ਸਾਹਿਤਕ ਮੈਗਜ਼ੀਨ ‘ਅੱਖਰ’ ਲੋਕ ਅਰਪਣ
ਅੰਮ੍ਰਿਤਸਰ: ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ਵਿਸ਼ੇਸ਼ ਪ੍ਰੋਗਰਾਮ ਵਿੱਚ ਸਾਹਿਤਕ ਮੈਗਜ਼ੀਨ ‘ਅੱਖਰ’ ਦਾ ਸਤੰਬਰ-ਦਸੰਬਰ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਡਾ. ਮਨਜਿੰਦਰ ਸਿੰਘ, ਮੁਖੀ, ਪੰਜਾਬੀ ਅਧਿਐਨ ਸਕੂਲ ਨੇ ਕਿਹਾ ਕਿ ‘ਅੱਖਰ’ (ਸਾਹਿਤਕ ਮੈਗਜ਼ੀਨ) ਮੁੱਖ ਸੰਪਾਦਕ ਵਿਸ਼ਾਲ ਦੀ ਨਿਗਰਾਨੀ ਹੇਠ ਨਵੀਆਂ ਦਿਸ਼ਾਵਾਂ ਵੱਲ ਵਧ ਰਿਹਾ ਹੈ। ਡਾ. ਬਲਜੀਤ ਕੌਰ ਰਿਆੜ ਨੇ ਕਿਹਾ ਕਿ ‘ਅੱਖਰ’ ਮੈਗਜ਼ੀਨ ਦੇ ਮਕਬੂਲ ਹੋਣ ਦਾ ਜਿਹੜਾ ਸੁਪਨਾ ਸ਼ਾਇਰ ਪ੍ਰਮਿੰਦਰਜੀਤ ਨੇ ਲਿਆ ਸੀ, ਉਸ ਨੂੰ ਮੁੱਖ ਸੰਪਾਦਕ ਵਿਸ਼ਾਲ ਨੇ ਆਪਣੀ ਸਮੁੱਚੀ ਟੀਮ ਦੀ ਮਿਹਨਤ ਰਾਹੀਂ ਸਾਕਾਰ ਕੀਤਾ ਹੈ। ‘ਅੱਖਰ’ ਦੇ ਮੁੱਖ ਸੰਪਾਦਕ ਵਿਸ਼ਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਵਿੱਚ ‘ਅੱਖਰ’ ਦੇ ਨਵੇਂ ਅੰਕ ਦਾ ਲੋਕ-ਅਰਪਣ ਕਰਨਾ ਉਨ੍ਹਾਂ ਲਈ ਬੜੇ ਮਾਣ ਵਾਲੇ ਪਲ ਹਨ। ਇਸ ਮੌਕੇ ਡਾ. ਮਨਮੋਹਨ ਸਿੰਘ, ਪਰਵੀਨ ਪੁਰੀ, ਡਾਇਰੈਕਟਰ, ਲੋਕ ਸੰਪਰਕ ਵਿਭਾਗ, ਡਾ. ਪਵਨ ਕੁਮਾਰ, ਡਾ. ਇੰਦਰਪ੍ਰੀਤ ਕੌਰ, ਡਾ. ਅੰਜੂ ਬਾਲਾ ਤੋਂ ਇਲਾਵਾ ਹੋਰ ਪਤਵੰਤੇ ਅਤੇ ਵਿਦਿਆਰਥੀ ਤੇ ਖੋਜਾਰਥੀ ਹਾਜ਼ਰ ਸਨ। -ਪੱਤਰ ਪ੍ਰੇਰਕ