ਤਾਲਾਬੰਦੀ: ਹੁਕਮਾਂ ਦੀ ਪਾਲਣਾ ਲਈ ਜੱਦੋ-ਜਹਿਦ
ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 23 ਅਗਸਤ
ਕਰੋਨਾ ਕਾਰਨ ਪੰਜਾਬ ਸਰਕਾਰ ਵੱਲੋਂ ਦਿੱਤੇ ਦੋ ਦਨਿਾਂ ਦੇ ਕਰਫਿਊ ਦੇ ਹੁਕਮਾਂ ਤਹਿਤ ਮੁਕਤਸਰ ਇਲਾਕੇ ’ਚ ਮੁਕੰਮਲ ਤਾਲਾਬੰਦੀ ਰਹੀ। ਕਰਿਆਨਾ ਦੁਕਾਨਾਂ ਤੇ ਸਬਜ਼ੀ ਵਾਲੀਆਂ ਰੇਹੜ੍ਹੀਆਂ ਵੀ ਵਿਖਾਈ ਨਹੀਂ ਦਿੱਤੀਆਂ। ਇੱਕਾ-ਦੁੱਕਾ ਡੇਅਰੀਆਂ ਤੇ ਦਵਾਈਆਂ ਵਾਲੀਆਂ ਦੁਕਾਨਾਂ ਜ਼ਰੂਰ ਖੁੱਲ੍ਹੀਆਂ। ਬੱਸਾਂ ਦੀ ਆਵਾਜਾਈ ਵੀ ਨਾਮਾਤਰ ਰਹੀ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਹਰਿਆਣਾ ਸਰਕਾਰ ਵੱਲੋਂ ਕਰੋਨਾ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਲਾਏ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਅੱਜ ਮੰਡੀ ਕਾਲਾਂਵਾਲੀ ਦੇ ਬਾਜ਼ਾਰ ਬੰਦ ਰਹੇ। ਸ਼ਹਿਰ ਵਿੱਚ ਸਵੇਰੇ-ਸਵੇਰੇ ਤਾਂ ਸਬਜ਼ੀ ਮੰਡੀ ਵਿੱਚ ਸਬਜ਼ੀ ਲੈਣ ਵਾਲਿਆਂ ਦੀ ਭੀੜ ਨਜ਼ਰ ਆਈ ਪਰ ਪੀਸੀਆਰ ਨੇ ਭੀੜ ਨੂੰ ਅਤੇ ਸਬਜ਼ੀ ਦੀਆਂ ਰੇਹੜੀਆਂ ਨੂੰ ਭੇਜ ਦਿੱਤਾ।
ਥਾਣਾ ਮੁਖੀ ਸੱਤਿਆਵਾਨ ਨੇ ਪੁਲੀਸ ਟੀਮ ਸਮੇਤ ਸ਼ਹਿਰ ਵਿੱਚ ਗਸ਼ਤ ਕੀਤੀ ਅਤੇ ਉਨ੍ਹਾਂ ਬਿਨਾਂ ਮਾਸਕ ਦੇ ਘੁੰਮਣ ‘ਤੇ ਕਈ ਲੋਕਾਂ ਦੇ ਚਲਾਨ ਕੀਤੇ। ਮੰਡੀ ਕਾਲਾਂਵਾਲੀ ਵਿੱਚ ਮੈਡੀਕਲ ਸਟੋਰ ਅਤੇ ਹੋਰ ਜ਼ਰੂਰੀ ਸੇਵਾਵਾਂ ਦੀ ਦੁਕਾਨਾਂ ਖੁੱਲ੍ਹੀਆਂ ਰਹੀਆਂ ਅਤੇ ਮੰਡੀ ਵਿੱਚ ਕਈ ਕਰਿਆਨਾ ਦੀਆਂ ਦੁਕਾਨਾਂ ਵੀ ਖੁੱਲੀਆਂ ਰਹੀਆਂ। ਮੰਡੀ ‘ਚ ਲੌਕਡਾਊਨ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ।
ਸ਼ਹਿਣਾ (ਪੱਤਰ ਪ੍ਰੇਰਕ): ਬਾਜ਼ਾਰਾਂ ਵਿੱਚ ਹਫ਼ਤਾਵਾਰੀ ਤਾਲਾਬੰਦੀ ਦੌਰਾਨ ਸੰਨਾਟਾ ਛਾਇਆ ਰਿਹਾ ਅਤੇ ਲੋਕਾਂ ਨੇ ਘਰਾਂ ’ਚ ਹੀ ਰਹਿਣ ਨੂੰ ਤਰਜੀਹ ਦਿੱਤੀ। ਸ਼ਹਿਣਾ ਦੇ ਬਾਜ਼ਾਰ ਬੰਦ ਰਹੇ।
ਬੁਢਲਾਡਾ (ਅਮਿਤ ਕੁਮਾਰ): ਪੁਲੀਸ ਨੇ ਸ਼ਹਿਰ ਵਿੱਚ ਥਾਂ-ਥਾਂ ’ਤੇ ਨਾਕਾਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਦੇ ਚਲਾਨ ਕੱਟੇ। ਡੀਐੱਸਪੀ ਬਲਜਿੰਦਰ ਸਿੰਘ ਪੰਨੂੰ ਤੇ ਐੱਸਐੱਚਓ ਗੁਰਲਾਲ ਸਿੰਘ ਨੇ ਲੋਕਾਂ ਨੂੰ ਮਾਸਕ ਪਹਿਣ ਕੇ ਰੱਖਣ ਤੇ ਸੈਨੀਟਾਈਜ਼ਰ ਦੀ ਵਰਤੋਂ ਕਰਨ ਜਿਹੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ।
ਸਿਰਸਾ (ਪ੍ਰਭੂ ਦਿਆਲ): ਲੌਕਡਾਊਨ ਦੇ ਦੂਜੇ ਦਿਨ ਮੁੱਖ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ ਜਦੋਂਕਿ ਨੈਸ਼ਨਲ ਹਾਈਵੇਅ ’ਤੇ ਆਵਾਜਾਈ ਜਾਰੀ ਰਹੀ। ਜਾਣਕਾਰੀ ਮੁਤਾਬਕ ਸਿਰਸਾ ਵਿੱਚ ਹੁਣ ਤੱਕ ਕਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 977 ਤੱਕ ਪੁੱਜ ਗਿਆ ਹੈ ਜਦੋਂਕਿ ਹੁਣ ਤੱਕ ਗਿਆਰ੍ਹਾਂ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਕੇਸਾਂ ਦਾ ਅੰਕੜਾ 977 ’ਤੇ ਪੁੱਜ ਗਿਆ ਹੈ ਜਦੋਂਕਿ 473 ਵਿਅਕਤੀ ਸਿਹਤਯਾਬ ਹੋਏ ਹਨ।