ਸਾਰੰਗਪੁਰ ’ਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਸੰਮੇਲਨ ਦਾ ਸਿੱਧਾ ਪ੍ਰਸਾਰਣ
ਆਤਿਸ਼ ਗੁਪਤਾ
ਚੰਡੀਗੜ੍ਹ, 27 ਜੁਲਾਈ
ਯੂਟੀ ਪ੍ਰਸ਼ਾਸਨ ਦੇ ਖੇਤੀਬਾੜੀ ਵਿਭਾਗ ਵੱਲੋਂ ਪਿੰਡ ਸਾਰੰਗਪੁਰ ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿਧੀ ਸੰਮੇਲਨ ਦਾ ਵੱਡੀ ਸਕ੍ਰੀਨ ’ਤੇ ਸਿੱਧਾ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸ਼ਹਿਰ ਦੇ ਕਿਸਾਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਭਾਸ਼ਣ ਸੁਣਿਆ। ਯੂਟੀ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਵੀ 487 ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਅਧੀਨ ਛੇ ਹਜ਼ਾਰ ਰੁਪਏ ਮਹੀਨਾ ਮਿਲ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਸੀਕਰ ਤੋਂ ਦੇਸ਼ ਦੇ ਵੱਡੀ ਗਿਣਤੀ ਕਿਸਾਨਾਂ ਨੂੰ ਸੰਬੋਧਨ ਕੀਤਾ। ਜਿਸ ਦਾ ਪ੍ਰਸਾਰਣ ਦੇਸ਼ ਦੇ ਵੱਖ-ਵੱਖ ਪਿੰਡਾਂ ਵਿੱਚ ਕੀਤਾ ਗਿਆ ਹੈ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਫਰਵਰੀ 2019 ਵਿੱਚ ਪ੍ਰਧਾਨ ਮੰਤਰੀ ਕਿਸਾਨ ਨਿੱਧੀ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਛੇ ਹਜ਼ਾਰ ਰੁਪਏ ਸਾਲਾਨਾ ਵਿੱਤੀ ਸਹਾਇਤੀ ਦਿੱਤੀ ਜਾਂਦੀ ਹੈ। ਇਸ ਸਕੀਮ ਦਾ ਦੇਸ਼ ਭਰ ’ਚ 11 ਕਰੋੜ ਦੇ ਕਰੀਬ ਕਿਸਾਨ ਲਾਭ ਲੈ ਰਹੇ ਹਨ ਅਤੇ ਸਰਕਾਰ ਵੱਲੋਂ 2.42 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਦਿੱਤੇ ਜਾ ਰਹੇ ਹਨ। ਇਹ ਸਹਾਇਤਾ ਰਾਸ਼ੀ ਸਿੱਧੀ ਕਿਸਾਨਾਂ ਦੇ ਬੈਂਕ ਖਾਤੇ ਵਿੱਚ ਪਾ ਦਿੱਤੀ ਜਾਂਦੀ ਹੈ, ਜਿਸ ਨਾਲ ਕਿਸਾਨਾਂ ਦੀ ਬੈਂਕ ’ਚ ਜਾਣ ਸਣੇ ਹੋਰ ਖੱਜਲ ਖੁਆਰੀ ਤੋਂ ਬੱਚਤ ਹੁੰਦੀ ਹੈ। ਇਸ ਮੌਕੇ ਯੂਟੀ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਇਲਾਵਾ ਮੇਅਰ ਅਨੂਪ ਗੁਪਤਾ, ਕੌਂਸਲਰ ਸਤਿੰਦਰ ਸਿੰਘ ਸਿੱਧੂ, ਧਰਮਿੰਦਰ ਸਿੰਘ ਸੈਣੀ, ਭਾਜਪਾ ਦੇ ਕਿਸਾਨ ਮੋਰਚੇ ਦੇ ਪ੍ਰਧਾਨ ਦੀਦਾਰ ਸਿੰਘ, ਜਨਰਲ ਸਕੱਤਰ ਰਾਮਬੀਰ ਭੱਟੀ, ਸਕੱਤਰ ਹੁਕਮ ਚੰਦ, ਰਮੇਸ਼ ਨਿੱਕੂ ਤੇ ਵੱਡੀ ਗਿਣਤੀ ’ਚ ਪਿੰਡ ਸਾਰੰਗਪੁਰ ਦੇ ਵਸਨੀਕ ਮੌਜੂਦ ਸਨ।