ਇਤਿਹਾਸ ਨੂੰ ਵਰਤਮਾਨ ਨਾਲ ਜੋੜਦਾ ਹੈ ਸਾਹਿਤ: ਕਟਾਰੀਆ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਨਵੰਬਰ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਚੰਡੀ ਮੰਦਰ ਵਿੱਚ ਆਰਮੀ ਵਾਈਵਸ ਵੈੱਲਵੇਅਰ ਐਸੋਸੀਏਸ਼ਨ ਵੱਲੋਂ ਲਗਾਏ ਲਿਟਰੇਚਰ ਫੈਸਟੀਵਲ ਵਿੱਚ ਸ਼ਿਰਕਤ ਕੀਤੀ। ਸ੍ਰੀ ਕਟਾਰੀਆ ਨੇ ਐਸੋਸੀਏਸ਼ਨ ਵੱਲੋਂ ਲਿਟਰੇਚਰ ਫੈਸਟੀਵਲ ਕਰਵਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਫੈਸਟੀਵਲ ਨੌਜਵਾਨ ਪੀੜ੍ਹੀ ਲਈ ਇੱਕੋਂ ਥਾਂ ’ਤੇ ਪੁਰਾਣੇ ਸਾਹਿਤ ਦਾ ਮੰਚ ਪ੍ਰਦਾਨ ਕਰਦੇ ਹਨ। ਇਸ ਨਾਲ ਨੌਜਵਾਨਾਂ ਨੂੰ ਦੇਸ਼ ਦੇ ਸੂਰਵੀਰਾਂ ਅਤੇ ਹੋਰਨਾਂ ਵਿਅਕਤੀਆਂ ਵੱਲੋਂ ਦੇਸ਼ ਹਿੱਤ ਵਿੱਚ ਕੀਤੇ ਕੰਮਾਂ ਬਾਰੇ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਹਿਤ ਦੇਸ਼ ਦੇ ਇਤਿਹਾਸ ਨੂੰ ਵਰਤਮਾਨ ਨਾਲ ਜੋੜਨ ਅਤੇ ਭਵਿੱਖ ਦੀਆਂ ਯੋਜਨਾਵਾਂ ਦਾ ਆਧਾਰ ਤਿਆਰ ਕਰਦਾ ਹੈ।
ਸ੍ਰੀ ਕਟਾਰੀਆ ਨੇ ਨੌਜਵਾਨ ਪੀੜ੍ਹੀ ਨੂੰ ਸਾਹਿਤ ਨਾਲ ਜੁੜਨ ਅਤੇ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਲੇਖਕਾਂ ਨੂੰ ਵੀ ਦੂਰਅੰਦੇਸ਼ੀ ਸੋਚ ਦੇ ਨਾਲ ਕਿਤਾਬਾਂ ਲਿਖਣ ਦੀ ਅਪੀਲ ਕੀਤੀ ਤਾਂ ਜੋ ਉਹ ਕਿਤਾਬਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਦਸੇਰਾ ਬਣ ਸਕਣ। ਇਸ ਮੌਕੇ ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਨੇ ਫ਼ੌਜ ਦੇ ਜਵਾਨਾਂ ਵੱਲੋਂ ਲਗਾਈ ਹਥਿਆਰਾਂ ਦੀ ਪ੍ਰਦਰਸ਼ਨੀ ਦਾ ਨਿਰੀਖਣ ਕੀਤਾ। ਇਸ ਦੌਰਾਨ ਸ੍ਰੀ ਕਟਾਰੀਆ ਨੇ ਭਾਰਤੀ ਫ਼ੌਜ ਵਿੱਚ ਸ਼ਾਮਲ ਹੋਏ ਨਵੇਂ-ਨਵੇਂ ਹਥਿਆਰਾਂ ਤੇ ਡਰੋਨ ਵਰਗੇ ਆਧੁਨਿਕ ਉਪਕਰਨਾਂ ਬਾਰੇ ਜਾਣਕਾਰੀ ਹਾਸਲ ਕੀਤੀ। ਫੈਸਟੀਵਲ ਵਿੱਚ ਸ੍ਰੀ ਕਟਾਰੀਆ ਵੱਲੋਂ ਕਰਨਲ ਡੀਐੱਸ ਚੀਮਾ ਦੀ ਕਿਤਾਬ ‘ਸਿੱਖਾਂ ਦਾ ਸੈਨਿਕ ਇਤਿਹਾਸ: ਭੰਗਾਨੀ ਦੀ ਲੜਾਈ ਤੋਂ ਦੂਜੀ ਵਿਸ਼ਵ ਜੰਗ ਤੱਕ’ ਲੋਕ ਅਰਪਣ ਕੀਤੀ ਗਈ।