨੂੰ ਕਿਹਾ, ‘‘ਸ੍ਰੀਮਾਨ ਜੀ ਤੁਸੀਂ ਮੇਰੇ ’ਤੇ ਇਹ ਇਲਜ਼ਾਮ ਲਗਾ ਰਹੇ ਹੋ ਕਿ ਮੈਂ ਇਸ ਦਫ਼ਤਰ ਦੇ ਪੈਸੇ ਖਾ ਰਿਹਾ ਹਾਂ। ਤੁਸੀਂ ਆਪਣਾ ਇਲਜ਼ਾਮ ਸਿੱਧ ਕਰੋ।’’ ਉਸ ਕਰਮਚਾਰੀ ਨੇ ਕਿਹਾ, ‘‘ਸਰ, ਮੈਂ ਤਾਂ ਤੁਹਾਡੇ ਪੈਸੇ ਖਾਣ ਦੀ ਗੱਲ ਕਹੀ ਹੀ ਨਹੀਂ।’’ ਉਸ ਅਧਿਕਾਰੀ ਨੇ ਉਹ ਕਰਮਚਾਰੀ ਖੜ੍ਹਾ ਕਰ ਦਿੱਤਾ ਜਿਸ ਕੋਲ ਉਸ ਨੇ ਗੱਲ ਕਹੀ ਸੀ। ਉਸ ਕਰਮਚਾਰੀ ਨੇ ਕਹਿ ਦਿੱਤਾ ਕਿ ਉਸ ਨੇ ਪੈਸੇ ਖਾਣ ਦੀ ਗੱਲ ਕਹੀ ਹੈ। ਅਧਿਕਾਰੀ ਨੇ ਅੱਗੋਂ ਕਿਹਾ, ‘‘ਜੇਕਰ ਤੁਹਾਨੂੰ ਕਿਸੇ ਨੂੰ ਵੀ ਪਤਾ ਹੈ ਕਿ ਮੈਂ ਪੈਸੇ ਖਾਧੇ ਹਨ ਤਾਂ ਮੈਂ ਸਜ਼ਾ ਭੁਗਤਣ ਲਈ ਤਿਆਰ ਹਾਂ। ਨਹੀਂ ਫਿਰ ਇਸ ਕਰਮਚਾਰੀ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ। ਕਰਮਚਾਰੀ ਨੂੰ ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣੀ ਪਈ।’’ ਜੇਕਰ ਅਧਿਕਾਰੀ ਤਰਕ ਨਾਲ ਗੱਲ ਨਾ ਕਰਦਾ ਤਾਂ ਉਸ ਕਰਮਚਾਰੀ ਨੇ ਆਪਣੀ ਗ਼ਲਤੀ ਨਹੀਂ ਮੰਨਣੀ ਸੀ।
ਅਦਾਲਤਾਂ ਵਿੱਚ ਤਕਰਾਰ ਦੇ ਆਧਾਰ ’ਤੇ ਨਹੀਂ ਸਗੋਂ ਤਰਕ ਦੇ ਆਧਾਰ ਉੱਤੇ ਫ਼ੈਸਲੇ ਹੁੰਦੇ ਹਨ। ਤਰਕ ਮਨੁੱਖ ਦੀ ਸ਼ਖ਼ਸੀਅਤ ਵਿੱਚ ਨਿਖਾਰ ਲਿਆਉਂਦਾ ਹੈ, ਪਰ ਤਕਰਾਰ ਪ੍ਰਭਾਵਹੀਨ ਕਰ ਦਿੰਦਾ ਹੈ। ਵਕਤਾ ਦੇ ਭਾਸ਼ਣ ਵਿੱਚ ਜੇਕਰ ਤਰਕ ਨਾ ਹੋਵੇ ਤਾਂ ਲੋਕ ਉਸ ਨੂੰ ਦਿਲਚਸਪੀ ਨਾਲ ਨਹੀਂ ਸਗੋਂ ਮਜਬੂਰੀ ਵਸ ਸੁਣਦੇ ਹਨ। ਜਿਹੜੇ ਪਤੀ-ਪਤਨੀ ਇੱਕ ਦੂਜੇ ਨਾਲ ਤਰਕ ਨਾਲ ਗੱਲ ਕਰਦੇ ਹਨ, ਉਨ੍ਹਾਂ ਵਿੱਚ ਤਕਰਾਰ ਹੋਣ ਦੀ ਨੌਬਤ ਬਹੁਤ ਘੱਟ ਆਉਂਦੀ ਹੈ। ਚੰਗੇ ਅਤੇ ਸਫਲ ਅਧਿਆਪਕ ਉਹ ਹੁੰਦੇ ਹਨ ਜੋ ਆਪਣੇ ਵਿਦਿਆਰਥੀਆਂ ਨੂੰ ਤਰਕ ਨਾਲ ਸਮਝਾਉਂਦੇ ਹਨ। ਇਸ ਲਈ ਤਰਕ ਦਾ ਪੱਲਾ ਫੜੋ ਨਾ ਕਿ ਤਕਰਾਰ ਦਾ।

Advertisement

ਸੰਪਰਕ: 98726-27136

Advertisement

Advertisement
Author Image

sukhwinder singh

View all posts

Advertisement