ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇਲਾਕਾ ਵਾਸੀਆਂ ਨੇ ਰਾਵਲਮਾਜਰਾ ਨੇੜੇ ਸੁਆਹ ਵਾਲੇ ਟਿੱਪਰ ਘੇਰੇ

11:22 AM Aug 19, 2024 IST
ਇਲਾਕਾ ਵਾਸੀਆਂ ਵੱਲੋਂ ਪਿੰਡ ਰਾਵਲਮਾਜਰਾ ਨੇੜੇ ਘੇਰੇ ਟਿੱਪਰ।

ਜਗਮੋਹਨ ਸਿੰਘ
ਘਨੌਲੀ, 18 ਅਗਸਤ
ਇੱਥੇ ਰਾਵਲਮਾਜਰਾ ਪਿੰਡ ਵਿਖੇ ਭਾਖੜਾ ਨਹਿਰ ਦੀ ਪੱਟੜੀ ’ਤੇ ਅੱਜ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਥਰਮਲ ਪਲਾਂਟ ਦੀਆਂ ਝੀਲਾਂ ਤੋਂ ਸੁਆਹ ਲੈਣ ਜਾਂਦੇ ਖਾਲੀ ਟਿੱਪਰ ਤੈਅ ਸਮੇਂ ਤੋਂ ਪਹਿਲਾਂ ਹੀ ਗ਼ਲਤ ਦਿਸ਼ਾ ਵਿੱਚ ਭਾਖੜਾ ਨਹਿਰ ਦੀ ਪੱਟੜੀ ’ਤੇ ਦੌੜਨੇ ਸ਼ੁਰੂ ਹੋ ਗਏ। ਇਲਾਕਾ ਵਾਸੀਆਂ ਨੇ ਲੰਬੀ ਲਾਈਨ ਲਗਾ ਕੇ ਆ ਰਹੇ ਟਿੱਪਰਾਂ ਨੂੰ ਘੇਰ ਕੇ ਵਾਪਸ ਮੋੜਨ ਦੇ ਨਾਲ ਹੀ ਬੁੱਧਵਾਰ ਤੋਂ ਪੱਕਾ ਧਰਨਾ ਲਗਾਉਣ ਦੀ ਚਿਤਾਵਨੀ ਦਿੱਤੀ ਹੈ।
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਰਾਵਲਮਾਜਰਾ, ਜਗਪਾਲ ਸਿੰਘ ਰਾਵਲਮਾਜਰਾ, ਪ੍ਰਗਟ ਸਿੰਘ ਸਰਪੰਚ ਅਲੀਪੁਰ, ਸੰਜੀਵ ਕੁਮਾਰ ਘਨੌਲੀ, ਟੇਕ ਚੰਦ ਸਾਬਕਾ ਸਰਪੰਚ ਬੇਗ਼ਮਪੁਰਾ ਆਦਿ ਸਮੇਤ ਕਈ ਹੋਰ ਮੋਹਤਬਰਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਜਦੋਂ ਦਾ ਥਰਮਲ ਪਲਾਂਟ ਬਣਿਆ ਹੈ, ਉਦੋਂ ਤੋਂ ਹੀ ਸੁਆਹ ਦੇ ਟਿੱਪਰਾਂ ਦੀ ਆਵਾਜਾਈ ਅੰਬੂਜਾ ਮਾਰਗ ਰਾਹੀਂ ਹੋ ਰਹੀ ਹੈ, ਪਰ ਪਿਛਲੇ ਕੁੱਝ ਸਮੇਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਟਿੱਪਰਾਂ ਦੀ ਆਵਾਜਾਈ ਭਾਖੜਾ ਨਹਿਰ ਦੀ ਪੱਟੜੀ ਦੇ ਨਾਲ-ਨਾਲ ਕਰ ਦਿੱਤੀ ਹੈ, ਜਿਸ ਕਰਕੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਵਧ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਲਾਕਾ ਵਾਸੀਆਂ ਦੇ ਵਿਰੋਧ ਕਾਰਨ ਪੁਲੀਸ ਪ੍ਰਸ਼ਾਸਨ ਵੱਲੋਂ ਜਿੱਥੇ ਖਾਲੀ ਟਿੱਪਰਾਂ ਦੀ ਆਵਾਜਾਈ ਦਾ ਸਮਾਂ ਰਾਤ ਨੂੰ ਛੇ ਵਜੇ ਤੋਂ ਸਵੇਰੇ ਛੇ ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਸੀ, ਉਥੇ ਹੀ ਖਾਲੀ ਟਿੱਪਰਾਂ ਦੀ ਆਵਾਜਾਈ ਘਨੌਲੀ ਰੇਲਵੇ ਫਾਟਕ ਵਾਲੇ ਪਾਸਿਓਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਹੁਣ ਟਿੱਪਰ ਚਾਲਕਾਂ ਨੇ ਆਪਣੀ ਮਨਮਰਜ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ ਤੇ ਖਾਲੀ ਟਿੱਪਰ ਵੀ ਰਾਵਲਮਾਜਰਾ ਪਿੰਡ ਵਾਲੇ ਪਾਸਿਓਂ ਲੰਘਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਤਰ੍ਹਾਂ ਰਾਵਲਮਾਜਰਾ, ਅਲੀਪੁਰ, ਲੋਹਗੜ੍ਹ ਫਿੱਡੇ, ਘਨੌਲੀ, ਬੇਗਮਪੁਰ ਅਬਾਦੀ ਘਨੌਲੀ, ਨੂੰਹੋਂ ਕਾਲੋਨੀ, ਨੂੰਹੋਂ ਪਿੰਡ, ਰਤਨਪੁਰਾ ਆਦਿ ਪਿੰਡਾਂ ਦੇ ਵਸਨੀਕਾਂ ਤੋਂ ਇਲਾਵਾ ਥਰਮਲ ਦੇ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਅੱਜ ਦਿਨ ਵਿੱਚ ਤਿੰਨ ਵਜੇ ਹੀ ਟਿੱਪਰ ਚਾਲਕ ਆਪਣੇ ਟਿੱਪਰ ਲੈ ਕੇ ਆ ਗਏ ਜਿਸ ਕਾਰਨ ਰੱਖੜੀ ਬੰਨ੍ਹਣ ਲਈ ਲੰਘ ਰਹੀਆਂ ਇਲਾਕੇ ਦੀਆਂ ਔਰਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਥਰਮਲ ਪਲਾਂਟ ਦੇ ਮੁੱਖ ਇੰਜਨੀਅਰ ਹਰੀਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਉਹ ਲੋਕਾਂ ਦੀ ਮੰਗ ਨੂੰ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚਾ ਚੁੱਕੇ ਹਨ। ਪੁਲੀਸ ਚੌਕੀ ਘਨੌਲੀ ਇੰਚਾਰਜ ਹਰਮੇਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਕੋਲ ਅੱਜ ਕਿਸੇ ਵੀ ਧਿਰ ਦੀ ਕੋਈ ਦਰਖਾਸਤ ਨਹੀਂ ਆਈ ਹੈ।

Advertisement

Advertisement