For the best experience, open
https://m.punjabitribuneonline.com
on your mobile browser.
Advertisement

ਮੋਟਰਾਂ ’ਤੇ ਲੋਡ: ਪੰਜਾਬ ਨੂੰ ਜ਼ਮੀਨੀ ਪਾਣੀ ਦਾ ਜਵਾਬ...

06:52 AM Jun 14, 2024 IST
ਮੋਟਰਾਂ ’ਤੇ ਲੋਡ  ਪੰਜਾਬ ਨੂੰ ਜ਼ਮੀਨੀ ਪਾਣੀ ਦਾ ਜਵਾਬ
Advertisement

* ਪੰਜਾਬ ’ਚ ਝੋਨੇ ਦੀ ਲੁਆਈ ਨੇ ਮੁੜ ਜ਼ੋਰ ਫੜਿਆ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਜੂਨ
ਪੰਜਾਬ ’ਚ ਜ਼ਮੀਨੀ ਪਾਣੀ ਏਨਾ ਡੂੰਘਾ ਚਲਾ ਗਿਆ ਹੈ ਕਿ ਖੇਤੀ ਮੋਟਰਾਂ ਜਵਾਬ ਦੇਣ ਲੱਗੀਆਂ ਹਨ। ਧਰਤੀ ’ਚੋਂ ਪਾਣੀ ਕੱਢਣ ਵਾਸਤੇ ਕਿਸਾਨਾਂ ਨੂੰ ਖੇਤੀ ਮੋਟਰਾਂ ਦੇ ਲੋਡ ਵਧਾਉਣੇ ਪੈ ਰਹੇ ਹਨ। ਸੂਬੇ ਵਿਚ ਕਿੰਨੀ ਰਫ਼ਤਾਰ ਨਾਲ ਜ਼ਮੀਨੀ ਪਾਣੀ ਹੇਠਾਂ ਵੱਲ ਜਾ ਰਿਹਾ ਹੈ, ਇਸ ਦਾ ਪਤਾ ਬਿਜਲੀ ਲੋਡ ਵਧਾਉਣ ਲਈ ਪਾਵਰਕੌਮ ਕੋਲ ਪੁੱਜੀਆਂ ਅਰਜ਼ੀਆਂ ਤੋਂ ਲੱਗਦਾ ਹੈ। ਇੰਜ ਹੀ ਚੱਲਦਾ ਰਿਹਾ ਤਾਂ ਭਵਿੱਖ ’ਚ ਜ਼ਮੀਨੀ ਪਾਣੀ ਦੀ ਨਿਕਾਸੀ ਦਾ ਵੱਡਾ ਸੰਕਟ ਬਣ ਜਾਵੇਗਾ। ਉਧਰ ਪੰਜਾਬ ’ਚ ਮੁੜ ਝੋਨੇ ਦੀ ਲੁਆਈ ਨੇ ਜ਼ੋਰ ਫੜ ਲਿਆ ਹੈ।
ਪਾਵਰਕੌਮ ਨੇ ਖੇਤੀ ਮੋਟਰਾਂ ਦਾ ਲੋਡ ਵਧਾਉਣ ਵਾਸਤੇ ਵਿਸ਼ੇਸ਼ ਸਵੈ-ਇੱਛੁਕ ਸਕੀਮ ਜਾਰੀ ਕੀਤੀ ਹੈ ਜਿਸ ਤਹਿਤ ਬਿਜਲੀ ਲੋਡ ’ਚ ਵਾਧੇ ਲਈ ਕੁਨੈਕਸ਼ਨ ਫ਼ੀਸ 4750 ਰੁਪਏ ਤੋਂ ਘਟਾ ਕੇ 2500 ਰੁਪਏ ਅਤੇ ਸਕਿਉਰਿਟੀ ਰਾਸ਼ੀ 400 ਰੁਪਏ ਤੋਂ ਘਟਾ ਕੇ 200 ਰੁਪਏ ਕੀਤੀ ਗਈ ਹੈ। ਇਹ ਸਕੀਮ 23 ਜੁਲਾਈ ਤੱਕ ਲਾਗੂ ਰਹਿਣੀ ਹੈ। ਲੰਘੇ ਤਿੰਨ ਮਹੀਨਿਆਂ ਵਿਚ (11 ਮਾਰਚ 2024 ਤੋਂ ਹੁਣ ਤੱਕ) ਪੰਜਾਬ ਦੇ 47,227 ਕਿਸਾਨਾਂ ਨੇ ਖੇਤੀ ਮੋਟਰਾਂ ਦੇ ਲੋਡ ਵਧਾਏ ਹਨ ਜਿਸ ਦਾ ਮਤਲਬ ਹੈ ਕਿ ਇਨ੍ਹਾਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਦਾ ਪਾਣੀ ਡੂੰਘਾ ਚਲਾ ਗਿਆ ਹੈ। ਪਾਵਰਕੌਮ ਨੇ ਇਸ ਤੋਂ ਪਹਿਲਾਂ 9 ਜੂਨ 2022 ਨੂੰ ਵੀ ਬਿਜਲੀ ਲੋਡ ਵਧਾਉਣ ਲਈ ਸਕੀਮ ਜਾਰੀ ਕੀਤੀ ਸੀ ਅਤੇ ਉਦੋਂ 1.96 ਲੱਖ ਕਿਸਾਨਾਂ ਨੇ ਕਰੀਬ ਅੱਠ ਲੱਖ ਬੀਐੱਚਪੀ ਲੋਡ ਵਧਾਇਆ ਸੀ। ਤੱਥਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜ਼ਮੀਨੀ ਪਾਣੀ ਹੇਠਾਂ ਜਾਣ ਕਰਕੇ ਮੋਟਰਾਂ ਦੇ ਲੋਡ ਵਧਾਉਣਾ ਕਿਸਾਨਾਂ ਦੀ ਮਜਬੂਰੀ ਬਣ ਗਿਆ ਹੈ। ਖੇਤੀ ਸੈਕਟਰ ਵਿਚ ਬਿਜਲੀ ਦੀ ਖਪਤ ਲਗਾਤਾਰ ਵਧ ਰਹੀ ਹੈ। ਜੂਨ 2022 ’ਚ ਕਿਸਾਨਾਂ ਦੀ 180 ਕਰੋੜ ਦੀ ਬੱਚਤ ਹੋਈ ਸੀ। ਲੰਘੇ ਤਿੰਨ ਮਹੀਨਿਆਂ ਵਿਚ ਕਿਸਾਨਾਂ ਦੀ ਕਰੀਬ 50 ਕਰੋੜ ਦੀ ਬੱਚਤ ਹੋਈ ਹੈ। ਹੁਣ ਜੋ ਸਕੀਮ ਚੱਲ ਰਹੀ ਹੈ, ਉਸ ਤਹਿਤ ਪਾਵਰਕੌਮ ਨੂੰ ਬਿਜਲੀ ਲੋਡ ਵਿਚ ਵਾਧੇ ਦੀ ਫ਼ੀਸ ਵਜੋਂ 57.37 ਕਰੋੜ ਰੁਪਏ ਪ੍ਰਾਪਤ ਹੋ ਗਏ ਹਨ। ਪੰਜਾਬ ਦਾ ਵੱਡਾ ਹਿੱਸਾ ਡਾਰਕ ਜ਼ੋਨ ਵਿਚ ਚਲਾ ਗਿਆ ਹੈ। ਪੰਜਾਬ ਸਰਕਾਰ ਨੇ ਨਹਿਰੀ ਪਾਣੀ ਖੇਤਾਂ ਤੱਕ ਪੁੱਜਦਾ ਕਰਨ ਵਾਸਤੇ ਉਪਰਾਲੇ ਸ਼ੁਰੂ ਕੀਤੇ ਹਨ। ਕਿਸਾਨਾਂ ਨੂੰ ਝੋਨੇ ਵਾਸਤੇ 11 ਜੂਨ ਤੋਂ ਨਹਿਰੀ ਪਾਣੀ ਦੇਣਾ ਸ਼ੁਰੂ ਕੀਤਾ ਹੈ। ਨਹਿਰਾਂ ਵਿਚ 24 ਹਜ਼ਾਰ ਕਿਊਸਕ ਪਾਣੀ ਛੱਡਿਆ ਗਿਆ ਹੈ। ਮਾਹਿਰ ਆਖਦੇ ਹਨ ਕਿ ਜ਼ਮੀਨੀ ਪਾਣੀ ਨੂੰ ਲੈ ਕੇ ਹੁਣ ਪੰਜਾਬ ਨੂੰ ਸੰਭਲਣਾ ਪੈਣਾ ਹੈ।

ਲੋਡ ਵਧਾਉਣ ’ਚ ਸੰਗਰੂਰ ਦੇ ਕਿਸਾਨ ਅੱਵਲ

ਜਿਨ੍ਹਾਂ ਜ਼ਿਲ੍ਹਿਆਂ ਵਿਚ ਬਿਜਲੀ ਲੋਡ ਵਿਚ ਵਾਧੇ ਦੀਆਂ ਵੱਧ ਅਰਜ਼ੀਆਂ ਆਈਆਂ ਹਨ, ਉਨ੍ਹਾਂ ਵਿਚ ਪਾਣੀ ਤੇਜ਼ੀ ਨਾਲ ਹੇਠਾਂ ਉੱਤਰ ਰਿਹਾ ਹੈ। ਤਿੰਨ ਮਹੀਨੇ ਦਾ ਅੰਕੜਾ ਦੇਖੀਏ ਤਾਂ ਇੱਕ ਨੰਬਰ ’ਤੇ ਸਰਕਲ ਸੰਗਰੂਰ ਆਉਂਦਾ ਹੈ ਜਿੱਥੋਂ ਦੇ 7005 ਕਿਸਾਨਾਂ ਨੇ ਬਿਜਲੀ ਦਾ ਲੋਡ ਵਧਾਇਆ ਹੈ ਜਦੋਂ ਕਿ ਦੂਜੇ ਨੰਬਰ ’ਤੇ ਬਠਿੰਡਾ ਸਰਕਲ ਹੈ ਜਿੱਥੋਂ ਦੇ 6948 ਕਿਸਾਨਾਂ ਨੇ ਖੇਤੀ ਮੋਟਰਾਂ ਦਾ ਲੋਡ ਵਧਾਇਆ ਹੈ। ਪੰਜਾਬ ’ਚੋਂ ਤੀਜਾ ਨੰਬਰ ਫ਼ਰੀਦਕੋਟ ਸਰਕਲ ਦਾ ਹੈ ਜਿੱਥੋਂ ਦੇ 4448 ਕਿਸਾਨਾਂ ਨੇ ਬਿਜਲੀ ਲੋਡ ਵਿਚ ਵਾਧਾ ਕਰਾਇਆ ਹੈ। ਮਾਲਵਾ ਖ਼ਿੱਤੇ ਵਿਚ ਜ਼ਮੀਨੀ ਪਾਣੀ ਸਭ ਤੋਂ ਵੱਧ ਹੇਠਾਂ ਵੱਲ ਗਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿਚ ਬਠਿੰਡਾ, ਮਾਨਸਾ, ਫ਼ਰੀਦਕੋਟ, ਬਰਨਾਲਾ, ਪਟਿਆਲਾ, ਹੁਸ਼ਿਆਰਪੁਰ, ਤਰਨ ਤਾਰਨ ਆਦਿ ਸ਼ਾਮਲ ਹਨ। ਜ਼ਮੀਨੀ ਪਾਣੀ ਡੂੰਘੇ ਹੋਣ ਦਾ ਮਤਲਬ ਹੈ ਕਿ ਕਿਸਾਨਾਂ ਦੇ ਲਾਗਤ ਖ਼ਰਚੇ ਵੀ ਵਧ ਰਹੇ ਹਨ। ਪੰਜਾਬ ਵਿੱਚ 14.50 ਲੱਖ ਖੇਤੀ ਮੋਟਰਾਂ ਹਨ।

Advertisement
Author Image

joginder kumar

View all posts

Advertisement
Advertisement
×