ਖਾਲਸਾ ਕਾਲਜ ਵਿੱਚ ਸਾਹਿਤਕ ਅਨੁਵਾਦ ਵਰਕਸ਼ਾਪ
ਕੁਲਦੀਪ ਸਿੰਘ
ਨਵੀਂ ਦਿੱਲੀ, 14 ਅਕਤੂਬਰ
ਦਿੱਲੀ ਯੂਨੀਵਰਸਿਟੀ ਦੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿੱਚ ਆਈਕਿਊਏਸੀ ਦੇ ਸਹਿਯੋਗ ਨਾਲ ਪੰਜਾਬੀ ਅਤੇ ਅੰਗਰੇਜ਼ੀ ਵਿਭਾਗ ਵੱਲੋਂ ‘ਸਾਹਿਤਕ ਅਨੁਵਾਦ ਵਰਕਸ਼ਾਪ’ ਲਗਾਈ ਗਈ। ਇਸ ਦੀ ਸ਼ੁਰੂਆਤ ਕਾਲਜ ਦੀ ਰਵਾਇਤ ਅਨੁਸਾਰ ਸ਼ਬਦ ਗਾਇਨ ਨਾਲ ਹੋਈ। ਵਰਕਸ਼ਾਪ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਪਤਵੰਤਿਆਂ ਨੂੰ ਸਨਮਾਨਿਤ ਕੀਤਾ ਗਿਆ। ਪੰਜਾਬੀ ਵਿਭਾਗ ਦੀ ਕਨਵੀਨਰ ਡਾ. ਰਵਿੰਦਰ ਕੌਰ ਬੇਦੀ ਅਤੇ ਅੰਗਰੇਜ਼ੀ ਵਿਭਾਗ ਦੀ ਪ੍ਰੋਗਰਾਮ ਕੋਆਰਡੀਨੇਟਰ ਅਰਮੀਨ ਕੌਰ ਆਹੂਜਾ ਨੇ ‘ਐਨਈਪੀ-2020’ ਤਹਿਤ ਚੱਲ ਰਹੇ ‘ਭਾਸ਼ਾ ਅਤੇ ਅਨੁਵਾਦ’ ਨਾਲ ਸਬੰਧਤ ਕੋਰਸਾਂ ਬਾਰੇ ਜਾਣਕਾਰੀ ਦਿੰਦਿਆਂ ਸਾਹਿਤਕ ਅਨੁਵਾਦ ਵਰਕਸ਼ਾਪ ਦੇ ਮੁੱਖ ਉਦੇਸ਼ ਅਤੇ ਸਾਰਥਕਤਾ ਬਾਰੇ ਵਿਚਾਰ ਸਾਂਝੇ ਕੀਤੇ। ਕਾਲਜ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਬੰਸ ਸਿੰਘ ਨੇ ਦੱਸਿਆ ਕਿ ਦਿੱਲੀ ਕਿਵੇਂ ਭਾਸ਼ਾਵਾਂ ਰਾਹੀਂ ਸਾਹਿਤਕ ਆਦਾਨ-ਪ੍ਰਦਾਨ ਦਾ ਕੇਂਦਰ ਬਣ ਗਈ ਹੈ, ਖ਼ਾਸ ਕਰਕੇ ਵੰਡ ਤੋਂ ਬਾਅਦ। ਉਨ੍ਹਾਂ ਅੱਗੇ ਕਿਹਾ ਕਿ ਭਾਸ਼ਾ ਅਤੇ ਸਭਿਆਚਾਰਕ ਇਕਸੁਰਤਾ ਨੂੰ ਕਾਇਮ ਰੱਖਣ ਲਈ ਅਨੁਵਾਦ ਬਹੁਤ ਜ਼ਰੂਰੀ ਹੈ। ਰਾਜਨੀਤੀ ਸ਼ਾਸਤਰ ਵਿਭਾਗ ਤੋਂ ਪ੍ਰੋ. ਅਮਨਪ੍ਰੀਤ ਸਿੰਘ ਗਿੱਲ ਨੇ ਅਨੁਵਾਦ ਦੀ ਰਾਜਨੀਤੀ ਅਤੇ ਮਸ਼ੀਨੀ ਅਨੁਵਾਦ ਵਿੱਚ ਮਨੁੱਖੀ ਪ੍ਰਤਿਭਾ ਦੀ ਜ਼ਰੂਰੀ ਭੂਮਿਕਾ ਬਾਰੇ ਵਿਚਾਰ ਚਰਚਾ ਕੀਤੀ। ਇੱਕ ਅਨੁਵਾਦਕ ਵਜੋਂ ਸ਼ਿਰਕਤ ਕਰ ਰਹੇ ਡਾ. ਅਮਰਜੀਤ ਕੌਰ (ਅਮੀਆ ਕੁੰਵਰ) ਨੇ ‘ਕਾਵਿ ਅਨੁਵਾਦ ਵਿਚ ਦਰਪੇਸ਼ ਸਮੱਸਿਆਵਾਂ’ ਵਿਸ਼ੇ ’ਤੇ ਵਿਚਾਰ ਪੇਸ਼ ਕੀਤੇ। ਡਾ. ਅਮੀਆ ਨੇ ਪ੍ਰਸੰਗ ਦੀ ਘਾਟ, ਅਸੰਗਤ ਅਨੁਵਾਦ ਅਤੇ ਅਰਥ ਸਬੰਧੀ ਗਲਤੀਆਂ ਕਾਰਨ, ਗਲਤ ਅਨੁਵਾਦ ਦੇ ਪ੍ਰਭਾਵ ’ਤੇ ਵੀ ਧਿਆਨ ਦੇਣ ਤੇ ਜ਼ੋਰ ਦਿੱਤਾ। ਮੁੱਖ ਮਹਿਮਾਨ ਦੇ ਤੌਰ ’ਤੇ ਸੁਨੰਦਾ ਮਹਿਤਾ (ਲੇਖਕ, ਅਨੁਵਾਦਕ ਅਤੇ ਪੱਤਰਕਾਰ) ਅਤੇ ਮੀਰਾ ਚੱਢਾ ਬੋਰਵੰਕਰ (ਲੇਖਕ ਅਤੇ ਸਾਬਕਾ ਆਈਪੀਐੱਸ ਅਧਿਕਾਰੀ) ਨੇ ਅਨੁਵਾਦਿਤ ਪੁਸਤਕ ‘ਮੈਜੇਸਟਿਕ ਮਿਊਜ਼ਿੰਗਜ਼’ ਤੋਂ ਕਵਿਤਾ ਪਾਠ ਕੀਤਾ। ਸੁਨੰਦਾ ਮਹਿਤਾ ਨੇ ਦੱਸਿਆ ਕਿ ਕਿਵੇਂ ਉਹ ਆਪਣੇ ਪੜਦਾਦਾ (ਪੰਜਾਬੀ ਸਾਹਿਤ ਦੇ ਲੇਖਕ ਚਰਨ ਸਿੰਘ ਸ਼ਹੀਦ) ਦੀਆਂ ਕਵਿਤਾਵਾਂ ਤੋਂ ਪ੍ਰੇਰਿਤ ਹੋ ਕੇ, ਕਾਵਿ ਸੰਗ੍ਰਹਿ ‘ਬਾਦਸ਼ਾਹੀਆਂ’ ਦਾ ਪੰਜਾਬੀ ਤੋਂ ਅੰਗਰੇਜ਼ੀ ਵਿਚ ਅਨੁਵਾਦ ਕੀਤਾ। ਰਿਤਵਿਕ ਭੱਟਾਚਾਰਜੀ (ਕਨਵੀਨਰ, ਅੰਗਰੇਜ਼ੀ ਵਿਭਾਗ) ਨੇ ‘ਭਾਸ਼ਾ ਅਤੇ ਅਨੁਵਾਦ’ ਬਾਰੇ ਵਿਚਾਰ ਸਾਂਝੇ ਕੀਤੇ। ਅੰਤ ਵਿਚ ਪ੍ਰੋ. ਗੁਰਿੰਦਰ ਸਿੰਘ (ਪ੍ਰੋਫ਼ੈਸਰ, ਪੰਜਾਬੀ ਵਿਭਾਗ) ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਕਾਲਜ ਪ੍ਰਿੰਸੀਪਲ ਪ੍ਰੋ. ਗੁਰਮੋਹਿੰਦਰ ਸਿੰਘ ਦੀ ਅਗਵਾਈ ਹੇਠ ਸਮਾਪਤ ਹੋਈ ਵਰਕਸ਼ਾਪ ਵਿੱਚ 72 ਵਿਦਿਆਰਥੀਆਂ ਨੇ ਹਿੱਸਾ ਲਿਆ।