ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤਕ ਇਕੱਤਰਤਾ
ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 19 ਨਵੰਬਰ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਹਿਤ ਸਭਾ ਸੁਨਾਮ ਦੀ ਮਹੀਨਾਵਾਰ ਸਾਹਿਤਕ ਇਕੱਤਰਤਾ ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ। ਇਸ ਇਕੱਤਰਤਾ ਮੌਕੇ ਇਲਾਕੇ ਦੇ ਵੱਖ-ਵੱਖ ਬੁੱਧੀਜੀਵੀਆਂ ਅਤੇ ਲੇਖਕਾਂ ਨੇ ਹਿੱਸਾ ਲਿਆ। ਸਭਾ ਦੇ ਸਰਪ੍ਰਸਤ ਗਿਆਨੀ ਜੰਗੀਰ ਸਿੰਘ ਰਤਨ ਨੇ ਗੁਰੂ ਨਾਨਕ ਦੇਵ ਜੀ ਦੀ ਸਾਹਿਤਕ ਦੇਣ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਗੁਰਮੁਖੀ ਲਿਪੀ ਦੇ ਵਿਕਾਸ ਦੇ ਮੋਢੀ ਗੁਰੂ ਨਾਨਕ ਦੇਵ ਜੀ ਹਨ, ਜਿਨ੍ਹਾਂ ਨੇ ਆਪਣੀ ਉਚਾਰਨ ਕੀਤੀ ਬਾਣੀ ਨੂੰ ਲਿਖਣ ਲਈ ਗੁਰਮੁਖੀ ਲਿਪੀ ਨੂੰ ਪਹਿਲ ਦੇ ਕੇ ਇਸਦੇ ਵਿਕਾਸ ਦਾ ਮੁੱਢ ਬੰਨ੍ਹਿਆ। ਸਭਾ ਦੇ ਪ੍ਰਧਾਨ ਜਸਵੰਤ ਸਿੰਘ ਅਸਮਾਨੀ ਨੇ ਆਪਣੀ ਰਚਨਾ ਸਾਂਝੀ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਇਕੋ ਇਕ ਅਜਿਹੇ ਰਹਿਬਰ ਸਨ, ਜਿਨ੍ਹਾਂ ਦੀ ਮਾਨਵਵਾਦੀ ਰੂਹਾਨੀ ਰਹਿਬਰੀ ਨੂੰ ਬਿਨਾਂ ਕਿਸੇ ਮਜ਼੍ਹਬੋ ਮਿਲਤ ਦੇ ਕੁੱਲ ਸੰਸਾਰ ਨੇ ਤਸਲੀਮ ਕੀਤਾ। ਰਚਨਾਵਾਂ ਦੇ ਦੌਰ ਵਿੱਚ ਭੋਲਾ ਸਿੰਘ ਸੰਗਰਾਮੀ ਨੇ ਆਪਣੇ ਇਨਕਲਾਬੀ ਗੀਤ ਰਾਹੀਂ ਕੌਮੀ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਗੁਰਜੰਟ ਸਿੰਘ ਉਗਰਾਹਾਂ ਵੱਲੋਂ ਵਿਦਿਆਰਥੀਆਂ ਨੂੰ ਚੰਗੇ ਸੰਸਕਾਰ ਦੇਣ ਲਈ ਪ੍ਰੇਰਿਤ ਕੀਤਾ ਗਿਆ। ਗੁਰਮੀਤ ਸੁਨਾਮੀ ਨੇ ਮੰਡੀਆਂ ਵਿੱਚ ਕਿਸਾਨਾਂ ਦੇ ਝੋਨੇ ਦੀ ਹੋ ਰਹੀ ਬੇਕਦਰੀ ਬਾਰੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਬਲਜੀਤ ਸਿੰਘ ਬਾਂਸਲ, ਬੇਅੰਤ ਸਿੰਘ, ਅਵਤਾਰ ਸਿੰਘ ਉਗਰਾਹਾਂ, ਪ੍ਰੀਤ ਗੋਰਖਾ, ਜੰਗੀਰ ਸਿੰਘ ਰਤਨ, ਗੁਰਦਿਆਲ ਸਿੰਘ, ਬਲਵਿੰਦਰ ਸਿੰਘ ਜ਼ਿਲੇਦਾਰ, ਜਸਵੰਤ ਸਿੰਘ ਅਸਮਾਨੀ, ਗੁਰ ਕਮਲ ਪ੍ਰੀਤ ਸਿੰਘ ਅਤੇ ਹਨੀ ਸੰਗਰਾਮੀ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਨਾਲ ਸ਼ਾਨਦਾਰ ਹਾਜ਼ਰੀ ਲਗਵਾਈ।