ਪੰਜਾਬੀ ਸਾਹਿਤ ਸਭਾ ਵੱਲੋਂ ਸਾਹਿਤਕ ਇਕੱਤਰਤਾ
ਕੁਲਦੀਪ ਸਿੰਘ
ਨਵੀਂ ਦਿੱਲੀ, 11 ਨਵੰਬਰ
ਪੰਜਾਬੀ ਸਾਹਿਤ ਸਭਾ ਨੇ ਆਪਣੀ ਸਾਹਿਤਕ ਇਕੱਤਰਤਾ ਆਪਣੇ ਪੰਜਾਬੀ ਭਵਨ ਵਿਚ ਨਾਵਲਕਾਰ ਤੇ ਕਹਾਣੀਕਾਰ ਡਾ. ਬਲਜਿੰਦਰ ਨਸਰਾਲੀ (ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ) ਦੀ ਪ੍ਰਧਾਨਗੀ ਹੇਠ ਕਰਵਾਈ। ਮੰਚ ਸੰਚਾਲਕ ਤੇ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸੱਦੇ ਗਏ ਲੇਖਕਾਂ ਨਾਲ ਜਾਣ-ਪਛਾਣ ਕਰਾਉਂਦਿਆਂ ਦੱਸਿਆ ਕਿ ਪੰਜਾਬੀ, ਹਿੰਦੀ ਤੇ ਉਰਦੂ ਦੇ ਸ਼ਾਇਰ ਸੀਮਾਬ ਸੁਲਤਾਨਪੁਰੀ ਨੇ ਤਿੰਨ ਭਾਸ਼ਾਵਾਂ ਵਿੱਚ ਕਈ ਕਿਤਾਬਾਂ ਦੀ ਸਿਰਜਣਾ ਕੀਤੀ। ਉਨ੍ਹਾਂ ਦੇ ਸ਼ੇਅਰ, ‘ਆਈ ਤਾਂ ਹੁਮ ਹੁਮਾ ਕੇ, ਉਹ ਬਦਲੀ ਬਲਾ ਦੀ ਸੀ। ਚੱਲੀ ਨਾ ਪੇਸ਼ ਕੋਈ, ਹਕੂਮਤ ਹਵਾ ਦੀ ਸੀ।’ ਦੋ ਕਹਾਣੀ ਸੰਗ੍ਰਹਿ ਤੇ ਇਕ ਨਾਵਲ ਦੇ ਰਚਨਾਕਾਰ ਬਲਵਿੰਦਰ ਬਰਾੜ ਨੇ ‘ਮੈਡਮ ਦਾ ਕੁੱਤਾ’ ਨਾਂ ਦੀ ਵਿਅੰਗ ਭਰੀ ਕਹਾਣੀ ਸੁਣਾਈ, ਜੋ ਅਜੋਕੇ ਸਮਾਜ ਵਿਚ ‘ਕੁੱਤਾ ਕਲਚਰ’ ਨਾਲ ਸਬੰਧਤ ਸਥਿਤੀਆਂ ਨੂੰ ਖ਼ੂਬਸੂਰਤ ਅੰਦਾਜ਼ ਵਿੱਚ ਪੇਸ਼ ਕਰਦੀ ਸੀ। ਉਪਰੰਤ ਕੁਝ ਪੁਸਤਕਾਂ ਦੀ ਰਚਨਾਕਾਰ ਰਣਜੀਤ ਕੌਰ ਜੀਤ ਨੇ ਗਜ਼ਲਾਂ ਤੇ ਕਵਿਤਾਵਾਂ ਸੁਣਾਈਆਂ। ਡਾ. ਬਲਜਿੰਦਰ ਨਸਰਾਲੀ ਨੇ ਆਪਣੇ ਪ੍ਰਧਾਨਗੀ ਸ਼ਬਦਾਂ ਵਿੱਚ ਜ਼ਿੰਦਗੀ ’ਚ ਤਰੱਕੀ ਲਈ ਕਿਤਾਬਾਂ ਦੀ ਅਹਿਮੀਅਤ ਦੀ ਚਰਚਾ ਕਰਦਿਆਂ ਆਖਿਆ ਕਿ ਪੰਜਾਬੀ ਸਾਹਿਤ ਸਭਾ ਇਸ ਪਾਸੇ ਨਿੱਗਰ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਬਲਵਿੰਦਰ ਬਰਾੜ ਦੀ ਕਹਾਣੀ ‘ਮੈਡਮ ਦਾ ਕੁੱਤਾ’ ਨੂੰ ਸਾਹਿਤਕ ਇਕੱਤਰਤਾ ਦਾ ਹਾਸਲ ਦੱਸਿਆ। ਇਸ ਇਕੱਤਰਤਾ ਵਿੱਚ ਡਾ. ਰੇਣੁਕਾ ਸਿੰਘ (ਚੇਅਰਪਰਸਨ, ਪੰਜਾਬੀ ਸਾਹਿਤ ਸਭਾ), ਡਾ. ਜਸਵਿੰਦਰ ਕੌਰ ਬਿੰਦਰਾ, ਡਾ. ਬਲਜੀਤ ਰੈਣਾ, ਡਾ. ਜਗਤਾਰ ਜੀਤ ਸਿੰਘ, ਮਨਜੀਤ ਸਿੰਘ ਗਰਚਾ, ਅਮਨਦੀਪ ਸਿੰਘ, ਤਰਲੋਚਨ ਕੌਰ ਅਤੇ ਪ੍ਰਕਾਸ਼ਕ ਸ਼ਾਮਲ ਹੋਏ।