ਲਹਿੰਦੇ ਪੰਜਾਬ ’ਚ ਧੁਆਂਖੀ ਧੁੰਦ ਕਾਰਨ ਤਾਲਾਬੰਦੀ ਦੀ ਨੌਬਤ
ਲਾਹੌਰ, 10 ਨਵੰਬਰ
ਪਾਕਿਸਤਾਨੀ ਪੰਜਾਬ ਦੇ ਕਈ ਸ਼ਹਿਰਾਂ ’ਚ ਹਵਾ ਜ਼ਹਿਰੀਲੇ ਪੱਧਰ ਤੱਕ ਪਹੁੰਚਣ ਕਾਰਨ ਉੱਥੇ ਤਾਲਾਬੰਦੀ ਦੀ ਨੌਬਤ ਆ ਗਈ ਹੈ। ਸੂਬੇ ਦੇ ਕਈ ਸ਼ਹਿਰਾਂ ’ਚ ਅੱਜ ਵੀ ਧੁਆਂਖੀ ਧੁੰਦ ਛਾਈ ਰਹੀ ਜਿਸ ਕਾਰਨ ਆਵਾਜਾਈ ’ਚ ਬੁਰੀ ਤਰ੍ਹਾਂ ਵਿਘਨ ਪਿਆ ਹੈ। ‘ਐਕਸਪ੍ਰੈੱਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਲਾਹੌਰ ਹਾਲੇ ਵੀ ਦੁਨੀਆ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਬਣਿਆ ਹੋਇਆ ਹੈ ਅਤੇ ਸੰਘਣੀ ਧੁੰਦ ਤੋਂ ਰਾਹਤ ਦਾ ਫਿਲਹਾਲ ਕੋਈ ਸੰਕੇਤ ਨਹੀਂ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਇਹਤਿਆਤ ਵਜੋਂ ਅਧਿਕਾਰੀਆਂ ਨੂੰ ਰੇਲਗੱਡੀਆਂ ਰੋਕਣ ਤੋਂ ਆਰਜ਼ੀ ਤੌਰ ’ਤੇ ਸੜਕੀ ਮਾਰਗ ਬੰਦ ਕਰਨ ਤੋਂ ਇਲਾਵਾ ਤਾਲਾਬੰਦੀ ਵਰਗੇ ਕਦਮ ਚੁੱਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲਾਹੌਰ ਤੋਂ ਬਾਅਦ ਮੁਲਤਾਨ ਦਾ ਏਆਈਕਿਊ (ਹਵਾ ਗੁਣਵੱਤਾ ਇੰਡੈਕਸ) 2135 ਰਿਹਾ। ਪਿਸ਼ਾਵਰ, ਇਸਲਾਮਾਬਾਦ ਅਤੇ ਹੋਰ ਸ਼ਹਿਰਾਂ ’ਚ ਬਹੁਤ ਜ਼ਿਆਦਾ ਪ੍ਰਦੂਸ਼ਣ ਦਰਜ ਹੋਇਆ ਹੈ। ਪੰਜਾਬ ਸਰਕਾਰ ਵੱਲੋਂ ਧੁਆਂਖੀ ਧੁੰਦ ਤੋਂ ਰਾਹਤ ਦਿਵਾਉਣ ਲਈ ਪ੍ਰਦੂਸ਼ਕ ਤੱਤ ਛੱਡਣ ਵਾਲੀਆਂ ਫੈਕਟਰੀਆਂ ਸੀਲ ਕਰਨ ਤੋਂ ਇਲਾਵਾ ਇੱਟਾਂ ਵਾਲੇ ਗ਼ੈਰਕਾਨੂੰਨੀ ਭੱਠੇ ਬੰਦ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਮਰੀਅਮ ਔਰੰਗਜ਼ੇਬ ਨੇ ਲੋਕਾਂ ਨੂੰ ਆਪਣੀ ਤੇ ਹੋਰਨਾਂ ਦੀ ਸੁਰੱਖਿਆ ਲਈ ਇਹਤਿਆਤ ਵਰਤਣ ਦੀ ਅਪੀਲ ਕੀਤੀ ਹੈ। -ਏਐੱਨਆਈ