ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਸਾਹਿਤਕ ਸਮਾਗਮ
ਖੇਤਰੀ ਪ੍ਰਤੀਨਿਧ
ਸੰਗਰੂਰ, 28 ਅਕਤੂਬਰ
ਮਾਲਵਾ ਲਿਖਾਰੀ ਸਭਾ ਸੰਗਰੂਰ ਵੱਲੋਂ ਸਥਾਨਕ ਲੇਖਕ ਭਵਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਮੀਤ ਪ੍ਰਧਾਨ ਕੇਂਦਰ ਪੰਜਾਬੀ ਲੇਖਕ ਸਭਾ ਨੇ ਕੀਤੀ। ਸਮਾਗਮ ਵਿੱਚ ਖੇਤੀਬਾੜੀ ਕਿਸਾਨ ਫਰੰਟ ਪੰਜਾਬ ਦੇ ਪ੍ਰਧਾਨ ਮਹਿੰਦਰ ਸਿੰਘ ਭੱਠਲ ਨੇ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਅਤੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਪੰਥਕ ਕਵੀ ਲਾਭ ਸਿੰਘ ਝੱਮਟ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਦੇ ਕਲਿਆਣਕਾਰੀ ਮਿਸ਼ਨ ਨੂੰ ਅੱਗੇ ਤੋਰਨ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਵੱਡੀ ਭੂਮਿਕਾ ਸੀ। ਮੂਲ ਚੰਦ ਸ਼ਰਮਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸ਼ੁਰੂ ਹੋਏ ਸੰਵਾਦ ਨੂੰ ਵਿਆਪਕ ਰੂਪ ਦੇਣ ਦੀ ਲੋੜ ਹੈ। ਮਗਰੋਂ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ 24 ਨਵੰਬਰ ਨੂੰ ਡਾ. ਪ੍ਰੀਤਮ ਸੈਣੀ ਵਾਰਤਕ ਪੁਰਸਕਾਰ ਪੰਮੀ ਫੱਗੂਵਾਲੀਆ, ਲੋਕ ਕਵੀ ਸੰਤ ਰਾਮ ਉਦਾਸੀ ਪੁਰਸਕਾਰ ਸ੍ਰੀਮਤੀ ਵਿਰਕ ਪੁਸ਼ਪਿੰਦਰ ਨੂੰ, ਗੁਰਮੇਲ ਸਿੰਘ ਮਡਾਹੜ੍ਹ ਗਲਪ ਪੁਰਸਕਾਰ ਰਣਜੀਤ ਆਜ਼ਾਦ ਕਾਂਝਲਾ ਅਤੇ ਕਵੀ ਗੁਰਬੀਰ ਸਿੰਘ ਬੀਰ ਵਿਰਾਸਤੀ ਪੁਰਸਕਾਰ ਭਾਈ ਚਮਕੌਰ ਸਿੰਘ ਚਮਨ ਦੇ ਢਾਡੀ ਜਥੇ ਨੂੰ ਦੇਣ ਦਾ ਫੈਸਲਾ ਕੀਤਾ ਗਿਆ।