ਨਿੱਕਾ ਲੂੰਬੜ
ਹਰੀ ਕ੍ਰਿਸ਼ਨ ਮਾਇਰ
ਕੁਝ ਸਾਲ ਹੋਏ ਗਗਨ ਦਾ ਪਰਿਵਾਰ ਯੂਰਪ ਦੇ ਕਿਸੇ ਮੁਲਕ ਵਿੱਚ ਜਾ ਵੱਸਿਆ ਸੀ। ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਇੱਕ ਛੋਟਾ ਜਿਹਾ ਨਾਲ਼ਾ ਵੱਗਦਾ ਸੀ। ਘਰ ਦੇ ਨਾਲ ਖੜ੍ਹੇ ਦਰੱਖਤਾਂ ਦੀਆਂ ਟਾਹਣੀਆਂ ਵਧ ਕੇ ਉਨ੍ਹਾਂ ਦੇ ਵਿਹੜੇ ਵਿੱਚ ਆਉਂਦੀਆਂ ਸਨ। ਜਿੱਥੇ ਤੱਕ ਨਿਗ੍ਹਾ ਜਾਂਦੀ, ਰੁੱਖ ਹੀ ਰੁੱਖ ਦਿਖਾਈ ਦਿੰਦੇ। ਧਰਤੀ ’ਤੇ ਘਾਹ ਦੀ ਹਰੀ ਚਾਦਰ ਵਿਛੀ ਹੋਈ ਸੀ। ਅਜਿਹੀ ਜਗ੍ਹਾ ਨੂੰ ਲੋਕ ‘ਕਰੀਕ’ ਕਹਿੰਦੇ ਸਨ। ਉਨ੍ਹਾਂ ਦੇ ਵਿਹੜੇ ਵਿੱਚ ਹਰੇ, ਲਾਲ ਤੇ ਪੀਲੇ ਪੰਛੀ ਚੋਗਾ ਚੁਗਣ ਆਉਂਦੇ। ਗਗਨ ਦੀ ਮਾਂ ਪੰਛੀਆਂ ਲਈ ਹਰ ਰੋਜ਼ ਵਿਹੜੇ ਵਿੱਚ ਚੋਗਾ ਰੱਖ ਕੇ ਆਉਂਦੀ। ਉੱਥੇ ਗਲਹਿਰੀਆਂ ਵੀ ਆਉਂਦੀਆਂ। ਗਗਨ ਕੋਲ ਜਾਂਦਾ, ਡਰਦੇ ਪੰਛੀ ਝੱਟ ਉੱਡ ਜਾਂਦੇ ਤੇ ਟਾਹਣੀਆਂ ’ਤੇ ਜਾ ਬੈਠਦੇ। ਗਗਨ ਕਮਰੇ ਅੰਦਰਲੀ ਬਾਰੀ ਦੇ ਵੱਡੇ ਸ਼ੀਸ਼ੇ ਵਿੱਚੋਂ ਜਾਨਵਰਾਂ ਨੂੰ ਦੇਖਦਾ। ਉਹ ਦੇਖਦਾ ਕਿ ਮੋਟੀ ਲਾਲ ਚਿੜੀ ਮਾੜਕੂ ਪੀਲੀ ਚਿੜੀ ਤੋਂ ਰੋਜ਼ ਚੋਗਾ ਖੋਹ ਲੈਂਦੀ ਅਤੇ ਉੱਡ ਜਾਂਦੀ ਹੈ। ਵਿਰੋਧ ਕਰਨ ’ਤੇ ਲਾਲ ਚਿੜੀ ਉਸ ਦੇ ਚੁੰਝਾਂ ਮਾਰਦੀ ਹੈ। ਗਲਹਿਰੀ ਵਾਰ ਵਾਰ ਆਉਂਦੀ, ਦੋ ਤਿੰਨ ਮੂੰਗਫਲੀ ਦੀਆਂ ਗੱਠੀਆਂ ਮੂੰਹ ਵਿੱਚ ਚੁੱਕਦੀ ਅਤੇ ਭੱਜ ਜਾਂਦੀ।
ਗਗਨ ਨੇ ਮਾਂ ਨੂੰ ਪੁੱਛਿਆ, ‘‘ਗਲਹਿਰੀ ਮੂੰਗਫਲੀ ਲੈ ਕੇ ਭੱਜ ਕਿਉਂ ਜਾਂਦੀ ਹੈ?”
“ਘੁੱਤੀਆਂ ਪੁੱਟ ਕੇ, ਉਨ੍ਹਾਂ ਵਿੱਚ ਲੁਕੋ ਆਉਂਦੀ ਹੈ।” ਮਾਂ ਬੋਲੀ।
“ਹੈਂ?”
“ਬੜੀ ਚਲਾਕੋ ਆ ਗਲਹਿਰੀ!”
“ਪਰ ਮਾਂ ਲਾਲ ਚਿੜੀ, ਪੀਲੀ ਤੋਂ ਚੋਗਾ ਕਿਉਂ ਖੋਂਹਦੀ ਆ?”
“ਮਨੁੱਖਾਂ ਵਾਂਗ, ਹਰ ਵੱਡਾ ਜਾਨਵਰ, ਆਪ ਤੋਂ ਛੋਟੇ ਨੂੰ ਡਰਾਉਂਦਾ ਹੈ। ਲੁੱਟ ਖੋਹ ਕਰਦਾ ਹੈ।”
ਕਦੀ ਕਦੀ ਵਿਹੜੇ ਵਿੱਚ ਖ਼ਰਗੋਸ਼ ਵੀ ਆ ਜਾਂਦੇ ਅਤੇ ਲੂੰਬੜੀਆਂ ਦੇ ਬੱਚੇ ਵੀ। ਕਰੀਕ ਵਿੱਚ ਰੁੱਖਾਂ ਥੱਲੇ ਹਿਰਨ ਵੀ ਘੁੰਮਦੇ ਦਿਸਦੇ। ਦੂਰ ਵਗਦੇ ਨਾਲ਼ੇ ’ਤੇ ਹਿਰਨੋਟੇ ਪਾਣੀ ਪੀਂਦੇ।
“ਇੱਥੇ ਸ਼ਿਕਾਰੀ ਨਹੀਂ ਹੁੰਦੇ?” ਗਗਨ ਮਾਂ ਕੋਲੋਂ ਪੁੱਛਦਾ।
“ਲੋਕ ਇੱਥੇ ਜਾਨਵਰਾਂ ਨੂੰ ਪਿਆਰ ਕਰਦੇ ਹਨ। ਮਾਰਦੇ ਨਹੀਂ।”
“ਜੇ ਕੋਈ ਮਾਰ ਦੇਵੇ?”
“ਉਸ ਨੂੰ ਸਜ਼ਾ ਮਿਲਦੀ ਹੈ।”
ਦਰੱਖਤਾਂ ਵੱਲ ਦੇਖਦਿਆਂ ਗਗਨ ਨੇ ਪੁੱਛਿਆ, “ਮਾਂ! ਐਨੇ ਦਰੱਖਤ ਕੌਣ ਲਗਾਉਂਦਾ?”
“ਆਪੇ ਫ਼ਲਾਂ ’ਚੋਂ ਡਿੱਗੇ ਬੀਜ, ਜ਼ਮੀਨ ’ਚੋਂ ਉੱਗ ਪੈਂਦੇ ਨੇ।”
“ਇਨ੍ਹਾਂ ਨੂੰ ਪਾਣੀ ਕੌਣ ਦਿੰਦਾ?”
“ਬੱਦਲ।”
“ਜੇ ਬੱਦਲ ਪਾਣੀ ਨਾ ਦੇਣ, ਫੇਰ ਤਾਂ ਪੌਦੇ ਸੁੱਕ ਜਾਣਗੇ।”
“ਇੱਥੇ ਨੀਲੇ ਚਿੱਟੇ ਉੱਡਦੇ ਬੱਦਲ ਐਨੇ ਬੇਯਕੀਨੇ ਨਹੀਂ ਹੁੰਦੇ। ਜਿੱਥੇ ਰੁੱਖ ਹੁੰਦੇ ਹਨ, ਉੱਥੇ ਬੱਦਲ ਪਾਣੀ ਜ਼ਰੂਰ ਤਰੌਂਕਦੇ ਹਨ।”
“ਬੱਦਲਾਂ ਦੀ ਦੋਸਤੀ ਹੁੰਦੀ ਹੈ ਰੁੱਖਾਂ ਨਾਲ?”
“ਹਾਂ।”
ਮਾਂ ਸੋਚੀਂ ਪੈ ਗਈ, ‘‘ਪਹਿਲੇ ਮੁਲਕ ਵਿੱਚ ਤਾਂ ਅਸੀਂ ਜਾਨਵਰਾਂ ਨੂੰ ਐਨੀ ਆਜ਼ਾਦੀ ਕਦੀ ਨਹੀਂ ਸੀ ਦੇਖੀ। ਪੰਛੀਆਂ ਨੂੰ ਫੜਨ ਲਈ ਲੋਕ ਜਾਲ ਵਿਛਾਈ ਬੈਠੇ ਹੁੰਦੇ ਸਨ। ਪਿੰਜਰੇ ਵਿੱਚ ਬੰਦ ਕਰ ਲੈਂਦੇ ਸਨ। ਪੰਛੀਆਂ ਨੂੰ ਵੇਚਦੇ ਸਨ। ਇੱਥੇ ਇੱਕ ਦਿਨ ਚੋਗਾ ਨਾ ਪਾਓ, ਪੰਛੀ ਸਾਡੀ ਬਾਰੀ ਕੋਲ ’ਕੱਠੇ ਹੋ ਜਾਂਦੇ ਹਨ। ਇੱਥੇ ਨਾਂ ਬਿੱਲੀ ਪੈਂਦੀ ਹੈ ਨਾ ਕੁੱਤਾ।”
ਐਨੇ ਨੂੰ ਬਾਹਰ ਵਿਹੜੇ ਦੇ ਅੱਧ ਖੁੱਲ੍ਹੇ ਦਰਵਾਜ਼ੇ ਥਾਣੀਂ ਇੱਕ ਲੂੰਬੜੀ ਦਾ ਬੱਚਾ, ਗਗਨ ਦੇ ਪਿਛਲੇ ਕਮਰੇ ਅੰਦਰ ਆ ਵੜਿਆ। ਕਮਰੇ ਵਿੱਚ ਪਏ ਪਲਾਸਟਿਕ ਦੇ ਜਾਲੀਦਾਰ ਥੈਲੇ ਵਿੱਚ ਮੂੰਹ ਮਾਰਨ ਲੱਗਾ। ਥੈਲੇ ਵਿੱਚ ਉਸ ਦੀ ਗਰਦਨ ਫਸ ਗਈ ਸੀ। ਕੋਸ਼ਿਸ਼ ਕਰਨ ਦੇ ਬਾਵਜੂਦ ਉਹ ਥੈਲੇ ਦੇ ਜਾਲੀ ਜਿਹੇ ਧਾਗਿਆਂ ਵਿੱਚ ਹੋਰ ਉਲਝ ਗਿਆ। ਲੱਗਾ ਚੀਕਾ ਮਾਰਨ। ਚੀਕਾਂ ਸੁਣ ਕੇ ਸਾਰੇ ਜਾਣੇ ਪਿਛਲੇ ਕਮਰੇ ਵਿੱਚ ਆ ਗਏ। ਬੱਚੇ ਨੂੰ ਦੇਖ ਕੇ ਮਾਂ ਬੋਲੀ, “ਤੂੰ ਅੱਜ ਕਿੱਥੋਂ ਆ ਗਿਆ, ਨਿੱਕੇ ਲੂੰਬੜਾ?” ਜਿਵੇਂ ਮਾਂ ਉਸ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ।
ਥੈਲੇ ਦੇ ਜਾ਼ਲ ਵਿੱਚ ਫਸਿਆ ਲੂੰਬੜੀ ਦਾ ਬੱਚਾ ਗਗਨ ਦੀ ਮਾਂ ਵੱਲ ਮੁਟਰ ਮੁਟਰ ਦੇਖੀ ਜਾਵੇ। ਜਿਵੇਂ ਕਹਿ ਰਿਹਾ ਸੀ, ‘‘ਜੇ ਤੂੰ ਬਾਹਰ ਬਰੈੱਡ ਦੇ ਟੁਕੜੇ ਰੱਖ ਦਿੰਦੀ, ਮੈਂ ਖਾ ਕੇ ਬਾਹਰੋਂ ਹੀ ਦੌੜ ਜਾਂਦਾ। ਨਾ ਮੈਂ ਅੰਦਰ ਆਉਂਦਾ, ਨਾ ਇਸ ਥੈਲੇ ਵਿੱਚ ਗਰਦਨ ਫਸਾਉਂਦਾ।”
ਮਾਂ ਜਿਵੇਂ ਅੱਖਾਂ ਅੱਖਾਂ ’ਚ ਕਹਿ ਰਹੀ ਸੀ, ‘‘ਤੂੰ ਕਿਹੜਾ ਰੋਜ਼ ਆਉਂਦੈ?” ਥੈਲੇ ਤੋਂ ਬੱਚੇ ਨੂੰ ਛੁਡਾਉਣ ਲਈ ਗਗਨ ਕੈਂਚੀ ਚੁੱਕ ਲਿਆਇਆ ਸੀ। ਉਸ ਨੇ ਪਹਿਲਾਂ ਥੈਲੇ ਦੇ ਧਾਗੇ ਕੱਟੇ ਅਤੇ ਨਿੱਕੇ ਲੂੰਬੜ ਦੇ ਮੂੰਹ ਵਿੱਚ ਨਿੱਕਾ ਜਿਹਾ ਪੱਟਾ ਪਾ ਲਿਆ। ਕਿਤੇ ਡਰ ਵਿੱਚ ਬੌਂਦਲਿਆ ਬੱਚਾ ਪਹੁੰਚਾ ਨਾ ਮਾਰ ਦੇਵੇ ਅਤੇ ਭੱਜ ਕੇ ਘਰ ਦੇ ਅੰਦਰ ਨਾ ਵੜ ਜਾਵੇ। ਮਾਂ ਨੇ ਪਟਾ ਫੜ ਲਿਆ। ਮਾਂ ਬੱਚੇ ਦੇ ਪਿੰਡੇ ’ਤੇ ਪਿਆਰ ਨਾਲ ਹੱਥ ਫੇਰਦੀ ਰਹੀ। ਗਗਨ ਨੇ ਕੈਂਚੀ ਨਾਲ ਥੈਲੇ ਦੇ ਧਾਗੇ ਕੱਟ ਦਿੱਤੇ। ਬੱਚੇ ਦਾ ਮੂੰਹ ਬਾਹਰ ਕੱਢਿਆ। ਪਹੁੰਚੇਂ ਬਾਹਰ ਕੱਢੇ। ਬੱਚਾ ਹੁਣ ਰਾਹਤ ਮਹਿਸੂਸ ਕਰ ਰਿਹਾ ਸੀ। ਗਗਨ ਦੀ ਮਾਂ ਬਾਟੀ ਵਿੱਚ ਦੁੱਧ ਪਾ ਲਿਆਈ ਅਤੇ ਬੱਚੇ ਦੇ ਮੂਹਰੇ ਰੱਖ ਦਿੱਤਾ। ਬੱਚਾ ਝੱਟ ਦੁੱਧ ਪੀ ਗਿਆ। ਪੇਟ ਭਰਨ ’ਤੇ ਉਸ ਦੀਆਂ ਅੱਖਾਂ ਚਮਕ ਉੱਠੀਆਂ। ਉਹ ਇੱਕ ਟੱਕ ਮਾਂ ਦੇ ਮੂੰਹ ਵੱਲ ਦੇਖਣ ਲੱਗਾ। ਮਾਂ ਸਮਝ ਗਈ ਸੀ ਕਿ ਹੁਣ ਉਹ ਸਾਡੇ ਕੋਲੋਂ ਵਿਦਾ ਹੋਣਾ ਚਾਹੁੰਦਾ। ਮਾਂ ਨੇ ਉਸ ਨੂੰ ਪਲੋਸਿਆ ਅਤੇ ਗੋਦੀ ਚੁੱਕ ਲਿਆ। ਬਾਹਰ ਵਿਹੜੇ ਵਿੱਚ ਆ ਕੇ ਕਰੀਕ ਦੇ ਰੁੱਖਾਂ ਕੋਲ ਗਲ਼ੋਂ ਪਟਾ ਖੋਲ੍ਹ ਕੇ ਨਿੱਕੇ ਬੱਚੇ ਨੂੰ ਉੱਥੇ ਛੱਡ ਦਿੱਤਾ। ਬੱਚੇ ਨੇ ਮਾਂ ਵੱਲ ਦੇਖਿਆ। ਮਾਂ ਬੋਲੀ, ‘‘ਕੱਲ੍ਹ ਫੇਰ ਆਈਂ।”
“ਤੁਸੀਂ ਬਹੁਤ ਚੰਗੇ ਹੋ?” ਜਿਵੇਂ ਉਹ ਕਹਿ ਰਿਹਾ ਸੀ।
“ਤੂੰ ਵੀ ਬੜਾ ਕਿਊਟ ਲੱਗਦਾਂ।”
“ਮੇਰੀ ਮਾਂ ਮੈਨੂੰ ਲੱਭਦੀ ਪਾਗਲ ਹੋਗੀ ਹੋਊ, ਮੈਂ ਚੱਲਦਾਂ।” ਬੱਚਾ ਉੱਥੋਂ ਚਲਾ ਗਿਆ।
ਗਗਨ ਤੇ ਉਸ ਦੀ ਮਾਂ ਉਸ ਨੂੰ ਜਾਂਦੇ ਨੂੰ ਦੂਰ ਤੱਕ ਦੇਖਦੇ ਰਹੇ। ਬੱਚਾ ਵੀ ਪਿੱਛੇ ਮੁੜ ਮੁੜ ਦੇਖਦਾ ਰਿਹਾ। ਗਗਨ ਹੱਥ ਹਿਲਾ ਕੇ ਉਸ ਨੂੰ ‘ਬਾਏ ਬਾਏ’ ਕਰਦਾ ਰਿਹਾ। ਫੇਰ ਉਹ ਅੱਖੋਂ ਉਹਲੇ ਹੋ ਗਿਆ। ਗਗਨ ਨੇ ਦੇਖਿਆ ਕਿ ਦੂਰ ਇੱਕ ਲੂੰਬੜੀ, ਸ਼ਾਇਦ ਉਸ ਦੀ ਉਡੀਕ ਕਰ ਰਹੀ ਸੀ।
ਈਮੇਲ: mayer_hk@yahoo.com