ਪੰਜਾਬੀ ਅਧਿਆਪਕ ਤੇ ਭਾਸ਼ਾ ਕਲਿਆਣ ਸੁਸਾਇਟੀ ਵੱਲੋਂ ਸਾਹਿਤਕ ਮਹਿਫਲ
ਰਤਨ ਸਿੰਘ ਢਿੱਲੋਂ
ਅੰਬਾਲਾ, 27 ਜੁਲਾਈ
ਪੰਜਾਬੀ ਅਧਿਆਪਕ ਅਤੇ ਭਾਸ਼ਾ ਕਲਿਆਣ ਸੁਸਾਇਟੀ ਦੀ ਰਾਜ ਪੱਧਰੀ ਮੀਟਿੰਗ ਛਾਊਣੀ ਦੇ ਫਾਰੂਕਾ ਖਾਲਸਾ ਸਕੂਲ ਵਿਚ ਪ੍ਰਦੇਸ਼ ਪ੍ਰਧਾਨ ਡਾ. ਕਰਨੈਲ ਚੰਦ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਿਥੇ ਹਰਿਆਣਾ ਦੇ ਸਕੂਲਾਂ ਵਿਚ ਪੰਜਾਬੀ ਅਧਿਆਪਨ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ’ਤੇ ਵਿਚਾਰ ਕੀਤਾ ਗਿਆ, ਉਥੇ ਸੰਸਥਾ ਦੀ ਅੰਬਾਲਾ ਇਕਾਈ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਵੀ ਕੀਤੀ ਗਈ। ਕਹਾਣੀਕਾਰ ਪਰਮਿੰਦਰ ਕੌਰ, ਪੰਜਾਬੀ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸਾਹਿਬ ਸਿੰਘ, ਤੇਜਿੰਦਰ ਸਿੰਘ ਕੈਥਲ, ਹੀਰਾ ਸਿੰਘ, ਅਸ਼ੋਕ ਕੁਮਾਰ ਸੈਣੀ, ਗੁਰਮੀਤ ਕਾਹਲੋਂ ਤੇ ਪੂਰਨ ਸਿੰਘ ਵੜੈਚ ਨੇ ਵਿਚਾਰ ਚਰਚਾ ਵਿਚ ਹਿੱਸਾ ਲਿਆ। ਇਸ ਬਹਿਸ ਨੂੰ ਸਮੇਟਦਿਆਂ ਖਾਲਸਾ ਸਕੂਲ ਦੇ ਪ੍ਰਿੰਸੀਪਲ ਆਗਿਆਪਾਲ ਸਿੰਘ ਨੇ ਕਿਹਾ ਕਿ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਵਿਦਿਆਰਥੀਆਂ ਵਿਚ ਪੰਜਾਬੀ ਦੀ ਪੜ੍ਹਾਈ ਪ੍ਰਤੀ ਲਗਨ ਪੈਦਾ ਕਰਨ। ਸੰਸਥਾ ਦੇ ਮੀਡੀਆ ਇੰਚਾਰਜ ਕਵੀ ਦਰਸ਼ਨ ਸਿੰਘ ਦਰਸ਼ੀ ਨੇ ਦੱਸਿਆ ਕਿ ਇਸ ਮੌਕੇ ਅੰਬਾਲਾ ਜ਼ਿਲ੍ਹਾ ਇਕਾਈ ਦਾ ਗਠਨ ਵੀ ਕੀਤਾ ਗਿਆ ਜਿਸ ਵਿਚ ਡਾ. ਅਸ਼ੋਕ ਲਾਂਬਾ ਨੂੰ ਪ੍ਰਧਾਨ, ਜਤਿੰਦਰ ਸਿੰਘ ਅਤੇ ਲਖਬੀਰ ਸਿੰਘ ਨੂੰ ਮੀਤ ਪ੍ਰਧਾਨ, ਕਵਿਤਰੀ ਗੁਰਪ੍ਰੀਤ ਕੌਰ ਨੂੰ ਸੱਕਤਰ, ਗਾਇਕ ਬਿੱਟੂ ਸ਼ਾਹਪੁਰੀ ਨੂੰ ਖ਼ਜ਼ਾਨਚੀ ਅਤੇ ਗੁਰਚਰਨ ਸਿੰਘ ਜੋਗੀ ਨੂੰ ਸਲਾਹਕਾਰ ਨਿਯੁਕਤ ਕੀਤਾ ਗਿਆ ਜਦੋਂ ਕਿ ਰਾਜੇਸ਼ ਕੁਮਾਰ ਤੇ ਅਜਾਇਬ ਸਿੰਘ ਨੂੰ ਜ਼ਿਲ੍ਹਾ ਕਮੇਟੀ ਵਿਚ ਮੈਂਬਰ ਵਜੋਂ ਨਾਮਜਦ ਕੀਤਾ ਗਿਆ। ਇਸ ਮੌਕੇ ਸ੍ਰੀ ਦਰਸ਼ੀ ਦੀ ਪਹਿਲੀ ਕਾਵਿ-ਪੁਸਤਕ ‘ਦਿਲ ਦੀ ਦਹਿਲੀਜ਼ ਤੋਂ’ ਵੀ ਰਿਲੀਜ਼ ਕੀਤੀ ਗਈ।