ਕਰਜ਼ਾ ਮੁਆਫ਼ੀ: ਖੇਤ ਮਜ਼ਦੂਰਾਂ ਵੱਲੋਂ ਡੀਸੀ ਦਫ਼ਤਰਾਂ ਅੱਗੇ ਮੁਜ਼ਾਹਰੇ
ਸ਼ਗਨ ਕਟਾਰੀਆ
ਬਠਿੰਡਾ, 30 ਜਨਵਰੀ
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ’ਚ ਇੱਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਬੁਲਾਰਿਆਂ ਨੇ ਮੰਗ ਕੀਤੀ ਕਿ ਮਹਿੰਗਾਈ ’ਤੇ ਕਾਬੂ ਪਾਇਆ ਜਾਵੇ, ਗਰੀਬਾਂ ਨੂੰ ਘਰੇਲੂ ਵਰਤੋਂ ਦੀਆਂ ਵਸਤਾਂ ਰਾਸ਼ਨ ਡਿੱਪੂਆਂ ਰਾਹੀਂ ਸਸਤੇ ਭਾਅ ’ਤੇ ਦਿੱਤੀਆਂ ਜਾਣ, ਲੋੜਵੰਦ ਪਰਿਵਾਰਾਂ ਦੇ ਨੀਲੇ ਕਾਰਡ ਬਣਾਏ ਜਾਣ, ਰੱਦ ਕੀਤੇ ਕਾਰਡ ਬਹਾਲ ਕੀਤੇ ਜਾਣ, ਗੈਸ ਸਿਲੰਡਰਾਂ ’ਤੇ ਮਜ਼ਦੂਰਾਂ ਨੂੰ ਵਿਸ਼ੇਸ਼ ਸਬਸਿਡੀ ਦਿੱਤੀ ਜਾਵੇ, ਪੇਂਡੂ ਤੇ ਖੇਤ ਮਜ਼ਦੂਰਾਂ ਦੇ ਪੱਕੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ, ਮਗਨਰੇਗਾ ਸਕੀਮ ਵਾਲੇ ਕਾਮਿਆਂ ਪੂਰਾ ਸਾਲ ਭਰ ਕੰਮ ਦਿੱਤਾ ਦਿੱਤਾ ਜਾਵੇ ਅਤੇ ਮਜ਼ਦੂਰਾਂ ਦੀ ਦਿਹਾੜੀ 700 ਰੁਪਏ ਤੈਅ ਕੀਤੀ ਜਾਵੇ, ਮਗਨਰੇਗਾ ’ਚ ਸਿਆਸੀ ਦਖਲਅੰਦਾਜ਼ੀ ਬੰਦ ਹੋਵੇ, ਮਗਨਰੇਗਾ ਕਾਮਿਆਂ ਦੀ ਕੰਮ ਵਾਲੀ ਥਾਂ ’ਤੇ ਹੀ ਹਾਜ਼ਰੀ ਲਾਈ ਜਾਵੇ। ਵਿਧਵਾਵਾਂ, ਬਜ਼ੁਰਗਾਂ , ਆਸ਼ਰਿਤਾਂ ਅਤੇ ਅੰਗਹੀਣਾਂ ਨੂੰ 5000 ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾਵੇ। ਬੁਢਾਪਾ ਪੈਨਸ਼ਨ ’ਚ ਔਰਤਾਂ ਦੀ ਉਮਰ ਸੀਮਾ 55 ਅਤੇ ਮਰਦਾਂ ਦੀ 58 ਸਾਲ ਕੀਤੀ ਜਾਵੇ। ਔਰਤਾਂ ਨੂੰ 1000 ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾਵੇ। ਮਜ਼ਦੂਰਾਂ, ਬੇਜ਼ਮੀਨਿਆਂ ਤੇ ਗਰੀਬ ਕਿਸਾਨਾਂ ਦਾ ਹਰ ਕਿਸਮ ਦਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕੀਤਾ ਜਾਵੇ। ਖੇਤ ਮਜ਼ਦੂਰਾਂ ਨੂੰ ਸਹਿਕਾਰੀ ਸੁਸਾਇਟੀਆਂ ਦੇ ਮੈਂਬਰ ਬਣਾ ਕੇ ਲੱਖ-ਲੱਖ ਰੁਪਏ ਦਾ ਕਰਜ਼ਾ ਦਿੱਤਾ ਜਾਵੇ। ਨਵੀਂ ਖੇਤੀ ਮੰਡੀਕਰਨ ਨੀਤੀ ਦਾ ਖਰੜਾ ਰੱਦ ਕੀਤਾ ਜਾਵੇ। ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਅਤੇ ਮਕਾਨ ਉਸਾਰੀ ਵਾਸਤੇ 5 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇ। ਲਾਲ ਲਕੀਰ ਅੰਦਰਲੇ ਪਰਿਵਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪੰਚਾਇਤੀ ਜ਼ਮੀਨ ਦਾ ਤੀਜਾ ਹਿੱਸਾ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਘੱਟ ਰੇਟ ’ਤੇ ਠੇਕੇ ਉੱਪਰ ਦਿੱਤਾ ਜਾਵੇ। ਆਬਾਦਕਾਰਾਂ ਦਾ ਉਜਾੜਾ ਬੰਦ ਹੋਵੇ ਅਤੇ ਉਨ੍ਹਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਧਰਨੇ ਨੂੰ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜ਼ਿਲ੍ਹਾ ਕਨਵੀਨਰ ਮਾ. ਸੇਵਕ ਸਿੰਘ, ਤੀਰਥ ਸਿੰਘ ਕੋਠਾ ਗੁਰੂ ਅਤੇ ਮਨਦੀਪ ਸਿੰਘ ਸਿਬੀਆਂ ਨੇ ਸੰਬੋਧਨ ਕੀਤਾ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਵੱਧਦੀ ਮਹਿੰਗਾਈ ਤੇ ਹਰ ਖੇਤਰ ’ਚ ਆਮ ਆਦਮੀ ਦੀ ਹੁੰਦੀ ਲੁੱਟ ਨੂੰ ਲੈ ਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਮੁਜ਼ਾਹਰਾ ਕੀਤਾ ਗਿਆ। ‘ਪੰਜਾਬ ਖੇਤ ਮਜ਼ਦੂਰ ਯੂਨੀਅਨ’ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਗੁਰਜੰਟ ਸਿੰਘ ਸਾਉਂਕੇ, ਬਾਜ ਸਿੰਘ ਭੁੱਟੀ ਵਾਲਾ, ਰਾਜਾ ਸਿੰਘ ਅਤੇ ਕਾਲਾ ਸਿੰਘ ਖੂੰਨਣ ਖੁਰਦ ਤੇ ਕਾਕਾ ਸਿੰਘ ਖੁੰਡੇ ਹਲਾਲ ਨੇ ਆਖਿਆ ਕਿ ਸਿਖਰਾਂ ਚੜ੍ਹੀ ਮਹਿੰਗਾਈ ਨੇ ਆਮ ਆਦਮੀ ਦਾ ਜਿਓਣਾ ਹਰਾਮ ਕੀਤਾ ਹੋਇਆ ਹੈ। ਇਕ ਪਾਸੇ ਮਜ਼ਦੂਰੀ ਨਹੀਂ ਮਿਲਦੀ ਤੇ ਦੂਜੇ ਪਾਸੇ ਮਹਿੰਗਾਈ ਵੱਧਦੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਮੰਗਿਆਈ ਨੂੰ ਤੁਰੰਤ ਕੰਟਰੋਲ ਕੀਤਾ ਜਾਵੇ ਸਰਬਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਮਜ਼ਦੂਰਾਂ ਤੇ ਹੋਰ ਗਰੀਬ ਲੋਕਾਂ ਨੂੰ ਰਾਸ਼ਨ ਡਿੱਪੂਆਂ ਰਾਹੀਂ ਰਸੋਈ ਤੇ ਘਰੇਲੂ ਵਰਤਣ ਦੀਆਂ ਸਾਰੀਆਂ ਵਸਤੂਆਂ ਸਸਤੇ ਭਾ ਦਿੱਤੀਆਂ ਜਾਣ।
ਕੋਟਕਪੂਰਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਸਥਾਨਕ ਉਪ ਮੰਡਲ ਮੈਜਿਸਟਰੇਟ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਮਜ਼ਦੂਰਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਗੁਰਪਾਲ ਸਿੰਘ ਨੰਗਲ ਦੀ ਅਗਵਾਈ ਹੇਠ ਖੇਤ ਮਜ਼ਦੂਰਾਂ ਨੇ ਪੰਜਾਬ ਸਰਕਾਰ ’ਤੇ ਵਾਅਦਾਖ਼ਿਲਾਫ਼ੀ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਮੀਟਿੰਗ ਲਈ ਸਮਾਂ ਦੇ ਹਰ ਵਾਰ ਮੁੱਕਰ ਜਾਂਦੀ ਹੈ।