For the best experience, open
https://m.punjabitribuneonline.com
on your mobile browser.
Advertisement

ਸਾਹਿਤ, ਚੇਤਨਾ ਅਤੇ ਸ਼ਾਸਨ˗ਤੰਤਰ

09:21 PM Jun 23, 2023 IST
ਸਾਹਿਤ  ਚੇਤਨਾ ਅਤੇ ਸ਼ਾਸਨ˗ਤੰਤਰ
Advertisement

ਰਾਜੇਸ਼ ਸ਼ਰਮਾ

Advertisement

ਆਤਮ-ਹੱਤਿਆ ਕਰਨ ਤੋਂ ਪਹਿਲਾਂ ਵਰਜੀਨੀਆ ਵੁਲਫ਼ ਨੇ ਤਿੰਨ ਪੱਤਰ ਲਿਖੇ। ਦੋ ਆਪਣੇ ਪਤੀ ਲਿਓਨਾਰਡ ਵੁਲਫ਼ ਲਈ, ਇਕ ਭੈਣ ਵਨੈਸਾ ਲਈ। ਪਤੀ ਲਈ ਲਿਖੇ ਦੋ ਪੱਤਰ ਮਾਮੂਲੀ ਫ਼ਰਕ ਨੂੰ ਛੱਡ ਕੇ ਲਗਭਗ ਇੱਕੋ ਜਿਹੇ ਹਨ, ਪਰ ਉਸ ਲਈ ਇਹ ਫ਼ਰਕ ਮਾਮੂਲੀ ਨਹੀਂ ਸੀ। ਉਹ ਪਹਿਲੇ ਪੱਤਰ ਨਾਲ ਖ਼ੁਸ਼ ਨਹੀਂ ਸੀ। ਇਸ ਨੂੰ ਹੋਰ ਚੰਗਿਆਂ ਲਿਖਿਆ ਜਾਣਾ ਚਾਹੀਦਾ ਸੀ। ਉਸ ਨੂੰ ਲੱਗਿਆ ਹੋਵੇਗਾ ਕਿ ਲਿਖਤ ਚੰਗੀ ਹੋਣੀ ਚਾਹੀਦੀ ਹੈ, ਚਾਹੇ ਖ਼ੁਦਕੁਸ਼ੀ ਨੋਟ ਹੀ ਕਿਉਂ ਨਾ ਹੋਵੇ।

ਵੁਲਫ਼ ਦਾ ਆਖ਼ਰੀ ਖ਼ੁਦਕੁਸ਼ੀ ਨੋਟ ਬਿਹਤਰੀਨ ਵਾਰਤਕ ਦਾ ਨਮੂਨਾ ਹੈ। ਇਸ ਵਿੱਚ ਸਾਦਗੀ ਹੈ, ਸਪੱਸ਼ਟਤਾ ਹੈ, ਦਲੀਲ ਹੈ, ਜਜ਼ਬਾ ਹੈ, ਕਿਰਦਾਰ ਹੈ। ਵੁਲਫ਼ ਇਸ ਵਿੱਚ ਆਪਣੀ ਆਖ਼ਰੀ ਲੜਾਈ ਲੜ ਰਹੀ ਹੈ। ਲਿਖਤ ਦੀ ਸੁਚੇਤ ਵਿਉਂਤਬੰਦੀ ਨਾਲ ਪਾਗਲਪਣ ਨੂੰ ਹਰਾਉਣ ਦੀ ਲੜਾਈ।

ਉਹ ਮਰਨਾ ਨਹੀਂ ਸੀ ਚਾਹੁੰਦੀ। ਉਹ ਲਿਓਨਾਰਡ ਨੂੰ ਬੇਹੱਦ ਪਿਆਰ ਕਰਦੀ ਸੀ, ਜਿਵੇਂ ਉਹ ਉਸ ਨੂੰ ਕਰਦਾ ਸੀ। ਪਰ ਉਸ ਨੂੰ ਆਪਣਾ ਪੰਝੀ ਸਾਲ ਪੁਰਾਣਾ ਮਾਨਸਿਕ ਰੋਗ ਵਾਪਸ ਆਉਂਦਾ ਦਿਸ ਰਿਹਾ ਸੀ। ਹੁਣ ਉਸ ਲਈ ਲਿਖਣਾ ਵਸੋਂ ਬਾਹਰ ਹੋ ਰਿਹਾ ਸੀ। ਅੱਗੋਂ ਉਹ ਪੜ੍ਹ ਵੀ ਨਹੀਂ ਸਕੇਗੀ। ਉਸ ਨੇ ਵਰ੍ਹਿਆਂ ਦੀ ਲੰਮੀ ਸਾਧਨਾ ਕਰ ਕੇ ਸ਼ਬਦ ਕਮਾਇਆ ਸੀ। ਦੇਖਣਾ, ਸੋਚਣਾ, ਸਮਝਣਾ, ਮਹਿਸੂਸ ਕਰਨਾ, ਬਿਆਨ ਕਰਨਾ ਸਾਧਿਆ ਸੀ। ਉਸ ਨੇ ਕਿਸੇ ਵੇਲੇ ਲਿਖਿਆ ਸੀ: ‘ਵੱਡੇ ਹੋ ਜਾਣ ਦਾ ਮਤਲਬ ਹੁੰਦਾ ਹੈ ਕੁਝ ਭਰਮਾਂ-ਭੁਲੇਖਿਆਂ ਨੂੰ ਪਿੱਛੇ ਛੱਡ ਆਉਣਾ, ਤਾਂ ਜੋ ਕੋਈ ਹੋਰ ਭਰਮ˗ਭੁਲੇਖੇ ਪਾਲੇ ਜਾ ਸਕਣ’। ਰੌਸ਼ਨੀ ਵਿੱਚ ਅਜਿਹੇ ਇਸ਼ਨਾਨ ਤੋਂ ਬਾਅਦ ਚੇਤਨਾ ਦਾ ਮੁੜ ਗੰਧਲੇ, ਧੁੰਦਲੇ ਅਤੇ ਹਨੇਰੇ ਹੋ ਜਾਣਾ ਉਸ ਨੂੰ ਮਨਜ਼ੂਰ ਨਹੀਂ ਸੀ। ਜ਼ਾਹਿਰ ਹੈ ਉਹ ਹਨੇਰਿਆਂ ਤੋਂ ਭੈਅ ਨਹੀਂ ਸੀ ਖਾਂਦੀ। ਉਸ ਨੂੰ ਭਾਸ਼ਾ ਦੇ ਸਾਥ ਛੱਡ ਦੇਣ ਦਾ ਭੈਅ ਸੀ ਜਿਸ ਦੀ ਪੌੜੀ ਲਾ ਕੇ ਉਹ ਆਪਣੇ ਨਰਕ ਅੰਦਰ ਵੀ ਉਤਰੀ ਸੀ। ‘ਮਿਸਜ਼ ਡੈਲੋਵੇਅ’ ਇਸੇ ਯਾਤਰਾ ਦਾ ਨਾਵਲ ਹੈ। ਸ਼ਬਦ ਉਸ ਦੀਆਂ ਇੰਦਰੀਆਂ ਸਨ, ਗਿਆਨ ਅਤੇ ਕਰਮ ਇੰਦਰੀਆਂ। ਬਿਨਾਂ ਸਾਫ਼ ਦੇਖੇ ਜ਼ਿੰਦਗੀ ਦੀ ਰਾਹ ਉੱਪਰ ਕਿਵੇਂ ਤੁਰਦੀ ਰਹਿੰਦੀ ਉਹ? ਪਰ ਸ਼ਬਦ ਉਸ ਨੂੰ ਛੱਡ ਕੇ ਜਾ ਰਹੇ ਸਨ। ਚੇਤਨਾ ਦੇ ਦੀਵੇ ਬੁਝ ਰਹੇ ਸਨ। ਉਸ ਨੇ ਆਪਣੀਆਂ ਜੇਬਾਂ ਵਿਚ ਪੱਥਰ ਭਰ ਲਏ ਅਤੇ ਦਰਿਆ ਅੰਦਰ ਉਤਰ ਗਈ।

ਸਾਹਿਤ ਦਾ ਪਾਠ ਚੇਤਨਾ ਨੂੰ ਵਿਸਤਾਰ ਦਿੰਦਾ ਹੈ। ਇੱਕ ਸਦੀ ਪੁਰਾਣੀ ਔਵਨ ਬਾਰਨਫੀਲਡ ਦੀ ਇਹ ਗੱਲ ਹੈਰਲਡ ਬਲੂਮ ਸਾਡੇ ਸਮਿਆਂ ਵਿਚ ਦੁਹਰਾਉਂਦਾ ਹੈ। ਪਰ ਲਾਜ਼ਮੀ ਹੈ ਕਿ ਸਾਹਿਤਕਾਰ ਦੀ ਆਪਣੀ ਚੇਤਨਾ ਵੀ ਰਚਨਾ ਦੇ ਅਨੁਭਵ ਵਿੱਚ ਵਿਸਤਾਰ ਲੈਂਦੀ ਹੈ। ਜੇ ਸ਼ਬਦ ਚੇਤਨਾ ਦਾ ਘਰ ਹੈ ਤਾਂ ਸਾਹਿਤਕਾਰ ਨੂੰ ਚੇਤਨਾ ਦਾ ਮੁਹਾਫ਼ਿਜ਼ ਕਹਿਣਾ ਗ਼ਲਤ ਨਹੀਂ ਹੋਵੇਗਾ। ਸੱਭਿਅਤਾ ਦੀ ਤਰੱਕੀ ਸ਼ਬਦ-ਚਿੰਤਨ ਅਤੇ ਵਿਸਤਾਰ ਨਾਲ ਡੂੰਘਿਆਂ ਜੁੜੀ ਹੋਈ ਹੈ ਕਿਉਂਕਿ ਮਨੁੱਖੀ ਚੇਤਨਾ ਸ਼ਬਦ ਵਿੱਚ ਰੂਪ ਲੈਂਦੀ ਹੈ। ਚੇਤਨਾ ਦਾ ਸਵੈ-ਰੂਪ ਸ਼ਬਦ ਹੈ।

ਸੱਭਿਅਤਾ ਵਾਰ-ਵਾਰ ਉੱਥੇ ਜਾ ਪਹੁੰਚੀ ਹੈ ਜਿੱਥੇ ਸ਼ਾਸਨ-ਤੰਤਰ ਅਤੇ ਮਨੁੱਖੀ ਚੇਤਨਾ ਵਿਚ ਤਣਾਅ ਪੈਦਾ ਹੁੰਦਾ ਰਿਹਾ ਹੈ। ਸ਼ਾਸਨ-ਤੰਤਰ ਦਾ ਸੁਭਾਅ ਹੈ ਦਾਬਾ ਰੱਖਣਾ, ਨਿਯੰਤਰਣ ਰੱਖਣਾ। ਖੁੱਲ੍ਹੇ ਸ਼ਾਸਨ-ਤੰਤਰ ਚੇਤਨਾ ਦੇ ਵਿਸਤਾਰ ਨੂੰ ਇੱਕ ਚੰਗੇ ਮੌਕੇ ਵਜੋਂ ਦੇਖਦੇ ਹਨ। ਤੰਗਦਿਲ ਅਤੇ ਨਿੱਕੇ ਜ਼ਿਹਨ ਵਾਲੇ, ਭਾਵ ਤਾਨਾਸ਼ਾਹੀ, ਸ਼ਾਸਨ-ਤੰਤਰ ਇਸੇ ਲਈ ਸਾਹਿਤ ਤੋਂ ਭੈਅ ਖਾਂਦੇ ਹਨ। ਹੈਰਾਨੀ ਦੀ ਗੱਲ ਨਹੀਂ ਕਿ ਨਿਰੰਕੁਸ਼ ਸ਼ਾਸਨ-ਤੰਤਰ ਤਕਨਾਲੋਜੀ ਤੋਂ ਨਹੀਂ ਡਰਦੇ, ਪਰ ਸਾਹਿਤ ਤੋਂ ਡਰਦੇ ਹਨ। ਕਿਉਂਕਿ ਸਾਹਿਤ ਵਿੱਚ ਸ਼ਬਦ ‘ਵਰਤੇ ਜਾਣ’ ਦੀ, ਇਸਤੇਮਾਲ ਮਾਤਰ ਕੀਤੇ ਜਾਣ ਦੀ ਮਨਸ਼ਾ ਨੂੰ ਵੰਗਾਰਦਾ ਹੈ। ਦਰਅਸਲ, ਸਾਹਿਤ ਅੰਦਰ ਸ਼ਬਦ ਆਪਣੇ ਸਵੈ-ਰੂਪ ਦੀਆਂ ਸੰਭਾਵਨਾਵਾਂ ਨੂੰ ਜਿਉਂਦਾ ਹੈ। ਉਹ ਰੂਪ ਹੈ ਚੇਤਨਾ ਦੇ ਦੁਮੇਲਾਂ ਦਾ ਨਿਰੰਤਰ ਵਿਸਤਾਰ। ਤਾਨਾਸ਼ਾਹੀ ਸ਼ਾਸਨ-ਤੰਤਰ ਜਨ ਚੇਤਨਾ ਨੂੰ ਸ਼ਬਦ ਚੇਤਨਾ ਦੇ ਅਸੀਮ ਵਿਸਤਾਰ ਦੀਆਂ ਸੰਭਾਵਨਾਵਾਂ ਤੋਂ ਵਾਂਝਿਆਂ ਰੱਖਣ ਲਈ ਯਤਨ ਕਰਦਾ ਰਹਿੰਦਾ ਹੈ।

ਇਸ ਲਈ ਸਾਹਿਤ ਰਚਨਾ ਦੀ ਆਜ਼ਾਦੀ ਸਿਰਫ਼ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਨਹੀਂ। ਸੰਵੇਦਨਾ, ਜਿਸ ਵਿੱਚ ਵਿਚਾਰ ਅਤੇ ਭਾਵ ਸ਼ਾਮਿਲ ਹਨ, ਦੀਆਂ ਸੰਭਾਵਨਾਵਾਂ ਨੂੰ ਖੁੱਲ੍ਹਿਆਂ ਰੱਖਣ ਦੀ ਆਜ਼ਾਦੀ ਹੈ। ਇੰਝ ਇਹ ਚੇਤਨਾ ਦੇ ਹੋਰ ਵਿਸਤਾਰ ਦੀਆਂ ਸੰਭਾਵਨਾਵਾਂ ਨੂੰ ਸਾਂਭਣ, ਸਹੇਜਣ, ਪੋਸ਼ਿਤ ਕਰਨ ਦੀ ਆਜ਼ਾਦੀ ਹੈ।

ਇਹ ਆਮ ਧਾਰਨਾ ਹੈ ਕਿ ਸਾਹਿਤ ਇੱਕ ਸਿਰਜਣਾ ਹੈ। ਹਰ ਕੋਈ ਲਿਖਤ ਸਾਹਿਤਕ ਨਹੀਂ ਹੁੰਦੀ ਕਿਉਂਕਿ ਉਹ ਸਿਰਜਣਾਤਮਕ ਨਹੀਂ ਹੁੰਦੀ। ਪਰ ਸਿਰਜਣਾ ਕੀ ਹੈ? ਸਿਰਫ਼ ਪ੍ਰਗਟਾਵਾ ਤਾਂ ਸਿਰਜਣਾ ਨਹੀਂ ਹੋ ਸਕਦਾ ਕਿਉਂਕਿ ਪ੍ਰਗਟਾਵਾ ਤਾਂ ਉਸ ਦਾ ਹੁੰਦਾ ਹੈ ਜੋ ਪਹਿਲਾਂ ਹੀ ਹੈ। ਜਿਸ ਨੂੰ ਅਰਸਤੂ ਅਨੁਕਰਣ ਕਹਿੰਦਾ ਹੈ, ਉਹ ਵਿਸ਼ੇ-ਵਸਤੂ ਦੀ ਨਕਲ ਨਹੀਂ ਸਗੋਂ ਸਿਰਜਣਾ ਦੀ ਵਿਧੀ ਦਾ ਅਨੁਕਰਣ ਹੈ। ਇਸੇ ਲਈ ਅਰਸਤੂ ਕਾਵਿ ਨੂੰ ਵਿਗਿਆਨ ਅਤੇ ਦਰਸ਼ਨ ਸ਼ਾਸਤਰ ਦੇ ਬਰਾਬਰ ‘ਸੱਚ’ ਦਾ ਮਾਧਿਅਮ ਦੱਸਦਾ ਹੈ ਅਤੇ ਕਵੀ ਦੀ ਤੁਲਨਾ ਕਾਇਨਾਤ ਦੇ ਸਿਰਜਣਹਾਰ ਨਾਲ ਕਰਦਾ ਹੈ। ਉਸ ਅਨੁਸਾਰ ਕਲਾ ਦੇ ਮਾਅਨੇ ਹਨ, ਕੁਝ ਅਜਿਹਾ ਹੋਂਦ ਵਿੱਚ ਲਿਆਉਣਾ ਜੋ ਪਹਿਲਾਂ ਮੌਜੂਦ ਨਹੀਂ ਸੀ।

ਦੂਜੇ ਸ਼ਬਦਾਂ ਵਿੱਚ ਸਾਹਿਤ ਦੀ ਸਿਰਜਣਾ ਸ੍ਰਿਸ਼ਟੀ ਦਾ ਵਿਸਤਾਰ ਕਰਦੀ ਹੈ। ਜੋ ਕੁਝ ਹੈ, ਉਸ ਵਿੱਚ ਨਵਾਂ ਜੋੜਦੀ ਹੈ। ਤੰਤਰ ਦੀ ਪਰੰਪਰਾ ਵਿੱਚ ਸ੍ਰਿਸ਼ਟੀ ਨੂੰ ਨਾਦ ਅਤੇ ਬਿੰਦੂ ਦੇ ਵਿਸਤਾਰ ਦੇ ਰੂਪ ਵਿੱਚ ਦੇਖਿਆ ਗਿਆ ਹੈ। ਨਾਦ ਮੂਲ ਧੁਨੀ ਹੈ ਅਤੇ ਬਿੰਦੂ ਮੂਲ ਦ੍ਰਿਸ਼। ਨਾਦ ਅਤੇ ਬਿੰਦੂ ਦਾ ਇਹ ਸੰਕਲਪ ਸਾਹਿਤ ਦੇ ਰਚੇਤਾ ਅਤੇ ਪਾਠਕ, ਦੋਵਾਂ ਦਾ ਧਿਆਨ ਲਿਖਤ ਦੇ ਮੂਲ ਤੱਤਾਂ ਵੱਲ ਖਿਚਦਾ ਹੈ ਅਤੇ ਕਲਪਨਾ ਦੁਆਰਾ ਦੇਹ ਨੂੰ ਧਾਰਣ ਕਰਨ ਦੇ ਸਫ਼ਰ ਦੇ ਪੜਾਵਾਂ ਦੀ ਨਿਸ਼ਾਨਦੇਹੀ ਕਰਦਾ ਹੈ।

ਕੁਝ ਸਮਾਂ ਪਹਿਲਾਂ ਅੰਗਰੇਜ਼ੀ ਵਿੱਚ ਅਨੁਵਾਦ ਹੋਈ ਇਤਾਲਵੀ ਚਿੰਤਕ ਜੌਰਜੀਓ ਅਗਾਂਬਨ ਦੀ ਪੁਸਤਕ ‘ਜਦੋਂ ਘਰ ਸੜ ਕੇ ਸੁਆਹ ਹੋ ਜਾਏ’ ਵਿੱਚ ਭਾਸ਼ਾ ਦੇ ਰਾਜਨੀਤੀ ਅਤੇ ਕੰਮ-ਧੰਦੇ ਨਾਲ ਰਿਸ਼ਤਿਆਂ ਉਪਰ ਮਹੱਤਵਪੂਨ ਅੰਤਰ-ਦ੍ਰਿਸ਼ਟੀ ਮਿਲਦੀ ਹੈ। ਭਾਸ਼ਾ ਨੂੰ ਅੱਜਕੱਲ੍ਹ ਆਮ ਤੌਰ ਉੱਪਰ ਦੋ ਪੱਖਾਂ ਤੋਂ ਦੇਖਿਆ ਜਾਂਦਾ ਹੈ। ਇੱਕ ਹੈ ਪ੍ਰਾਪੇਗੰਡਾ, ਦੂਜਾ ਹੈ ਸੰਚਾਰ। ਇਨ੍ਹਾਂ ਤੋਂ ਪਰ੍ਹੇ ਭਾਸ਼ਾ ਦੀ ਨਿਰੋਲ ਆਪਣੀ ਹਸਤੀ ਵੀ ਹੁੰਦੀ ਹੈ। ਸਾਧਨ ਵਜੋਂ ਉਸ ਦੇ ਇਸਤੇਮਾਲ ਤੋਂ ਬਾਹਰ। ਕਾਵਿ ਉਹ ਥਾਂ ਹੈ ਜਿੱਥੇ ਭਾਸ਼ਾ ਦੀ ਨਿਰੋਲ ਹਸਤੀ ਸੰਭਾਲ ਕੇ, ਬਚਾ ਕੇ ਰੱਖੀ ਹੁੰਦੀ ਹੈ, ਰੱਖੀ ਜਾ ਸਕਦੀ ਹੈ, ਰੱਖੀ ਜਾਂਦੀ ਹੈ। ਇਹੀ ਥਾਂ ਅੰਦਰ ਮਨੁੱਖ ਦੀ ਆਜ਼ਾਦੀ ਦਾ ਗਰਭ-ਗ੍ਰਹਿ ਹੁੰਦੀ ਹੈ। ਇਸੇ ਅੰਦਰ ਮਨੁੱਖੀ ਚੇਤਨਾ ਦੀਆਂ ਸੰਭਾਵਨਾਵਾਂ ਸੁਰੱਖਿਅਤ ਪਈਆਂ ਹੁੰਦੀਆਂ ਹਨ।

ਜਰਮਨ ਕਵੀ ਹਾਲਡਰਲਿਨ ਆਪਣੇ ‘ਪਾਗਲਪਣ’ ਵਿੱਚ ਭਾਸ਼ਾ ਦੀ ਨਿਰੋਲ ਹਸਤੀ ਨੂੰ ਸੰਭਾਲ ਰਿਹਾ ਸੀ। ਚੇਤਨਾ ਦੇ ਵਿਸਤਾਰ ਦੀਆਂ ਸੰਭਾਵਨਾਵਾਂ ਉੱਪਰ ਪਹਿਰਾ ਦੇ ਰਿਹਾ ਸੀ। ਉਹ ਪਾਗਲ ਨਹੀਂ ਸੀ। ਮਨੁੱਖੀ ਆਜ਼ਾਦੀ ਦਾ ਜਨੂੰਨੀ ਰਖਵਾਲਾ ਸੀ। ਵਰਜੀਨੀਆ ਵੁਲਫ਼ ਦੀ ਆਤਮ-ਹੱਤਿਆ ਚੇਤਨਾ ਉੱਪਰ ਮੰਡਰਾਉਂਦੇ ਲਕਵੇ ਦੇ ਪਰਛਾਵਿਆਂ ਤੋਂ ਆਉਂਦੇ ਭੈਅ ਦਾ ਨਤੀਜਾ ਸੀ। ਘਟੀ ਹੋਈ ਅਤੇ ਲੀਰੋ ਲੀਰ ਹੋ ਗਈ ਚੇਤਨਾ ਨਾਲ ਜ਼ਿੰਦਗੀ ਬਿਤਾਉਣ ਮਾਤਰ ਦੇ ਖ਼ਿਲਾਫ਼ ਬਗ਼ਾਵਤ ਸੀ।
ਸੰਪਰਕ: 78379-60942

Advertisement
Advertisement
Advertisement
×