ਜਿਉਂਦ ਘਟਨਾ: ਉਗਰਾਹਾਂ ਸਣੇ ਤਿੰਨ ਦਰਜਨ ਕਿਸਾਨਾਂ ਖ਼ਿਲਾਫ਼ ਕੇਸ ਦਰਜ
ਸ਼ਗਨ ਕਟਾਰੀਆ
ਬਠਿੰਡਾ, 21 ਜਨਵਰੀ
ਜ਼ਿਲ੍ਹਾ ਬਠਿੰਡਾ ਦੇ ਪਿੰਡ ਜਿਉਂਦ ’ਚ ਬੀਕੇਯੂ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ’ਚ ਤਿੱਖੇ ਟਕਰਾਅ ਤੋਂ ਬਾਅਦ ਪੁਲੀਸ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸਣੇ ਤਿੰਨ ਦਰਜਨ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਕੇਸ ਨੰਬਰ 5/25 ’ਚ ਵੱਖ-ਵੱਖ ਧਾਰਾਵਾਂ ਤਹਿਤ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ, ਬਲਤੇਜ ਸਿੰਘ ਚਾਉਕੇ, ਬੂਟਾ ਸਿੰਘ ਬੱਲ੍ਹੋ, ਸਾਬਕਾ ਸਰਪੰਚ ਜਿਉਂਦ ਗੁਰਜੰਟ ਸਿੰਘ ਅਤੇ ਗੁਲਾਬ ਸਿੰਘ ਵਿਧੀਆ ਸਣੇ 30-35 ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸੇ ਤਰ੍ਹਾਂ ਕੇਸ ਨੰਬਰ 6/25 ਵਿੱਚ ਵੱਖ-ਵੱਖ ਧਾਰਾਵਾਂ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂ ਕੇ, ਸ਼ਗਨਦੀਪ ਸਿੰਘ ਜਿਉਂਦ, ਬੂਟਾ ਸਿੰਘ ਬੱਲ੍ਹੋ, ਗੁਰਵਿੰਦਰ ਸਿੰਘ ਬੱਲ੍ਹੋ, ਹਰਵਿੰਦਰ ਸਿੰਘ ਬੱਲ੍ਹੋ, ਬਲਦੇਵ ਸਿੰਘ ਚਾਉਂਕੇ, ਜਸਵਿੰਦਰ ਸਿੰਘ ਜੈਦ, ਹਰਵਿੰਦਰ ਸਿੰਘ ਜੇਠੂ ਕੇ ਅਤੇ ਗੁਲਾਬ ਸਿੰਘ ਵਿਧੀਆ ਨੂੰ ਨਾਮਜ਼ਦ ਕੀਤਾ ਗਿਆ ਹੈ। ਹਾਈ ਕੋਰਟ ਦੇ ਨਿਰਦੇਸ਼ਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਬੀਤੇ ਦਿਨ ਪਿੰਡ ਜਿਉਂਦ ’ਚ ਜ਼ਮੀਨੀ ਨਿਸ਼ਾਨਦੇਹੀ ਤੇ ਮੁਰੱਬਾਬੰਦੀ ਦੇ ਸਬੰਧ ’ਚ ਪੈਮਾਇਸ਼ ਕਰਨ ਗਿਆ ਸੀ।
ਇਸ ਦੌਰਾਨ ਉੱਥੇ ਦੋਵੇਂ ਧਿਰਾਂ ਦੇ ਆਹਮੋ-ਸਾਹਮਣੇ ਆਉਣ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਸੀ। ਪ੍ਰਸ਼ਾਸਨਿਕ ਅਮਲੇ ਦਾ ਕਿਸਾਨਾਂ ਤਰਫ਼ੋਂ ਵਿਰੋਧ ਕੀਤਾ ਗਿਆ ਅਤੇ ਰੱਫੜ ਵਧਣ ਮਗਰੋਂ ਦੋਵਾਂ ਧਿਰਾਂ ’ਚ ਖਿੱਚਧੂਹ ਹੋਈ ਸੀ। ਇਸ ਦੌਰਾਨ ਡੀਐੱਸਪੀ ਰਾਹੁਲ ਭਾਰਦਵਾਜ ਦੀ ਖੱਬੀ ਬਾਂਹ ਟੁੱਟ ਗਈ ਤੇ ਉਨ੍ਹਾਂ ਦੇ ਰੱਖਿਅਕ ਦੇ ਵੀ ਸੱਟਾਂ ਲੱਗੀਆਂ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਏਡੀਸੀ ਦੀ ਅਗਵਾਈ ਵਿੱਚ ਪਿੰਡ ਗਏ ਮਾਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਿਸਾਨਾਂ ਨੇ ‘ਬੰਦੀ’ ਬਣਾਇਆ। ਦੂਜੇ ਪਾਸੇ, ਕਿਸਾਨ ਆਗੂਆਂ ਨੇ ਦੋਸ਼ ਲਾਏ ਕਿ ਇਸ ਝੜਪ ’ਚ ਕੁੱਝ ਕਿਸਾਨ ਵੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੇ ਸਿਰਫ਼ ‘ਘਿਰਾਓ’ ਹੀ ਕੀਤਾ ਸੀ ਕਿਸੇ ਨੂੰ ਬੰਦੀ ਨਹੀਂ ਬਣਾਇਆ।
ਕਿਸਾਨਾਂ ਵੱਲੋਂ ਪਿੰਡ ਦੀ ਚੌਤਰਫ਼ਾ ਨਾਕਾਬੰਦੀ
ਪੁਲੀਸ ਅਤੇ ਕਿਸਾਨਾਂ ਦਰਮਿਆਨ ਹੋਏ ਹਿੰਸਕ ਟਕਰਾਅ ਤੋਂ ਬਾਅਦ ਬੀਕੇਯੂ ਏਕਤਾ (ਉਗਰਾਹਾਂ) ਨੇ ਜਿਉਂਦ ਪਿੰਡ ਨੂੰ ਆਉਂਦੇ ਸੱਤ ਰਸਤਿਆਂ ਦੀ ਨਾਕਾਬੰਦੀ ਕਰ ਦਿੱਤੀ ਹੈ ਜੋ 24 ਘੰਟੇ ਜਾਰੀ ਰਹੇਗੀ। ਇੱਥੇ ਵੱਡੀ ਗਿਣਤੀ ’ਚ ਕਿਸਾਨ ਖੜ੍ਹੇ ਹੋ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਿੰਡ ਵਿੱਚ ਪੁਲੀਸ ਦੇ ਦਾਖ਼ਲੇ ਦਾ ਵਿਰੋਧ ਕਰਨਗੇ। ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਸਣੇ ਸੀਨੀਅਰ ਲੀਡਰਸ਼ਿਪ ਪਿੰਡ ਜਿਉਂਦ ਹੀ ਰਹੀ।