ਸਾਹਿਤ ਸਭਾ ਬਹਿਰਾਮਪੁਰ ਬੇਟ ਵੱਲੋਂ ਸਾਹਿਤਕ ਦੌਰ
ਸੰਜੀਵ ਬੱਬੀ
ਚਮਕੌਰ ਸਾਹਿਬ, 18 ਨਵੰਬਰ
ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਸ਼ਾਇਰ ਕੁਲਵਿੰਦਰ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਦੀ ਪਤਨੀ ਕੈਲਾਸ਼ ਕੌਰ, ਪੁਆਧ ਇਲਾਕੇ ਦੇ ਗ਼ਜ਼ਲਗੋ ਸੁਰਜੀਤ ਸਿੰਘ ਜੀਤ ਦੀ ਮੌਤ ਤੇ ਝਾਂਸੀ ਦੇ ਹਸਪਤਾਲ ਵਿੱਚ ਵਾਪਰੇ ਅਗਨੀ ਕਾਂਡ ਵਿੱਚ ਮਰੇ ਬੱਚਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਇਸ ਤੋਂ ਬਾਅਦ ਸੁਰਿੰਦਰ ਰਸੂਲਪੁਰ ਨੇ ਸਾਹਿਤ ਸਭਾ ਵਲੋਂ ਇਲਾਕੇ ਦੇ ਸਕੂਲਾਂ ਵਿੱਚ ਲਗਾਈਆਂ ਜਾ ਰਹੀਆਂ ਪੁਸਤਕ ਪ੍ਰਦਰਸ਼ਨੀਆਂ ਵਿੱਚ ਅਧਿਆਪਕਾਂ ਅਤੇ ਸਕੂਲੀ ਬੱਚਿਆਂ ਦੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ। ਇੱਕ ਹੋਰ ਮਤੇ ਰਾਹੀਂ ਸਭਾ ਨੇ ਜਨਵਰੀ 2025 ਵਿੱਚ ਬਾਲ ਕਵੀ ਦਰਬਾਰ ਕਰਵਾਉਣ ਦਾ ਫ਼ੈਸਲਾ ਲਿਆ।
ਇਸ ਦੌਰਾਨ ਕੁਲਵਿੰਦਰ, ਰਘਬੀਰ ਸਿੰਘ, ਮੋਹਣ ਲਾਲ ਰਾਹੀ, ਹਰਨਾਮ ਸਿੰਘ ਡੱਲਾ ਹਾਜ਼ਰੀਨ ਨੂੰ ਵੱਖ ਵੱਖ ਕਿਤਾਬਾਂ ਪੜ੍ਹਨ ਦੀ ਸਲਾਹ ਦਿੱਤੀ। ਮੈਂਬਰਾਂ ਵੱਲੋਂ ਸਭਾ ਦੇ ਖਜ਼ਾਨਚੀ ਅਜਮੇਰ ਫਿਰੋਜਪੁਰੀ ਦੀ ਪੁਸਤਕ ‘ਦਿ ਸਨ, ਦਿ ਅਰਥ ਐਂਡ ਦਿ ਮੈਨ’ ਦੇ ਲੋਕ ਅਰਪਣ ਦੀ ਵਧਾਈ ਦਿੱਤੀ। ਸਾਹਿਤਕ ਦੌਰ ਵਿੱਚ ਰਘਬੀਰ ਸਿੰਘ ਮਹਿਰਮ ਨੇ ਕਵਿਤਾ, ਹਰਨਾਮ ਸਿੰਘ ਡੱਲਾ ਨੇ ਗ਼ਜ਼ਲ, ਮੋਹਣ ਲਾਲ ਰਾਹੀ ਨੇ ਗੀਤ, ਕੁਲਵਿੰਦਰ ਨੇ ਕਵਿਤਾ, ਸੁਰਿੰਦਰ ਰਸੂਲਪੁਰ ਨੇ ਹਰਨਾਮ ਸਿੰਘ ਡੱਲਾ ਦੇ ਸਾਹਿਤ ਸਭਾਵਾਂ ਦੇ ਰੋਲ ਬਾਰੇ ਬਹਿਸ ਕੀਤੀ।