ਟਿੱਡੀ ਦਲ ਦਾ ਹਰਿਆਣਾ ਦੇ ਪਿੰਡਾਂ ’ਤੇ ਹਮਲਾ
ਪ੍ਰਭੂ ਦਿਆਲ
ਸਿਰਸਾ, 28 ਜੁਲਾਈ
ਟਿੱਡੀ ਦਲ ਨੇ ਇਕ ਵਾਰ ਫਿਰ ਰਾਜਸਥਾਨ ਦੇ ਨਾਲ ਲਗਦੇ ਹਰਿਆਣਾ ਦੇ ਪਿੰਡਾਂ ’ਤੇ ਹਮਲਾ ਬੋਲਿਆ ਹੈ। ਰਾਜਸਥਾਨ ਦੀ ਹੱਦ ਨਾਲ ਲਗਦੇ ਹਰਿਆਣਾ ਦੇ ਪਿੰਡ ਕੁਤੀਆਣਾ, ਜਮਾਲ, ਢਾਣੀ ਸੇਵਾ ਸਿੰਘ ਦੇ ਕਿਸਾਨ ਢੋਲ, ਭਾਂਡੇ ਖੜਕਾਉਣ ਤੋਂ ਇਲਾਵਾ ਟਰੈਕਟਰਾਂ ’ਤੇ ਡੈੱਕ ਉੱਚੀ ਆਵਾਜ਼ ਵਿੱਚ ਚਲਾ ਕੇ ਆਪਣੇ ਖੇਤਾਂ ਦੀ ਰਾਖੀ ਕਰ ਰਹੇ ਹਨ। ਕਿਸਾਨਾਂ ਨੇ ਦੱਸਿਆ ਹੈ ਕਿ ਟਿੱਡੀਆਂ ਨੇ ਕਰੀਬ ਚਾਰ-ਪੰਜ ਸੌ ਕਿੱਲੇ ਨਰਮੇ, ਮੂੰਗੀ, ਬਾਜਰੇ ਦੀ ਖੇਤੀ ਨੂੰ ਨੁਕਸਾਨ ਪਹੁੰਚਾਇਆ ਹੈ। ਕਿਸਾਨ ਟਰੈਕਟਰ ਵਾਲੇ ਸਪਰੇਅ ਪੰਪ ਲੈ ਕੇ ਟਿੱਡੀਆਂ ’ਤੇ ਸਪਰੇਅ ਕਰਨ ਲਈ ਤਿਆਰ ਹਨ। ਉਧਰ ਖੇਤੀਬਾੜੀ ਦੇ ਜ਼ਿਲ੍ਹਾ ਅਧਿਕਾਰੀ ਡਾ. ਬਾਬੂ ਲਾਲ ਨੇ ਦੱਸਿਆ ਹੈ ਕਿ ਰਾਜਸਥਾਨ ਤੋਂ ਹਰਿਆਣਾ ਦੇ ਪਿੰਡ ਜਮਾਲ ਤੇ ਕੁਤਿਆਣਾ ’ਚ ਟਿੱਡੀਆਂ ਦਾ ਇਕ ਦਲ ਅੱਜ ਦਾਖ਼ਲ ਹੋਇਆ ਹੈ। ਇਹ ਦਲ ਹਾਲੇ ਹਵਾ ਵਿੱਚ ਹੈ। ਕਿਸਾਨ ਆਪਣੇ ਖੇਤਾਂ ਦੀ ਇਸ ਦਲ ਤੋਂ ਰਾਖੀ ਕਰ ਰਹੇ ਹਨ। ਹਵਾ ਦੇ ਰੁੱਖ ਨਾਲ ਇਹ ਟਿੱਡੀ ਦਲ ਵਾਪਿਸ ਰਾਜਸਥਾਨ ਵੀ ਜਾ ਸਕਦਾ ਹੈ। ਖੇਤੀਬਾੜੀ ਅਧਿਕਾਰੀ ਟਿੱਡੀ ਦੱਲ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਇਲਾਵਾ ਕਿਸਾਨਾਂ ਦੇ ਟਰੈਕਟਰਾਂ ਵਾਲੇ ਸਪਰੇਅ ਪੰਪ ਤਿਆਰ ਕੀਤੇ ਗਏ ਹਨ, ਜਿਵੇਂ ਹੀ ਟਿੱਡੀ ਦੱਲ ਕਿੱਤੇ ਬੈਠੇਗਾ ਤਾਂ ਇਸ ਉੱਤੇ ਸਪਰੇਅ ਕੀਤੀ ਜਾਵੇਗੀ।