ਹਰਿਆਣਾ ਦੇ ਪਿੰਡਾਂ ਵਿੱਚ ਟਿੱਡੀ ਦਲ ਦਾ ਮੁੜ ਹਮਲਾ
ਪ੍ਰਭੂ ਦਿਆਲ
ਸਿਰਸਾ, 25 ਜੁਲਾਈ
ਰਾਜਸਥਾਨ ਨਾਲ ਲੱਗਦੇ ਹਰਿਆਣਾ ਦੇ ਪਿੰਡ ਖੇੜੀ ਦੇ ਖੇਤਾਂ ’ਚ ਮੁੜ ਟਿੱਡੀ ਦਲ ਨੇ ਹਮਲਾ ਕਰ ਦਿੱਤਾ ਹੈ, ਜਿਸ ਮਗਰੋਂ ਖੇਤੀ ਵਿਭਾਗ ਵੱਲੋਂ ਕਿਸਾਨਾਂ ਨਾਲ ਮਿਲ ਕੇ ਟਿੱਡੀ ਦਲ ਦੇ ਖ਼ਾਤਮੇ ਲਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਐੱਸਡੀਐੱਮ ਜੈਵੀਰ ਯਾਦਵ ਤੇ ਜ਼ਿਲ੍ਹਾ ਖੇਤੀ ਵਿਭਾਗ ਦੇ ਅਧਿਕਾਰੀ ਡਾ. ਬਾਬੂ ਲਾਲ ਨੇ ਕੀਤੀ। ਮੁਹਿੰਮ ਦੌਰਾਨ ਫਾਇਰ ਬ੍ਰਿਗੇਡ ਅਤੇ ਕਿਸਾਨਾਂ ਦੇ ਟਰੈਕਟਰਾਂ ਦੇ ਸਪਰੇਅ ਪੰਪਾਂ ਨਾਲ ਟਿੱਡੀਆਂ ’ਤੇ ਰਾਤ ਨੂੰ ਸਪਰੇਅ ਕੀਤੀ ਗਈ। ਜਾਣਕਾਰੀ ਅਨੁਸਾਰ ਲੰਘੀ ਦੇਰ ਸ਼ਾਮ ਪਿੰਡ ਖੇੜੀ ਦੇ ਖੇਤਾਂ ਵਿੱਚ ਟਿੱਡੀ ਦਲ ਨੇ ਹਮਲਾ ਕਰ ਦਿੱਤਾ, ਜਿਸ ਮਗਰੋਂ ਸੂਚਨਾ ਮਿਲਣ ’ਤੇ ਪ੍ਰਸ਼ਾਸਨਿਕ ਤੇ ਖੇਤੀ ਵਿਭਾਗ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਦੇਰ ਰਾਤ ਟਿੱਡੀ ਦਲ ਦੇ ਬੈਠਣ ਮਗਰੋਂ ਉਸ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਕਿਸਾਨਾਂ ਦੇ ਟਰੈਕਟਰਾਂ ਵਾਲੇ ਸਪਰੇਅ ਪੰਪਾਂ ਨਾਲ ਸਪਰੇਅ ਕੀਤੀ ਗਈ। ਖੇਤੀ ਵਿਭਾਗ ਦੇ ਜ਼ਿਲ੍ਹਾ ਅਧਿਕਾਰੀ ਬਾਬੂ ਲਾਲ ਨੇ ਦੱਸਿਆ ਹੈ ਕਿ ਟਿੱਡੀ ਦਲ ਦਾ ਇਕ ਝੁੰਡ ਖੇੜੀ ਪਿੰਡ ਵਿੱਚ ਆਇਆ ਸੀ, ਜਿਸ ਨੂੰ ਸਪਰੇਅ ਨਾਲ ਮਾਰ ਦਿੱਤਾ ਹੈ ਤੇ ਵੱਡਾ ਦਲ ਵਾਪਸ ਰਾਜਸਥਾਨ ਵੱਲ ਚਲਾ ਗਿਆ। ਕਿਸਾਨ ਰਾਮ ਚੰਦਰ, ਓਮ ਪ੍ਰਕਾਸ਼ ਗੋਦਾਰਾ ਤੇ ਦਲੀਪ ਬੁਢਾਣੀਆਂ ਸਣੇ ਹੋਰਨਾਂ ਕਿਸਾਨਾਂ ਨੇ ਦੱਸਿਆ ਹੈ ਕਿ ਦੇਰ ਰਾਤ ਆਏ ਟਿੱਡੀ ਦਲ ਨੇ ਪਿੰਡ ਦੇ ਕਰੀਬ ਸੌ ਏਕੜ ਨਰਮੇ ਤੇ ਮੂੰਗੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ, ਜਿਸ ਦੀ ਭਰਪਾਈ ਲਈ ਉਨ੍ਹਾਂ ਸਰਕਾਰ ਤੋਂ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।
ਟਿੱਡੀ ਦਲ ਦੀ ਅਫ਼ਵਾਹ ਮਗਰੋਂ ਫਾਜ਼ਿਲਕਾ ’ਚ ਹਾਈ ਅਲਰਟ
ਫਾਜ਼ਿਲਕਾ (ਨਿੱਜੀ ਪੱਤਰ ਪ੍ਰੇਰਕ): ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ਵਿਚ ਟਿੱਡੀ ਦਲ ਦੇ ਹਮਲੇ ਦੀ ਅਫ਼ਵਾਹ ਨੇ ਸਰਹੱਦੀ ਕਿਸਾਨਾਂ ਵਿਚ ਹਫੜਾ ਦਫੜੀ ਮੱਚ ਗਈ। ਇਸ ਅਫ਼ਵਾਹ ਤੋਂ ਬਾਅਦ ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਚ ਹਾਈ ਅਲਰਟ ਜਾਰੀ ਕਰਕੇ ਸਰਹੱਦੀ ਪਿੰਡਾਂ ’ਚ ਟਿੱਡੀ ਦਲ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਰਾਮ ਸਰੂਪ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਨੇ ਸਰਹੱਦੀ ਪਿੰਡਾਂ ਪ੍ਰਭਾਤ ਸਿੰਘ ਵਾਲਾ, ਢਾਣੀ ਨੱਥਾ ਸਿੰਘ, ਢੰਡੀ ਕਦੀਮ, ਸਬਾਜ ਕੇ ਆਦਿ ਦਾ ਦੌਰਾ ਕੀਤਾ। ਪਰ ਉਨ੍ਹਾਂ ਨੂੰ ਉਥੇ ਟਿੱਡੀ ਦਲ ਦੇਖਣ ਨੂੰ ਨਹੀਂ ਮਿਲਿਆ। ਜ਼ਿਲ੍ਹੇ ਵਿਚ ਕਿਸੇ ਤਰ੍ਹਾਂ ਦਾ ਹਮਲਾ ਨਹੀਂ ਹੋਇਆ। ਫਿਰ ਵੀ ਖੇਤੀਬਾੜੀ ਵਿਭਾਗ ਨੇ ਆਪਣੀਆਂ ਟੀਮਾਂ ਪਿੰਡਾਂ ਵਿਚ ਤਾਇਨਾਤ ਕਰ ਦਿੱਤੀਆਂ ਹਨ।