For the best experience, open
https://m.punjabitribuneonline.com
on your mobile browser.
Advertisement

ਹੱਸਦਿਆਂ ਦੇ ਘਰ ਵਸਦੇ

09:01 AM Jun 22, 2024 IST
ਹੱਸਦਿਆਂ ਦੇ ਘਰ ਵਸਦੇ
Advertisement

ਕਮਲਜੀਤ ਕੌਰ ਗੁੰਮਟੀ
ਹੱਸਦੇ ਚਿਹਰੇ ਸਭ ਨੂੰ ਚੰਗੇ ਲੱਗਦੇ ਹਨ। ਸਾਰੇ ਹੱਸਦੇ ਚਿਹਰਿਆਂ ਦੇ ਹਾਸੇ ਦਾ ਅਰਥ ਖ਼ੁਸ਼ੀ ਨਹੀਂ ਹੁੰਦਾ। ਕੁਝ ਹਾਸੇ ਵਿਅੰਗਮਈ ਹੁੰਦੇ ਹਨ, ਕੁਝ ਹਾਸੇ ਬਣਾਉਟੀ ਹੁੰਦੇ ਹਨ ਤੇ ਕੁਝ ਹਾਸੇ ਕੂਟਨੀਤਿਕ। ਇਹੋ ਜਿਹੇ ਹਾਸੇ ਮਨੁੱਖੀ ਮਨ ਨੂੰ ਸੰਤੁਸ਼ਟੀ ਪ੍ਰਦਾਨ ਨਹੀਂ ਕਰਦੇ ਸਗੋਂ ਮਨ ਅੰਦਰ ਭੈਅ ਅਤੇ ਸ਼ੱਕ ਪੈਦਾ ਕਰਦੇ ਹਨ। ਅਸਲੀ ਹਾਸਾ ਉਹੀ ਹੈ ਜੋ ਮਨ ਨੂੰ ਤਾਜ਼ਗੀ ਅਤੇ ਖ਼ੁਸ਼ੀ ਨਾਲ ਭਰ ਦਿੰਦਾ ਹੈ। ਦੁੱਖ ਤਕਲੀਫ਼ਾਂ ਦਾ ਭੈਅ ਸਾਨੂੰ ਹੱਸਣ ਨਹੀਂ ਦਿੰਦਾ। ਹਾਂ! ਜੇਕਰ ਅਸੀਂ ਦੁੱਖਾਂ ਦਾ ਨਿਵਾਰਨ ਕਰਨ ਦੀ ਹਿੰਮਤ ਕਰੀਏ ਤਾਂ ਫ਼ਿਕਰ ਅਤੇ ਭੈਅ ਦੂਰ ਨੱਸਦੇ ਦਿਖਾਈ ਦਿੰਦੇ ਹਨ। ਸਾਡੇ ਬੁੱਲ੍ਹਾਂ ’ਤੇ ਮਿੱਠਾ ਮਿੱਠਾ ਹਾਸਾ ਆਪਣੇ ਆਪ ਆ ਜਾਂਦਾ ਹੈ।
ਚੀਜ਼ਾਂ ਹਮੇਸ਼ਾ ਸਥਿਰ ਨਹੀਂ ਰਹਿੰਦੀਆਂ। ਹਰੇ ਭਰੇ ਦਰੱਖਤ ਵੀ ਮੁਰਝਾ ਜਾਂਦੇ ਹਨ ਪਰ ਸਮਾਂ ਪਾ ਕੇ ਇਹ ਫਿਰ ਹਰੇ ਭਰੇ ਹੋ ਜਾਂਦੇ ਹਨ। ਇਸੇ ਤਰ੍ਹਾਂ ਮਨੁੱਖੀ ਮਨ ਵੀ ਕਦੇ ਮੁਰਝਾ ਜਾਂਦਾ ਹੈ ਤੇ ਕਦੇ ਖ਼ੁਸ਼ੀਆਂ ਵਿੱਚ ਹਾਸੇ ਬਿਖੇਰਦਾ ਹੈ। ਜ਼ਿੰਦਗੀ ਵਿੱਚ ਸਰੀਰਿਕ ਅਤੇ ਮਾਨਸਿਕ ਤੰਦਰੁਸਤੀ ਨੂੰ ਸਾਵਾਂ ਰੱਖਣ ਲਈ ਹਾਸੇ ਦੀ ਅਹਿਮ ਭੂਮਿਕਾ ਹੈ। ਕਰੋਧ ਅਤੇ ਨਫ਼ਰਤ ਦੀ ਤੇਜ਼ ਅੱਗ ਵਿੱਚ ਹਾਸੇ ਸੜ ਕੇ ਸੁਆਹ ਹੋ ਜਾਂਦੇ ਹਨ। ਹੱਸਣਾ ਸਾਡੇ ਰਵੱਈਏ ’ਤੇ ਨਿਰਭਰ ਕਰਦਾ ਹੈ। ਇਹ ਬਿਲਕੁਲ ਸੱਚ ਹੈ, ‘ਹੱਸਦਿਆਂ ਦੇ ਘਰ ਵਸਦੇ।’ ਅਸੀਂ ਰੋਜ਼ਾਨਾ ਜ਼ਿੰਦਗੀ ਵਿੱਚ ਦੇੇੇਖਦੇ ਹਾਂ ਕਿ ਜੇਕਰ ਪਰਿਵਾਰ ਦਾ ਇੱਕ ਮੈਂਬਰ ਵੀ ਗੁੱਸੇ ਵਿੱਚ ਆ ਜਾਵੇ ਤਾਂ ਪਰਿਵਾਰ ਦਾ ਵਾਤਾਵਰਨ ਤਲ਼ਖ ਹੋ ਜਾਂਦਾ ਹੈ। ਸਾਰਾ ਪਰਿਵਾਰ ਆਪਣਾ ਸਕੂਨ ਅਤੇ ਸ਼ਾਂਤੀ ਗਵਾ ਦਿੰਦਾ ਹੈ। ਜੇਕਰ ਪਰਿਵਾਰ ਦਾ ਉਹੀ ਮੈਂਬਰ ਹਾਸੇ ਬਿਖੇਰਦਾ ਹੈ ਤਾਂ ਪਰਿਵਾਰ ਦਾ ਵਾਤਾਵਰਨ ਖ਼ੁਸ਼ਨੁਮਾ ਹੋ ਜਾਂਦਾ ਹੈ। ਕਿਸੇ ਵੀ ਕੰਮ ਨੂੰ ਕਰਨ ਸਮੇਂ ਸਾਡੇ ਚਿਹਰੇ ’ਤੇ ਮਿੱਠਾ ਮਿੱਠਾ ਹਾਸਾ ਹੋਣਾ ਜ਼ਰੂਰੀ ਹੈ। ਸਾਡੇ ਬੁੱਲ੍ਹਾਂ ’ਤੇ ਮੁਸਕਾਨ ਹੋਣੀ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਹੱਸਣਾ ਜ਼ਰੂਰੀ ਹੈ। ਹੱਸਦੇ ਚਿਹਰਿਆਂ ਵਾਲੇ ਲੋਕ ਸਿਰਫ਼ ਆਪਣੇ ਆਪ ਨੂੰ ਹੀ ਖ਼ੁਸ਼ ਨਹੀਂ ਰੱਖਦੇ, ਸਗੋਂ ਦੂਸਰਿਆਂ ਦੀਆਂ ਮੁਸ਼ਕਲਾਂ ਨੂੰ ਵੀ ਦੂਰ ਕਰਦੇ ਹਨ।
ਮੌਜੂਦਾ ਦੌਰ ਵਿੱਚ ਲੋਕਾਂ ਦੇ ਮਨ ਵਿੱਚੋਂ ਹਾਸਾ ਉੱਡ ਗਿਆ ਹੈ। ਇਸੇ ਲਈ ਕਸਰਤ ਦੇ ਤੌਰ ’ਤੇ ਪਾਰਕਾਂ ਵਿੱਚ ਯੋਗ ਕਰ ਰਹੇ ਲੋਕਾਂ ਨੂੰ ਉੱਚੀ ਉੱਚੀ ਹੱਸਦੇ ਸੁਣਦੇ ਹਾਂ। ਚੁਟਕਲਿਆਂ, ਹਾਸਰਸ ਕਵਿਤਾਵਾਂ, ਹਾਸ ਵਿਅੰਗਾਂ ਰਾਹੀਂ ਵੀ ਮਨੁੱਖ ਨੂੰ ਹਸਾਉਣ ਦਾ ਯਤਨ ਕੀਤਾ ਜਾਂਦਾ ਹੈ। ਪਿਛਲੇ ਕੁਝ ਸਮੇਂ ਤੋਂ ਖ਼ਾਸ ਕਰਕੇ ਪੰਜਾਬ ਵਿੱਚ ਵੱਡੇ ਪੱਧਰ ’ਤੇ ਹਾਸਰਸ ਵਿਸ਼ੇ ’ਤੇ ਵੱਡੀ ਗਿਣਤੀ ਵਿੱਚ ਫਿਲਮਾਂ ਦਾ ਨਿਰਮਾਣ ਹੋਇਆ ਹੈ। ਰਾਸ਼ਟਰੀ ਅਤੇ ਰਾਜ ਪੱਧਰ ਦੇ ਚੈਨਲਾਂ ’ਤੇ ਵੀ ਕਈ ਤਰ੍ਹਾਂ ਦੇ ਕਾਮੇਡੀ ਪ੍ਰੋਗਰਾਮ ਵੇਖਣ ਨੂੰ ਮਿਲ ਰਹੇ ਹਨ। ਕਈ ਵਾਰ ਕਲਾਕਾਰ ਹਾਸੇ ਹਾਸੇ ਵਿੱਚ ਜ਼ਿੰਦਗੀ ਦੇ ਕਈ ਅਹਿਮ ਸੱਚ ਸਾਡੇ ਸਾਹਮਣੇ ਪੇਸ਼ ਕਰ ਜਾਂਦੇ ਹਨ। ਹੱਸਣਾ ਅਤੇ ਹਸਾਉਣਾ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਣਾ ਚਾਹੀਦਾ ਹੈ। ਸਾਡਾ ਹਾਸਾ ਸਾਨੂੰ ਹਸਾ ਕੇ ਕਿਸੇ ਵੀ ਹੋਰ ਵਿਅਕਤੀ ਨੂੰ ਦੁਖੀ ਨਾ ਕਰ ਗਿਆ ਹੋਵੇ, ਹਰ ਕਦਮ ’ਤੇ ਇਸ ਦਾ ਖ਼ਿਆਲ ਰੱਖਣਾ ਹੈ।
ਖੁੱਲ੍ਹ ਕੇ ਹੱਸਣ ਵਾਲੇ ਲੋਕਾਂ ਦੇ ਖੂਨ ਦਾ ਸੰਚਾਰ ਸਹੀ ਤਰੀਕੇ ਨਾਲ ਹੁੰਦਾ ਹੈ। ਅਸਲ ਵਿੱਚ ਜਦੋਂ ਅਸੀਂ ਹੱਸਦੇ ਹਾਂ ਤਾਂ ਵੱਧ ਤੋਂ ਵੱਧ ਆਕਸੀਜਨ ਪੂਰੇ ਸਰੀਰ ਵਿੱਚ ਪਹੁੰਚਦੀ ਹੈ। ਹਾਸਾ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪੈਦਾ ਕਰਦਾ ਹੈ। ਜੇਕਰ ਅਸੀਂ ਦਿਨ ਦੀ ਸ਼ੁਰੂਆਤ ਹੱਸ ਕੇ ਕਰਦੇ ਹਾਂ ਤਾਂ ਪੂਰਾ ਦਿਨ ਚੰਗਾ ਅਤੇ ਸਕਾਰਾਤਮਕਤਾ ਨਾਲ ਭਰਪੂਰ ਰਹਿੰਦਾ ਹੈ। ਹੱਸਣਾ ਰਾਤ ਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਨੀਂਦ ਦੀ ਸਮੱਸਿਆ ਹੈ, ਉਨ੍ਹਾਂ ਨੂੰ ਹੱਸਣ ਦੀ ਆਦਤ ਪਾਉਣੀ ਚਾਹੀਦੀ ਹੈ। ਸਾਡੇ ਚਿਹਰੇ ਦਾ ਹਾਸਾ ਸਾਡੇ ਦਿਲ ਨੂੰ ਵੀ ਖ਼ੁਸ਼ ਕਰਦਾ ਹੈ। ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ।
ਹੱਸਣ ਨਾਲ ਅਸੀਂ ਲੰਬੇ ਸਮੇਂ ਤੱਕ ਜਵਾਨ ਅਤੇ ਸੁੰਦਰ ਰਹਿ ਸਕਦੇ ਹਾਂ। ਜਦੋਂ ਅਸੀਂ ਜ਼ੋਰ ਨਾਲ ਹੱਸਦੇ ਹਾਂ ਤਾਂ ਚਿਹਰੇ ਦੀਆਂ ਮਾਸਪੇਸ਼ੀਆਂ ਚੰਗੀ ਤਰ੍ਹਾਂ ਕੰਮ ਕਰਦੀਆਂ ਹਨ। ਹਾਸਾ ਦਿਨ ਭਰ ਦੀ ਥਕਾਵਟ ਅਤੇ ਚਿੰਤਾ ਨੂੰ ਦੂਰ ਕਰ ਸਕਦਾ ਹੈ। ਤਣਾਅ ਨੂੰ ਦੂਰ ਕਰਨ ਲਈ ਕੋਈ ਵੀ ਦਵਾਈ ਅਜਿਹਾ ਕੰਮ ਨਹੀਂ ਕਰ ਸਕਦੀ ਜੋ ਹਾਸਾ ਕਰਦਾ ਹੈ। ਬੁੱਧੀਜੀਵੀਆਂ ਵੱਲੋਂ ਇੱਕ ਖ਼ਾਸ ਦਿਨ ਚੁਣ ਕੇ ਸਮੁੱਚੀ ਮਨੁੱਖਤਾ ਨੂੰ ਸਾਲ ਭਰ ਹੱਸਦੇ ਰਹਿਣ ਲਈ ਯਾਦ ਕਰਵਾਇਆ ਜਾਂਦਾ ਹੈ। ਇਸ ਦਿਨ ਦਾ ਨਾਮ ਹੈ ਵਿਸ਼ਵ ਹਾਸਾ ਦਿਵਸ। ਇਸ ਦਿਨ ਦੀ ਸ਼ੁਰੂਆਤ ਜਨਵਰੀ 1998 ਵਿੱਚ ਮੁੰਬਈ ਤੋਂ ਹੋਈ ਸੀ। ਹਾਸਾ ਦਿਵਸ ਹਰ ਸਾਲ ਮਈ ਦੇ ਪਹਿਲੇ ਐਤਵਾਰ ਮਨਾਇਆ ਜਾਂਦਾ ਹੈ।
ਅਸੀਂ ਭੌਤਿਕਵਾਦੀ ਹੋ ਗਏ ਹਾਂ। ਸਾਡੇ ਕੋਲ ਆਪਣੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਹਸਾਉਣ ਦਾ ਸਮਾਂ ਨਹੀਂ ਰਿਹਾ। ਛੋਟਾ ਬੱਚਾ ਮੋਬਾਈਲ ਫੋਨ ਦੇਖ ਕੇ ਹੱਸ ਰਿਹਾ ਹੈ। ਬੱਚਾ ਉਹ ਦੇਖ ਕੇ ਹੱਸ ਰਿਹਾ ਹੈ ਜਿਸ ਦਾ ਉਸ ਦੀ ਜ਼ਿੰਦਗੀ ਵਿੱਚ ਕੋਈ ਖ਼ੂਬਸੂਰਤ ਸਥਾਨ ਨਹੀਂ। ਉਹ ਹਾਸਾ ਚਿਰਸਥਾਈ ਨਹੀਂ ਹੁੰਦਾ। ਕੁਝ ਪਲਾਂ ਦਾ ਮਹਿਮਾਨ ਹੁੰਦਾ ਹੈ। ਉਸ ਦੇ ਆਪਣਿਆਂ ਕੋਲ ਉਸ ਨੂੰ ਹਸਾਉਣ ਦਾ ਸਮਾਂ ਨਹੀਂ, ਉਹ ਹਾਸਾ ਨਕਲੀ ਹੈ ਜਿਸ ਦੇ ਠਹਾਕੇ ਦੀ ਆਵਾਜ਼ ਆਪਣਿਆਂ ਨੂੰ ਸੁਣਾਈ ਨਹੀਂ ਦਿੰਦੀ। ਧੁਰ ਅੰਦਰੋਂ ਹੱਸੋ,ਆਨੰਦ ਵਿੱਚ ਰਹੋ। ਸਮੁੱਚੀ ਮਨੁੱਖਤਾ, ਜੀਵ ਜੰਤੂ, ਦਰੱਖਤ ਬੂਟੇ ਪਾਣੀ ਦੀਆਂ ਲਹਿਰਾਂ, ਖੁੱਲ੍ਹੇ ਆਸਮਾਨ ਨਾਲ ਆਪਣਾ ਹਾਸਾ ਸਾਂਝਾ ਕਰੋ, ਪੂਰੀ ਕੁਦਰਤ ਤੁਹਾਨੂੰ ਹੱਸਦੀ ਨਜ਼ਰ ਆਵੇਗੀ।
ਸੰਪਰਕ: 98769-26873

Advertisement

Advertisement
Author Image

Advertisement
Advertisement
×