ਲੋੜੀਂਦਾ ਮੁਲਜ਼ਮ 20 ਕਿੱਲੋ ਭੁੱਕੀ ਸਣੇ ਗ੍ਰਿਫ਼ਤਾਰ
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 6 ਨਵੰਬਰ
ਨੌਂ ਕੁਇੰਟਲ ਭੁੱਕੀ ਦੇ ਇੱਕ ਮਾਮਲੇ ਵਿੱਚ ਲੋੜੀਂਦਾ ਮੁਲਜ਼ਮ ਅੱਜ ਪੁਲੀਸ ਨੇ 20 ਕਿੱਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲੀਸ ਨੇ ਮੁਲਜ਼ਮ ਦੇ ਕਬਜ਼ੇ ਵਿੱਚੋਂ 2 ਲੱਖ 15 ਹਜ਼ਾਰ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਮੁਲਜ਼ਮ ਦੀ ਪਛਾਣ ਬਲਜੀਤ ਸਿੰਘ ਉਰਫ ਮੀਤਾ ਵਾਸੀ ਝੁਨੇਰ ਵਜੋਂ ਦੱਸੀ ਗਈ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਥਾਣਾ ਦਾਖਾ ਦੇ ਡੀਐੱਸਪੀ ਵਰਿੰਦਰ ਸਿੰਘ ਖੋਸਾ ਨੇ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਜੂਨ ਮਹੀਨੇ ਵਿੱਚ ਜੋਧਾਂ ਪੁਲੀਸ ਨੇ ਮੁਲਜ਼ਮ ਦੇ ਸਾਥੀ ਅਵਤਾਰ ਸਿੰਘ ਉਰਫ਼ ਰੇਸ਼ਮ ਵਾਸੀ ਪਿੰਡ ਲਤਾਲਾ ਨੂੰ 45 ਗੱਟੂ (9 ਕੁਇੰਟਲ) ਭੁੱਕੀ ਚੂਰਾ ਪੋਸਤ ਸਮੇਤ ਫੜਿਆ ਸੀ ਤੇ ਬਲਜੀਤ ਸਿੰਘ ਉਸ ਵੇਲੇ ਫਰਾਰ ਹੋਣ ਵਿੱਚ ਕਾਮਯਾਬ ਰਿਹਾ ਸੀ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਗਰੋਂ ਪੁਲੀਸ ਨੇ ਲਖਵਿੰਦਰ ਸਿੰਘ ਉਰਫ਼ ਲੱਖੀ ਵਾਸੀ ਲਤਾਲਾ ਤੇ ਬਲਜੀਤ ਦੀ ਪਤਨੀ ਬਲਵਿੰਦਰ ਕੌਰ ਬਿੰਦਰ ਨੂੰ ਨਾਮਜ਼ਦ ਕੀਤਾ ਸੀ। ਬਲਵਿੰਦਰ ਕੌਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਸੰਗਰੂਰ ਜੇਲ੍ਹ ਤੋਂ ਲਿਆ ਕੇ ਗ੍ਰਿਫ਼ਤਾਰ ਪਾਈ ਗਈ ਤੇ ਉਸ ਦੇ ਬਿਆਨਾਂ ’ਤੇ ਕਰਮਜੀਤ ਸਿੰਘ ਉਰਫ ਬੌਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅੱਜ ਇਸ ਮਾਮਲੇ ਵਿੱਚ ਲੋੜੀਂਦੇ ਬਲਜੀਤ ਸਿੰਘ ਨੂੰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ।