ਖ਼ਾਲਸਾ ਕਾਲਜ ਵਿੱਚ ਸਾਹਿਤ ਉਤਸਵ ਅਤੇ ਪੁਸਤਕ-ਮੇਲਾ
ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 21 ਨਵੰਬਰ
ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ 1947 ਦੀ ਵੰਡ ਨੂੰ ਸਮਰਪਿਤ ਸਾਹਿਤ ਉਤਸਵ ਅਤੇ ਪੁਸਤਕ-ਮੇਲੇ ਦੇ ਤੀਜੇ ਦਿਨ ਵੱਖ-ਵੱਖ ਪੈਨਲ ਚਰਚਾ ਰਾਹੀਂ ਸੰਤਾਲੀ ਦੀ ਵੰਡ ਦੇ ਕਾਰਨ ਅਤੇ ਇਸ ਦੇ ਪ੍ਰਭਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਤੀਜੇ ਦਿਨ ਦਾ ਆਰੰਭ ਸੰਤਾਲੀ ਦੀ ਵੰਡ: ਸਾਹਿਤ, ਇਤਿਹਾਸ ਅਤੇ ਰਾਜਨੀਤੀ ਸਿਰਲੇਖ ਨਾਲ ਸ਼ੁਰੂ ਹੋਇਆ। ਇਸ ਸੈਸ਼ਨ ਦੇ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਡਾ. ਹੀਰਾ ਸਿੰਘ ਨੇ ਵਿਦਵਾਨਾ ਨੂੰ ਫੁੱਲਾਂ ਦੇ ਗੁਲਦਸਤੇ ਦਿੱਤੇ। ਪੈਨਲ ਦੇ ਸੰਯੋਜਕ ਸਾਂਵਲ ਧਾਮੀ ਨੇ ਆਪਣੀ ਵਿਚਾਰ ਚਰਚਾ ਵਿਚ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਕਹਾਣੀ ਵਿੱਚ ਨਾਰੀਵਾਦੀ ਚੇਤਨਾ ਬਾਰੇ ਵਿਚਾਰ ਕਰਦਿਆਂ ਕਿਹਾ ਕਿ ਲਹਿੰਦੇ ਪੰਜਾਬ ਦੇ ਪੰਜਾਬੀ ਸਾਹਿਤ ਵਿਚ ਚੜ੍ਹਦੇ ਪੰਜਾਬ ਵਾਂਗ ਵਧੇਰੇ ਵਿਕਸਿਤ ਆਧਾਰ ਨਹੀਂ ਹਨ।
ਡਾ. ਕੁਲਜੀਤ ਸਿੰਘ ਜੰਜੂਆ ਨੇ ਕਿਹਾ ਕਿ ਮੇਰਾ ਸੰਤਾਲੀ ਦੀਆਂ ਘਟਨਾਵਾਂ ਨਾਲ ਗੂੜ੍ਹਾ ਰਿਸ਼ਤਾ ਹੈ ਕਿਉਂਕਿ ਮੈਂ ਉਸ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਜੋ ਸੰਤਾਲੀ ਦੀ ਵੰਡ ਸਮੇਂ ਪ੍ਰਭਾਵਿਤ ਹੋਏ। ਜੋ ਮੇਰੇ ਪੁਰਖਿਆਂ ਨੇ ਸੰਤਾਪ ਹੰਢਾਇਆ ਉਸ ਦੀ ਪੀੜ ਦਾ ਅਹਿਸਾਸ ਮੈਂ ਮਹਿਸੂਸ ਕਰ ਸਕਦਾ ਹਾਂ। ਵੰਡ ਦੀ ਮਾਰ ਦਾ ਸੰਤਾਪ ਹੰਢਾਉਂਦੇ ਹੋਏ ਵੀ ਸਾਡੇ ਪੁਰਖਿਆਂ ਨੇ ਹੌਸਲਾ ਨਹੀਂ ਛੱਡਿਆ। ਉਨ੍ਹਾਂ ਅੰਦਰ ਮੁੜ ਜੀਣ ਦੀ ਭਾਵਨਾ ਪ੍ਰਬਲ ਰੂਪ ਵਿਚ ਉਭਰਦੀ ਹੋਈ ਨਵੀਂ ਆਸ ਮੁੜ ਵਸੇਬੇ ਦੀ ਭਾਵਨਾ ਉਜਾਗਰ ਹੁੰਦੀ ਹੈ। ਡਾ. ਪਰਮਜੀਤ ਸਿੰਘ ਮੀਸ਼ਾ ਨੇ ਕਿਹਾ ਕਿ ਆਜ਼ਾਦੀ ਦਾ ਉਦੇਸ਼ ਪੂਰਨ ਰੂਪ ਵਿਚ ਸੁਤੰਤਰਤਾ ਸੀ, ਜਿਨ੍ਹਾਂ ਮਕਸਦਾਂ ਲਈ ਇਹ ਵਰਤਾਰਾ ਵਾਪਰਿਆ ਉਹ ਪੂਰੇ ਨਹੀਂ ਹੋ ਸਕੇ, ਆਜ਼ਾਦੀ ਦੀ ਭਾਵਨਾ ਨੇ ਇਕ ਨਵਾਂ ਰੂਪ ਅਖਤਿਆਰ ਕਰ ਲਿਆ।
ਰਵਿੰਦਰ ਸਿੰਘ ਨੇ ਪੰਜਾਬ ਦੀ ਵੰਡ ਬਾਰੇ ਕਿਹਾ ਕਿ ਪੰਜਾਬ ਦੀ ਵੰਡ ਸਮੇਂ ਪੰਜਾਬੀਆਂ ਨੂੰ ਪੁੱਛਿਆ ਵੀ ਨਹੀਂ ਗਿਆ ਕਿਉਂਕਿ ਉਨ੍ਹਾਂ ਕੋਲ ਰਾਜਨੀਤਕ ਸ਼ਕਤੀ ਦੇ ਆਧਾਰ ਨਹੀਂ ਸਨ। ਡਾ. ਯੋਗਰਾਜ ਅੰਗਰਿਸ਼ ਨੇ ਕਿਹਾ ਕਿ ਪੰਜਾਬ ਦੀ ਵੰਡ ਨਾਲ ਅਸੀਂ ਭਾਵੁਕ ਪੱਧਰ ’ਤੇ ਜੁੜੇ ਹੋਏ ਹਾਂ। ਪ੍ਰਸਿੱਧ ਵਿਦਵਾਨ ਅਤੇ ਇਤਿਹਾਸਕਾਰ ਡਾ. ਈਸ਼ਵਰ ਦਿਆਲ ਗੌੜ ਨੇ ਸੰਤਾਲੀ ਦੀ ਵੰਡ ਸਬੰਧੀ ਕਿਹਾ ਕਿ ਇਹ ਵੰਡ ਹੱਦਾਂ ਦੀ ਉਸਾਰੀ ਜਾਂ ਢਹਿ-ਢੇਰੀ ਨਾਲ ਸੰਬੰਧਿਤ ਹੈ? ਇਹ ਵਿਚਾਰਨ ਵਾਲਾ ਮਸਲਾ ਹੈ।
ਵਿਦਿਆਰਥੀਆਂ ਨੇ ਤਰਕਸ਼ੀਲ ਸਾਹਿਤ ਵਿੱਚ ਵਿਸ਼ੇਸ਼ ਦਿਲਚਸਪੀ ਵਿਖਾਈ
ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਚਲ ਰਹੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਤੀਜੇ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਲਾਈ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਨੂੰ ਵੱਡੀ ਗਿਣਤੀ ਵਿਚ ਪਾਠਕਾਂ ਅਤੇ ਵਿਦਿਆਰਥੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਤਰਕਸ਼ੀਲ ਸੁਸਾਇਟੀ ਦੇ ਸੂਬਾਈ ਆਗੂ ਸੁਮੀਤ ਸਿੰਘ ਅਤੇ ਸਥਾਨਕ ਇਕਾਈ ਮੁਖੀ ਜਸਪਾਲ ਬਾਸਰਕੇ ਨੇ ਦੱਸਿਆ ਕਿ ਮਿਆਰੀ ਪੁਸਤਕਾਂ ਸਾਡੇ ਵਿੱਚ ਸਿਆਣਪ, ਸਹਿਜਤਾ, ਸੰਜੀਦਗੀ ਅਤੇ ਸਾਂਝੀਵਾਲਤਾ ਦੀ ਭਾਵਨਾ ਪੈਦਾ ਕਰਦੀਆਂ ਹਨ। ਇਸ ਮੌਕੇ ਤਰਕਸ਼ੀਲ ਪੁਸਤਕ ਪ੍ਰਦਰਸ਼ਨੀ ਦੀ ਜ਼ਿੰਮੇਵਾਰੀ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਭਦੌੜ ਤੋਂ ਜਸਵੰਤ ਬੋਪਾਰਾਏ , ਜਲੰਧਰ ਜੋਨ ਦੇ ਮੁਖੀ ਮਾਸਟਰ ਸੁਰਜੀਤ ਟਿੱਬਾ,ਅੰਮ੍ਰਿਤਸਰ ਇਕਾਈ ਦੇ ਸੁਖਮੀਤ ਸਿੰਘ, ਮਾਸਟਰ ਬਲਦੇਵ ਰਾਜ ਵੇਰਕਾ,ਦਮਨਜੀਤ ਕੌਰ ਨੇ ਪੁਸਤਕ ਸਟਾਲ ਉਤੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ।