ਸਾਹਿਤ ਸਭਾ ਮਾਛੀਵਾੜਾ ਵੱਲੋਂ ਸਾਹਿਤਕ ਮਿਲਣੀ
ਪੱਤਰ ਪੇ੍ਰਕ
ਮਾਛੀਵਾੜਾ, 26 ਜੁਲਾਈ
ਸਾਹਿਤ ਸਭਾ ਮਾਛੀਵਾੜਾ ਦੀ ਸਾਹਿਤਕ ਇਕੱਤਰਤਾ ਸ੍ਰੀ ਸ਼ੰਕਰਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਭਾ ਦੇ ਪ੍ਰਧਾਨ ਟੀ. ਲੋਚਨ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਇੱਕ ਸ਼ੋਕ ਮਤੇ ਰਾਹੀਂ ਪ੍ਰਤੀਬੱਧ ਅਤੇ ਪ੍ਰਬੁੱਧ ਲੇਖਕ ਹਰਭਜਨ ਸਿੰਘ ਹੁੰਦਲ ਹੋਰਾਂ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿਚ ਸਭ ਤੋਂ ਪਹਿਲਾਂ ਅਵਤਾਰ ਸਿੰਘ ਉਟਾਲਾਂ ਨੇ ਗੀਤ ਅਤੇ ਕਵਿਤਾ ‘ਨਿੱਘ ਮਾਂ ਦੀ ਬੁੱਕਲ ਦਾ’ ਸੁਣਾਈ, ਲੇਖਕ ਰਘਬੀਰ ਸਿੰਘ ਭਰਤ ਨੇ ਲੇਖ ‘ਬਿਰਹਾ ਦਾ ਸੁਲਤਾਨ-ਸ਼ਿਵ ਕੁਮਾਰ’ ਪੜ੍ਹ ਕੇ ਸੁਣਾਇਆ, ਕਸ਼ਮੀਰ ਸਿੰਘ ਨੇ ਅਧਿਆਤਮਕ ਰੰਗਣ ਵਾਲਾ ਗੀਤ ਸੁਣਾਇਆ, ਡਾ. ਅਮਰਜੀਤ ਸਹਿਗਲ ਨੇ ਮਣੀਪੁਰ ਕਾਂਡ ’ਤੇ ਵਿਅੰਗ ਕਰਦੀ ਕਵਿਤਾ ‘ਭਗਵਾਨੀਅਤ’ ਸੁਣਾਈ, ਫਿਰ ਸ਼ਾਇਰ ਮਲਕੀਤ ਸਿੰਘ ਨੇ ਗ਼ਜ਼ਲ ‘ਮਹਿਕ ਤੇਰੀ ਹੋਂਦ ਨੇ ਐਸੀ ਖਿੰਡਾਈ ਰਾਤ ਭਰ’ ਸੁਣਾਈ ਜਿਸ ਦੀ ਪ੍ਰਸ਼ੰਸ਼ਾ ਹੋਈ। ਇਸ ਉਪਰੰਤ ਸਭਾ ਵਿਚ ਪਹੁੰਚੇ ਗੀਤਕਾਰ ਸ਼ੇਰ ਰਾਣਵਾਂ ਵਾਲਾ ਨੇ ਗੀਤ ‘ਇੱਕ ਕੁੜੀ’ ਸੁਣਾਇਆ, ਸ਼ਾਇਰ ਨਿਰੰਜਨ ਸੂਖਮ ਨੇ ਆਪਣੀ ਗ਼ਜ਼ਲ ‘ਜ਼ਰਾ ਵੀ ਉਫ਼ ਨਹੀਂ ਕਰਦੇ ਬੀਮਾਰੀ ਹੈ ਬੀਮਾਰਾਂ ਨੂੰ’ ਸੁਣਾਈ ਜਿਸ ਨੂੰ ਭਰਪੂਰ ਦਾਦ ਮਿਲੀ। ਫੇਰ ਸ਼ਾਇਰ ਟੀ. ਲੋਚਨ ਨੇ ਗ਼ਜ਼ਲ ‘ਖਾਸ ਹੈ ਕੁਝ ਹਰ ਮਨੁੱਖ ਵਿੱਚ ਹਰ ਮਨੁੱਖ ਅਵਾਮ ਹੈ’ ਸੁਣਾਈ ਜਿਸ ਦੀ ਕਾਫ਼ੀ ਪ੍ਰਸ਼ੰਸ਼ਾਂ ਹੋਈ। ਇਸ ਇਕੱਤਰਤਾ ਦਾ ਸੰਚਾਲਨ ਸਭਾ ਦੇ ਜਨਰਲ ਸਕੱਤਰ ਨਿਰੰਜਨ ਸੂਖਮ ਨੇ ਕੀਤਾ।