ਟਿੱਡੀ ਦਲ ਦਾ ਪਿੰਡਾਂ ਵਿੱਚ ਮੁੜ ਹਮਲਾ
ਪ੍ਰਭੂ ਦਿਆਲ/ ਜੋਗਿੰਦਰ ਸਿੰਘ ਮਾਨ
ਸਿਰਸਾ/ਮਾਨਸਾ, 28 ਜੁਲਾਈ
ਟਿੱਡੀ ਦਲ ਨੇ ਇਕ ਵਾਰ ਫਿਰ ਰਾਜਸਥਾਨ ਨਾਲ ਲੱਗਦੇ ਹਰਿਆਣਾ ਦੇ ਪਿੰਡਾਂ ਦੇ ਖੇਤਾਂ ਵਿੱਚ ਹਮਲਾ ਕੀਤਾ ਹੈ। ਰਾਜਸਥਾਨ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਪਿੰਡ ਕੁਤਿਆਣਾ, ਜਮਾਲ, ਢਾਣੀ ਸੇਵਾ ਸਿੰਘ ਆਦਿ ਦੇ ਕਿਸਾਨ ਭਾਂਡੇ ਤੇ ਢੋਲ ਵਜਾਉਣ ਤੋਂ ਇਲਾਵਾ ਟਰੈਕਟਰਾਂ ’ਤੇ ਡੈੱਕ ਉੱਚੀ ਆਵਾਜ਼ ਵਿੱਚ ਚਲਾ ਕੇ ਆਪਣੇ ਖੇਤਾਂ ਦੀ ਰਾਖੀ ਕਰ ਰਹੇ ਹਨ।
ਕਿਸਾਨਾਂ ਨੇ ਦੱਸਿਆ ਹੈ ਕਿ ਟਿੱਡੀਆਂ ਨੇ ਕਰੀਬ ਚਾਰ ਪੰਜ ਸੌ ਕਿੱਲੇ ਵਿੱਚ ਖੜ੍ਹੀ ਮੂੰਗੀ, ਨਰਮਾ ਤੇ ਬਾਜਰੇ ਦੀ ਫ਼ਸਲ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਚੌਕਸ ਹਨ। ਦੱਸਣਯੋਗ ਹੈ ਕਿ ਕਿਸਾਨਾਂ ਨੇ ਟਿੱਡੀਆਂ ਦੇ ਹਮਲੇ ਨੂੰ ਠੱਲ੍ਹਣ ਲਈ ਟਰੈਕਟਰ ਵਾਲੇ ਸਪਰੇਅ ਪੰਪ ਤਿਆਰ ਕੀਤੇ ਹੋਏ ਹਨ ਤਾਂ ਜੋ ਫ਼ਸਲਾਂ ਨੂੰ ਬਚਾਇਆ ਜਾ ਸਕੇ। ਖੇਤੀਬਾੜੀ ਦੇ ਜ਼ਿਲ੍ਹਾ ਅਧਿਕਾਰੀ ਡਾ. ਬਾਬੂ ਲਾਲ ਨੇ ਦੱਸਿਆ ਹੈ ਕਿ ਰਾਜਸਥਾਨ ਤੋਂ ਹਰਿਆਣਾ ਦੇ ਪਿੰਡ ਜਮਾਲ ਤੇ ਕੁਤਿਆਣਾ ’ਚ ਟਿੱਡੀਆਂ ਦਾ ਇਕ ਦਲ ਅੱਜ ਪਹੁੰਚਿਆ ਹੈ, ਜੋ ਹਾਲੇ ਹਵਾ ਵਿੱਚ ਹੈ। ਹਵਾ ਦੇ ਰੁਖ਼ ਨਾਲ ਇਹ ਟਿੱਡੀ ਦਲ ਵਾਪਸ ਰਾਜਸਥਾਨ ਵੀ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਆਪਣੇ ਖੇਤਾਂ ਦੀ ਇਸ ਦਲ ਤੋਂ ਰਾਖੀ ਕਰ ਰਹੇ ਹਨ। ਖੇਤੀਬਾੜੀ ਅਧਿਕਾਰੀ ਟਿੱਡੀ ਦਲ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਟਰੈਕਟਰਾਂ ਵਾਲੇ ਸਪਰੇਅ ਪੰਪ ਤਿਆਰ ਕੀਤੇ ਗਏ ਹਨ, ਜਿਵੇਂ ਹੀ ਟਿੱਡੀ ਦਲ ਬੈਠੇਗਾ ਤਾਂ ਇਸ ’ਤੇ ਸਪਰੇਅ ਕੀਤੀ ਜਾਵੇਗੀ।
ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ.ਜੀ ਐਸ ਰੋਮਾਣਾ ਨੇ ਕਿਸਾਨਾਂ ਨੂੰ ਸੁਝਾਅ ਦਿੱਤਾ ਹੈ ਕਿ ਟਿੱਡੀ ਦਲ ਨੂੰ ਕਿਸੇ ਵੀ ਖੇਤ ਜਾਂ ਥਾਂ ਉੱਤੇ ਸਟੇਅ ਕਰਨ ਤੋਂ ਰੋਕਣਾ ਬੇਹੱਦ ਜ਼ਰੂਰੀ ਹੈ।